Home » ਕਿਸਾਨਾਂ ਨਾਲ ਕਰੋੜਾਂ ਦੀ ਠੱਗੀ ਕਰ ਕੇ ਆੜ੍ਹਤੀ ਹੋਇਆ ਰਫੂਚੱਕਰ, ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

ਕਿਸਾਨਾਂ ਨਾਲ ਕਰੋੜਾਂ ਦੀ ਠੱਗੀ ਕਰ ਕੇ ਆੜ੍ਹਤੀ ਹੋਇਆ ਰਫੂਚੱਕਰ, ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

by Rakha Prabh
106 views

ਕਿਸਾਨਾਂ ਨਾਲ ਕਰੋੜਾਂ ਦੀ ਠੱਗੀ ਕਰ ਕੇ ਆੜ੍ਹਤੀ ਹੋਇਆ ਰਫੂਚੱਕਰ, ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ
ਮੂਨਕ, 9 ਅਕਤੂਬਰ : ਟੋਹਾਣਾ ’ਚ ਇਕ ਆੜ੍ਹਤੀ ਕਿਸਾਨਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਤੋਂ ਬਾਅਦ ਰਫੂਚੱਕਰ ਹੋ ਗਿਆ ਹੈ। ਇਸ ਸਬੰਧੀ ਇਕੱਠੇ ਹੋਏ ਵੱਡੀ ਗਿਣਤੀ ’ਚ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਆੜ੍ਹਤੀਏ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਜਾਣਕਾਰੀ ਅਨੁਸਾਰ ਟੋਹਾਣਾ ਦਾ ਆੜ੍ਹਤੀਆ ਫੂਲਦ, ਮਨਿਆਣਾ, ਹਾਂਡਾ ਆਦਿ ਪਿੰਡਾਂ ਦੇ ਕਿਸਾਨਾਂ ਨਾਲ ਠੱਗੀ ਮਾਰ ਕੇ ਰਫੂਚੱਕਰ ਹੋ ਗਿਆ ਹੈ। ਕਿਸਾਨ ਗੁਰਮੇਲ ਸਿੰਘ ਵਾਸੀ ਮਕੋਰੜ ਸਾਹਿਬ ਨੇ ਦੱਸਿਆ ਕਿ ਉਕਤ ਫਰਮ ਜੋ ਲੰਮੇ ਸਮੇਂ ਤੋਂ ਟੋਹਾਣਾ ਸ਼ਹਿਰ ’ਚ ਚੱਲਦੀ ਆ ਰਹੀ ਸੀ, ਵੱਲੋਂ 70-80 ਤੋਂ ਵੱਧ ਕਿਸਾਨਾਂ ਨਾਲ਼ ਤਕਰੀਬਨ 5 ਕਰੋੜ ਦੀ ਠੱਗੀ ਮਾਰੀ ਗਈ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਫਰਮ ਦੇ ਇਕ ਨਜ਼ਦੀਕੀ ਵੱਲੋਂ ਕਈ ਮਹੀਨੇ ਰਕਮ ਦਿਵਾਉਣ ਦਾ ਲਾਰਾ ਵੀ ਲਾ ਕੇ ਰੱਖਿਆ।

ਦੱਸਿਆ ਜਾ ਰਿਹਾ ਹੈ ਕਿ ਸਬੰਧਤ ਸ਼ਾਹੂਕਾਰ ਦੇ ਪਰਿਵਾਰ ਵੱਲੋਂ ਪੰਚਕੂਲਾ ਅਤੇ ਮੁਹਾਲੀ ਵਰਗੇ ਸ਼ਹਿਰਾਂ ’ਚ ਬਿਜ਼ਨਸ ਸ਼ੁਰੂ ਕਰ ਲਿਆ ਗਿਆ ਹੈ। ਸ਼ਹਿਰ ਦੀ ਆੜ੍ਹਤੀਆ ਐਸੋਸੀਏਸ਼ਨ ਦੇ ਮੌਜੂਦਾ ਅਤੇ ਸਾਬਕਾ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਨਾਲ ਪਿਛਲੇ ਸਮੇਂ ਦੌਰਾਨ ਮੀਟਿੰਗਾਂ ਵੀ ਕੀਤੀਆਂ ਜਾ ਚੁੱਕੀਆਂ ਹਨ ਪ੍ਰੰਤੂ ਕੋਈ ਹੱਲ ਨਹੀਂ ਨਿਕਲਿਆ।

ਕਿਸਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਕਿਸਾਨਾਂ ਵੱਲੋਂ ਐਸਡੀਐਮ ਅਤੇ ਡੀਐਸਪੀ ਦੇ ਧਿਆਨ ’ਚ ਇਹ ਮਾਮਲਾ ਲਿਆਂਦਾ ਜਾ ਚੁੱਕਿਆ ਹੈ ਤਾਂ ਸਬੰਧਤ ਅਧਿਕਾਰੀਆਂ ਵੱਲੋਂ ਹਰ ਵਾਰ ਪੜਤਾਲ ਜਾਰੀ ਹੈ, ਦੇ ਨਾਮ ’ਤੇ ਲਾਰੇ ਹੀ ਮਿਲਦੇ ਰਹੇ ਤਾਂ ਮਜਬੂਰ ਹੋ ਕੇ ਉਨ੍ਹਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਧਿਆਨ ’ਚ ਇਹ ਮਾਮਲਾ ਲਿਆਂਦਾ ਗਿਆ। ਇਸ ਮਾਮਲੇ ਬਾਰੇ ਜੀਵਨ ਕੁਮਾਰ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਟੋਹਾਣਾ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ, ਉਸ ਇਸ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦੇ ਹਨ।

ਇਸ ਮਾਮਲੇ ਬਾਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਮੂਨਕ ਇਕਾਈ ਦੇ ਆਗੂ ਰਿੰਕੂ ਮੂਨਕ ਨੇ ਕਿਹਾ ਕਿ ਯੂਨੀਅਨ ਦੇ ਆਗੂਆਂ ਕੋਲ ਇਹ ਮਾਮਲਾ ਆਇਆ ਸੀ ਜਿਸ ਸਬੰਧੀ ਟੋਹਾਣਾ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ ਗਿਆ ਸੀ ਪ੍ਰੰਤੂ ਪ੍ਰਸ਼ਾਸਨ ਵੱਲੋਂ ਕੋਈ ਪੁਖ਼ਤਾ ਕਾਰਵਾਈ ਕਰਨ ਦੀ ਥਾਂ ਟਾਲਮਟੋਲ ਨੀਤੀ ਅਪਣਾਈ ਗਈ ਜਿਸ ਤੋਂ ਮਜਬੂਰ ਹੋ ਕੇ ਬੀਕੇਯੂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪੀੜਤ ਕਿਸਾਨਾਂ ਨੂੰ ਇਨਸਾਫ਼ ਨਾ ਮਿਲਿਆ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ ਗਿਆ ਹੈ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰੀਕ ਗੰਢੂਆਂ, ਸੁਖਦੇਵ ਸਿੰਘ ਕੜੈਲ, ਬਲਵਿੰਦਰ ਮਨਿਆਣਾ, ਗਗਨ ਮੂਨਕ, ਮਿੱਠੂ ਹਾਂਡਾ,ਧਰਮਪਾਲ ਸਿੰਘ ਢੀਂਡਸਾ ਸਮੇਤ ਵੱਡੀ ਗਿਣਤੀ ’ਚ ਕਿਸਾਨ ਅਤੇ ਔਰਤਾਂ ਹਾਜ਼ਰ ਸਨ।

Related Articles

Leave a Comment