ਸਰਕਾਰ ਕਿਸਾਨਾਂ ਨੂੰ ਸਨਮਾਨ ਕਾਗਜ਼ ਦੇਣ ਦੀ ਬਜਾਏ ਪਰਾਲੀ ਨਾ ਸਾੜਨ ਤੋਂ ਰੋਕਣ ਲਈ ਸਾਧਨ ਦੇਵੇ : ਜਸਵੀਰ ਸਿੰਘ ਗੜ੍ਹੀ
ਚੰਡੀਗੜ੍ਹ, 19 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ/ ਜੇ ਐਸ ਸੋਢੀ) : ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਜਾਰੀ ਇਕ ਬਿਆਨ ’ਚ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਸਾੜਨ ਤੋਂ ਰੋਕਣ ਲਈ ਸਿਰਫ ਖਾਨਾਪੂਰਤੀ ਕਰਕੇ ਆਪਣਾ ਆਪ ਦਾ ਬਚਾਅ ਕਰ ਰਹੀ ਹੈ।
ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਿਸਾਨ ਮਜ਼ਬੂਰੀ ’ਚ ਬੇਬੱਸ ਹੋ ਕੇ ਅੱਗ ਲਗਾ ਰਹੇ ਹਨ, ਕਿਉਂਕਿ ਸਰਕਾਰ ਕਿਸਾਨਾਂ ਨੂੰ ਸਾਧਨ ਮੁਹੱਈਆ ਕਰਾਉਣ ’ਚ ਫੇਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਤ ਕਰਕੇ ਫੋਕੀ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਕਿਸਾਨਾਂ ਨੂੰ ਸਾਧਨ ਨਹੀਂ ਮਿਲੇ।
ਉਨ੍ਹਾਂ ਕਿਹਾ ਕਿ ਇਸ਼ਤਿਹਾਰਾਂ, ਫੋਕੇ ਦਿਖਾਵੇ ਦੇ ਪ੍ਰੋਗਰਾਮਾਂ ’ਤੇ ਪੈਸੇ ਖਰਚਣ ਦੀ ਬਜਾਏ ਕਿਸਾਨਾਂ ਨੂੰ ਸਾਧਨ ਮੁਹੱਈਆ ਕਰਵਾਏ, ਤਾਂ ਜੋ ਅੱਗ ਲਗਾਉਣ ਲਈ ਮਜ਼ਬੂਰ ਨਾ ਹੋਣ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਖੇਤਾਂ ਦੀ ਦੇਖਭਾਲ ਕਰਦੇ ਹੋਏ ਅੱਗ ਲਗਾਉਣ ਤੋਂ ਗੁਰੇਜ਼ ਕਰਨ ਅਤੇ ਲੋੜੀਂਦੇ ਸਾਧਨ ਲੈਣ ਲਈ ਲਈ ਸਰਕਾਰ ’ਤੇ ਦਬਾਅ ਬਣਾਉਣ ਸਬੰਧੀ ਸੰਘਰਸ਼ ਲਈ ਲਾਮਬੰਦ ਹੋਣ।