ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ’ਚ ਕਵਿਤਾ ਅਤੇ ਗਜਲਾਂ ਦਾ ਦੌਰ
ਜੀਰਾ/ ਫਿਰੋਜ਼ਪੁਰ, 19 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ/ ਜਸਪਾਲ ਸਿੰਘ ਪੰਨੂ) : ਪੰਜਾਬੀ ਸਾਹਿਤ ਸਭਾ (ਰਜ਼ਿ) ਜ਼ੀਰਾ ਦੀ ਮਾਸਿਕ ਇੱਕਤਰਤਾ ਜੀਵਨ ਮੱਲ ਸੀਨੀਅਰ ਸੈਕੰਡਰੀ ਮਾਡਲ ਹਾਈ ਸਕੂਲ (ਲੜਕੇ) ਜ਼ੀਰਾ ਵਿਖੇ ਸੁਖਚਰਨ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੇ ਸ਼ੁਰੂ ’ਚ ਕੁਲਵੰਤ ਜ਼ੀਰਾ ਦੇ ਮਾਤਾ ਜੀ ਆਗਿਆਵੰਤੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਗ਼ਜ਼ਲ ਉਸਤਾਦ ਸ੍ਰੀ ਸੁਲੱਖਣ ਸਰਹੱਦੀ ਜੀ ਨੂੰ ਉਨ੍ਹਾਂ ਦੇ ਗ਼ਜ਼ਲ ਸੰਗ੍ਰਹਿ “ਦਰਦ ਬੋਲਦਾ ਹੈ” ਲਈ ਪੁਰਸਕਾਰ ਮਿਲਣ ’ਤੇ ਸਭਾ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਰਚਨਾਵਾਂ ਦੇ ਦੌਰ ’ਚ ਸਭ ਤੋਂ ਪਹਿਲਾਂ ਰਾਜ ਅਰੋੜਾ ਨੇ ਕਾਵਿ ਰਚਨਾ “ਕੋਈ ਆਪਣੇ ਹਿੱਸੇ ਦਾ ਅੰਬਰ ਭਾਲ ਰਿਹਾ ਹੈ” ਸੁਣਾਈ। ਰਜਿੰਦਰ ਔਲਖ ਨੇ ਕਵਿਤਾ “ਟੁੱਟੀਆਂ ਤਾਰਾਂ ਜੋੜ ਦੇਂਦੇ ਹਾਂ’’ ਸੁਣਾਈ। ਸੁਖਚਰਨ ਸਿੰਘ ਸਿੱਧੂ ਨੇ ਗ਼ਜ਼ਲ “ਵਫਾ ਮਿਲਣੀ ਬੜੀ ਔਖੀ, ਭਲੇ ਕਿਰਦਾਰ ਦੇ ਬਾਝੋ” ਸੁਣਾਈ। ਕੁਲਵੰਤ ਜ਼ੀਰਾ ਨੇ ਗ਼ਜ਼ਲ “ਕੋਈ ਨਾ ਕੋਈ ਅੱਗ ਤਪਾਈ ਰੱਖਦੇ ਨੇ” ਸੁਣਾਈ। ਹਰੀ ਦਾਸ ਚੌਹਾਨ ਨੇ ਕਵਿਤਾ “ਸੁੱਖਦੇ ਨੇ ਸੁੱਖਾਂ, ਦੁੱਖ ਕੋਈ ਨਾ ਹੋਵੇ” ਸੁਣਾਈ। ਇਸ ਤੋਂ ਇਲਾਵਾ ਵਰਿੰਦਰ ਜ਼ੀਰਾ , ਰੋਹਿਤ ਭਾਟੀਆ ਅਤੇ ਪਰਮਜੀਤ ਜ਼ੀਰਾ ਨੇ ਵੀ ਹਾਜ਼ਰੀ ਲਵਾਈ। ਤਾਰਾ ਸਿੰਘ ਨੇ ਆਪਣੀ ਕਾਵਿ ਵਿਅੰਗ “ ਸਾਊ ਨੁੰਹਾਂ” ਸੁਣਾਇਆ। ਪਿੱਪਲ ਸਿੰਘ ਜ਼ੀਰਾ ਨੇ ਕਾਵਿ ਰਚਨਾ “ ਭੋਲੀ ਭਾਲੀ ਦੁਨੀਆ ਲੁੱਟ ਲਈ, ਸੱਜਣ ਠੱਗਾਂ ਨੇ” ਸੁਣਾਈ।
ਇਸ ਉਪਰੰਤ ਜੀਵਨ ਸਿੰਘ ਹਾਣੀ ਨੇ ਗ਼ਜ਼ਲ” ਚੰਨ ਨਾ ਸਹੀ ਤਾਰੇ ਬੜੇ ਨੇ, ਅੰਬਰ ਤੇ ਹੋਰ ਵੀ ਨਜ਼ਾਰੇ ਬੜੇ ਨੇ” ਸੁਣਾਈ। ਬਲਵਿੰਦਰ ਸਿੰਘ ਬੀ. ਏ. ਨੇ ਆਪਣੀ ਕਾਵਿ ਰਚਨਾ’’ ਕਸਕ ਤੇਰੇ ਪਿਆਰ ਵਾਲੀ” ਸੁਣਾਈ। ਸੁਰਿੰਦਰ ਸਿੰਘ ਮਰਖਾਈ ਨੇ ਗੀਤ “ਯਾਦਾਂ ਵਾਲੀ ਪਟਾਰੀ ਲੈ, ਜਦ ਇੱਕਲੇ ਬਹਿ ਜਾਈਏ” ਗਾ ਕੇ ਸੁਣਾਇਆ। ਸੁਖਵਿੰਦਰ ਸੁੱਖ ਨੇ ਕਵਿਤਾ “ਰੂਹ-ਦਾਸ” ਸੁਣਾਈ। ਰੋਹਿਤ ਭਾਟੀਆ ਨੇ “ਦੁਨੀਆ ਹੋ ਗਈ ਲੁੱਟਣ ਤੇ, ਅੰਨੀ ਦੌੜ ਹੈ ਪੈਸੇ ਦੀ” ਕਵਿਤਾ ਸੁਣਾਈ। ਜਗਜੀਤ ਝਤਰਾ ਨੇ ਆਪ ਬੀਤੀ ਸਣਾਈ। ਹਰਦੀਪ ਸਿੰਘ ਸ਼ੇਰ ਗਿੱਲ ਨੇ ਆਪਣੇ ਕੀਮਤੀ ਵਿਚਾਰ ਸੁਣਾਏ।
ਸਟੇਜ ਸੈਕਟਰੀ ਦੀ ਜਿੰਮੇਵਾਰੀ ਵਰਿੰਦਰ ਜ਼ੀਰਾ ਨੇ ਨਿਭਾਈ। ਹਰ ਰਚਨਾ ਤੇ ਉਸਾਰੂ ਚਰਚਾ ਹੋਈ। ਅੰਤ ’ਚ ਪ੍ਰਧਾਨ ਸੁਖਚਰਨ ਸਿੰਘ ਸਿੱਧੂ ਨੇ ਅਗਲੇ ਮਹੀਨੇ ਮੁੜ ਮਿਲਣ ਦੀ ਆਸ ਨਾਲ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।