ਬਲਾਸਟ ਕਰਨ ਤੋਂ ਬਾਅਦ ਡਿੱਗੀ ਪਹਾੜੀ ਚੱਟਾਨ, ਕਈ ਗੱਡੀਆਂ ਅਤੇ ਲੋਕ ਦੱਬੇ
ਝਿਰਕਾ, 14 ਅਕਤੂਬਰ : ਹਰਿਆਣਾ ਦੇ ਨੂਹ (ਮੇਵਾਤ) ਜ਼ਿਲ੍ਹੇ ’ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਨੇੜਲੇ ਪਿੰਡ ਬਿਜਸਨਾ ’ਚ ਬੀਤੀ ਦੇਰ ਰਾਤ ਲਗਭਗ 7 ਵਿਅਕਤੀ ਮਿਨਰਲ ਵਰਕਸ (ਖਣਿਜ ਕਾਰਜਾਂ) ਨਾਲ ਜੁੜੀ ਪਹਾੜੀ ਚੱਟਾਨ ਹੇਠਾਂ ਦੱਬ ਗਏ।
ਪਹਾੜ ਡਿੱਗਣ ਕਾਰਨ ਲੋਕਾਂ ਤੋਂ ਇਲਾਵਾ 10 ਤੋਂ ਵੱਧ ਵਾਹਨ ਵੀ ਚੱਟਾਨ ਹੇਠਾਂ ਦੱਬ ਗਏ। ਮਲਬੇ ਹੇਠ ਦੱਬੇ ਵਿਅਕਤੀਆਂ ਨੂੰ ਕੱਢਣ ਲਈ ਮੌਕੇ ’ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਇਸ ਦੇ ਬਾਵਜੂਦ ਅਜੇ ਤਕ ਕੋਈ ਵੀ ਵਿਅਕਤੀ ਬਾਹਰ ਨਹੀਂ ਨਿਕਲ ਸਕਿਆ ਹੈ।
ਇਸ ਦੇ ਨਾਲ ਹੀ ਪਹਾੜੀ ਚੱਟਾਨ ਡਿੱਗਣ ਕਾਰਨ ਮਲਬੇ ’ਚ ਦੱਬੇ ਜਿਆਦਾਤਰ ਵਿਅਕਤੀ ਫਿਰੋਜਪੁਰ ਝੀਰਕਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਇਹ ਸਾਰੇ ਵਿਅਕਤੀ ਮਾਈਨਿੰਗ ਦੇ ਕੰਮ ਨਾਲ ਜੁੜੇ ਹੋਏ ਸਨ। ਅਚਾਨਕ ਵਾਪਰੇ ਇਸ ਹਾਦਸੇ ਕਾਰਨ ਆਸ-ਪਾਸ ਮੌਜੂਦ ਲੋਕ ਦਹਿਸਤ ’ਚ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜਪੁਰ ਝਿਰਕਾ ਸਬ-ਡਵੀਜਨ ਦੇ ਨਾਲ ਲੱਗਦੇ ਰਾਜਸਥਾਨ ਦੇ ਪਿੰਡ ਬਿਜਾਸਨਾ ’ਚ ਰਾਜਸਥਾਨ ਸਰਕਾਰ ਨੇ ਮਾਈਨਿੰਗ ਦੇ ਕੰਮ ਲਈ ਲੀਜ ਹੋਲਡਰਾਂ ਨੂੰ ਅਲਾਟ ਕੀਤਾ ਹੋਇਆ ਹੈ। ਵੀਰਵਾਰ ਦੇਰ ਰਾਤ ਇਨ੍ਹਾਂ ’ਚ ਬਲਾਸਟ ਕਰਕੇ ਪੱਥਰ ਨੂੰ ਹਟਾਇਆ ਜਾ ਰਿਹਾ ਸੀ ਕਿ ਅਚਾਨਕ ਪਹਾੜ ਦੀ ਇੱਕ ਵੱਡੀ ਚੱਟਾਨ ਹੇਠਾਂ ਮਾਈਨਿੰਗ ਦਾ ਕੰਮ ਕਰ ਰਹੇ ਲੋਕਾਂ ਦੇ ਉੱਪਰ ਆ ਗਈ। ਇਸ ਹਾਦਸੇ ’ਚ ਚੱਟਾਨ ਦੇ ਪੈਰਾਂ ’ਤੇ ਕੰਮ ਕਰ ਰਹੇ ਲੋਕ ਹੇਠਾਂ ਦੱਬ ਗਏ।