ਅੰਮ੍ਰਿਤਸਰ, 1 ਜੂਨ ( ਰਣਜੀਤ ਸਿੰਘ ਮਸੌਣ )
ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੇ ਸੂਬਾਈ ਸੱਦੇ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨਤਾਰਨ ਦੀਆਂ ਕੁੱਕ ਵਰਕਰਾਂ ਵੱਲੋਂ ਸੂਬਾ ਜਨਰਲ ਸਕੱਤਰ ਮਮਤਾ ਸ਼ਰਮਾ ਦੀ ਅਗਵਾਈ ਹੇਠ ਨਿਊ ਅੰਮ੍ਰਿਤਸਰ ਵਿਖੇ ਬਿਜਲੀ ਮੰਤਰੀ ਹਰਭਜਨ ਸਿੰਘ ਦੇ ਘਰ ਅੱਗੇ ਕੀਤੀ ਗਈ ਰੋਹ ਭਰਪੂਰ ਰੈਲੀ ਵਿੱਚ ਸ਼ਾਮਲ ਹੋਈਆਂ ਸੈਂਕੜੇ ਮਿਡ ਡੇ ਮੀਲ ਕੁੱਕ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਭਾਰੀ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੰਗ ਪੱਤਰ ਪ੍ਰਾਪਤ ਕਰਨ ਪਹੁੰਚੇ ਤਹਿਸੀਲਦਾਰ ਅੰਮ੍ਰਿਤਸਰ-1 ਵੱਲੋਂ ਬਿਜਲੀ ਮੰਤਰੀ ਨਾਲ ਗੱਲਬਾਤ ਕਰਕੇ ਜਲਦੀ ਹੀ ਜੱਥੇਬੰਦੀ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਸਰਬਜੀਤ ਕੌਰ ਭੋਰਛੀ, ਰਾਜ ਕੌਰ ਤਰਨਤਾਰਨ, ਪਰਮਜੀਤ ਕੌਰ ਵੈਰੋਵਾਲ ਅਤੇ ਹਰਜਿੰਦਰ ਕੌਰ ਗਹਿਰੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੁੱਕ ਵਰਕਰਾਂ ਨਾਲ਼ ਮਾਣ ਭੱਤਾ ਦੁੱਗਣਾ ਕਰਨ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨਾ ਤਾਂ ਦੂਰ ਦੀ ਗੱਲ ਹੈ, ਜਦਕਿ ਮਾਨ ਸਰਕਾਰ ਵੱਲੋਂ ਮਿਡ ਡੇ ਮੀਲ ਵਰਕਰਾਂ ਨੂੰ ਅੱਜ ਤੱਕ ਕਿਸੇ ਮੀਟਿੰਗ ਦਾ ਸੱਦਾ ਵੀ ਨਹੀਂ ਦਿੱਤਾ ਗਿਆ। ਉਹਨਾ ਨੇ ਕਿਹਾ ਕਿ ਮਿਡ ਡੇ ਮੀਲ ਵਰਕਰਾਂ ਦਾ ਸ਼ੋਸ਼ਣ ਪਹਿਲਾਂ ਵਾਂਗ ਹੀ ਬਾਦਸਤੂਰ ਜਾਰੀ ਹੈ।
ਰੈਲੀ ਵਿੱਚ ਜਸਵਿੰਦਰ ਕੌਰ ਮਹਿਤਾ, ਰਾਜਵਿੰਦਰ ਕੌਰ ਜੇਠੂਵਾਲ, ਕਵਲਜੀਤ ਕੌਰ ਲਸ਼ਕਰੀ ਨੰਗਲ, ਪਰਮਜੀਤ ਕੌਰ ਲਹਿਰਕਾ ਅਤੇ ਸਰਬਜੀਤ ਕੌਰ ਲੱਧਾ ਮੁੰਡਾ ਨੇ ਮੰਗ ਕੀਤੀ ਕਿ ਮਿਡ ਡੇ ਮੀਲ ਕੁੱਕ ਵਰਕਰਾਂ ‘ਤੇ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਲਾਗੂ ਕੀਤਾ ਜਾਵੇ, ਕੁੱਕ ਵਰਕਰਾਂ ਪਾਸੋਂ ਖਾਣਾ ਬਨਾਉਣ ਤੋਂ ਬਗੈਰ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ, ਬੱਚਿਆਂ ਦੀ ਗਿਣਤੀ ਘੱਟਣ ਦੇ ਬਹਾਨੇ ਹੇਠ ਵਰਕਰਾਂ ਦੀ ਛਾਂਟੀ ਕਰਨੀ ਬੰਦ ਕੀਤੀ ਜਾਵੇ ਅਤੇ ਛਾਂਟੀ ਕੀਤੀਆਂ ਵਰਕਰਾਂ ਬਹਾਲ ਕੀਤੀਆਂ ਜਾਣ, ਹਰੇਕ ਵਰਕਰ ਦਾ ਘੱਟੋ ਘੱਟ ਪੰਜ ਲੱਖ ਦਾ ਬੀਮਾ ਕੀਤਾ ਜਾਵੇ, ਵਰਕਰਾਂ ਨੂੰ ਤਨਖਾਹ ਸਮੇਤ 6 ਮਹੀਨੇ ਦੀ ਪ੍ਰਸੂਤਾ ਛੁੱਟੀ ਸਮੇਤ ਤਨਖ਼ਾਹ ਸਮੇਤ 20 ਅਚਨਚੇਤੀ ਛੁੱਟੀਆਂ ਅਤੇ 10 ਮੈਡੀਕਲ ਛੁੱਟੀਆਂ ਦਿੱਤੀਆਂ ਜਾਣ , ਸਾਲ ਵਿੱਚ ਦੋ ਵਾਰ ਵਰਦੀਆਂ ਦਿਤੀਆਂ ਜਾਣ।
ਰੈਲੀ ਨੂੰ ਬਲਬੀਰ ਕੌਰ ਖ਼ਤਰਾਏ, ਪ੍ਰੇਮ ਲਤਾ ਅੰਮ੍ਰਿਤਸਰ, ਦਲਜੀਤ ਕੌਰ ਕਟੜਾ ਕਰਮ ਸਿੰਘ, ਵਰਿੰਦਰ ਕੌਰ ਫੈਜ਼ਪੁਰਾ ਅਤੇ ਰਾਜ ਕੌਰ ਨਵਾਂ ਪਿੰਡ ਤੋਂ ਇਲਾਵਾ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ, ਅਸ਼ਵਨੀ ਅਵਸਥੀ, ਪ੍ਰਤਾਪ ਸਿੰਘ ਠੱਠਗੜ੍ਹ, ਗੁਰਬਿੰਦਰ ਸਿੰਘ ਖਹਿਰਾ, ਰਾਜੇਸ਼ ਪ੍ਰਾਸ਼ਰ, ਨਿਰਮਲ ਸਿੰਘ, ਅਮਰਦੀਪ ਸਿੰਘ ਤਰਨਤਾਰਨ ਅਤੇ ਜੰਗਲਾਤ ਆਗੂ ਗੁਰਦੀਪ ਸਿੰਘ ਤਾਹਰਪੁਰਾ ਆਦਿ ਨੇ ਵੀ ਸੰਬੋਧਨ ਕੀਤਾ