ਮਾਨਸਾ, 21 ਫਰਵਰੀ (ਰਾਖਾ ਪ੍ਰਭ ਬਿਉਰੋ ) ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਸੂਬਾ ਕਮੇਟੀ ਵੱਲੋਂ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ 25 ਫਰਵਰੀ 2025 ਨੂੰ ਮੁੱਖ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਮੁੱਖ ਦਫਤਰ ਚੰਡੀਗੜ੍ਹ ਵਿਖੇ ਧਰਨਾ ਦੇਣ ਦਾ ਐਲਾਨ ਕੀਤਾ ਹੈ । ਇਸ ਸਬੰਧੀ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਜੋਨ ਮਾਨਸਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰ ਸਿੰਘ ਮਾਹਲਾ ਅਤੇ ਜ਼ਿਲਾ ਜਨਰਲ ਸਕਤੱਰ ਜਸਪਿੰਦਰ ਸਿੰਘ ਰੱਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਦਰਸ਼ਨ ਸਿੰਘ ਨੰਗਲ, ਸੁਖਦੇਵ ਸਿੰਘ ਕੋਟਲੀ, ਜਗਦੇਵ ਸਿੰਘ ਮਾਨਸਾ, ਸੁਭਾਸ਼ ਚੰਦ ,ਗੁਰਦੀਪ ਸਿੰਘ ਬੁਢਲਾਡਾ , ਗੁਰਨੈਬ ਸਿੰਘ, ਗੁਰਚਰਨ ਸਿੰਘ ਬੁਢਲਾਡਾ, ਗੁਰਸੇਵਕ ਸਿੰਘ, ਮਨਪ੍ਰੀਤ ਸਿੰਘ ਭੀਖੀ, ਗੁਰਜੰਟ ਸਿੰਘ ਨਾਗਲਾ, ਬਲਜੀਤ ਸਿੰਘ ਬਰਨਾਲਾ, ਰਿਸੂਪਾਲ ਮਾਨਸਾ, ਕੁਲਵੰਤ ਸਿੰਘ, ਸੀਰਾ ਸਿੰਘ ਆਦਿ ਨੇ ਕਿਹਾ ਕਿ ਫੀਲਡ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਆਉਂਦੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਜਥੇਬੰਦੀ ਮੁੱਖ ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਚੰਡੀਗੜ੍ਹ ਨਾਲ ਮਿਤੀ 12 ਦਸੰਬਰ 2024 ਨੂੰ ਮੀਟਿੰਗ ਕੀਤੀ ਗਈ, ਪਰ ਮੀਟਿੰਗ ਦੌਰਾਨ ਹੋਏ ਫੈਸਲਿਆਂ ਸਬੰਧੀ ਨਾ ਕੋਈ ਫੀਲਡ ਮੁਲਾਜ਼ਮਾਂ ਦੇ ਮਸਲੇ ਹੱਲ ਕੀਤੇ ਗਏ ਅਤੇ ਨਾ ਹੀ ਉਸ ਮੀਟਿੰਗ ਦੀ ਕੋਈ ਪ੍ਰੋਸੀਡਿੰਗ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਦਫਤਰ ਦੀਆਂ ਜਾਰੀ ਹਦਾਇਤਾਂ ਨੂੰ ਦੇਖਦੇ ਹੋਏ ਸਰਕਲ ਪੱਧਰਾਂ ਉੱਤੇ ਫੀਲਡ ਮੁਲਾਜ਼ਮਾਂ ਦੇ ਕੰਮ ਹੋਣ ਸਬੰਧੀ ਆਗੂਆਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਸੀ ਅਤੇ ਅਧਿਕਾਰੀਆਂ ਨੇ ਫੀਲਡ ਮੁਲਾਜ਼ਮਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੰਗੀਆਂ ਮੰਗਾਂ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਮਹਿਕਮਾ ਸੀਵਰੇਜ ਬੋਰਡ ਦੇ ਸਰਵਿਸ ਰੂਲ ਬਣਾਏ ਜਾਣ ਅਤੇ ਦਰਜਾ ਚਾਰ ਕਰਮਚਾਰੀਆਂ ਤੇ ਪ੍ਰਮੋਸ਼ਨ ਚੈਨਲ ਲਾਗੂ ਕੀਤਾ ਜਾਵੇ, ਕੰਟਰੈਕਟ ਕਰਮਚਾਰੀਆਂ ਦੀਆਂ ਉਜ਼ਰਤਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਫੀਲਡ ਵਿੱਚ ਰੈਗੂਲਰ ਅਤੇ ਕੰਟਰੈਕਟ ਕਰਮਚਾਰੀਆਂ ਨੂੰ ਤਨਖਾਹ ਪਹਿਲ ਦੇ ਆਧਾਰ ਤੇ ਸਮੇਂ ਸਿਰ ਦੇਣ ਦਾ ਪ੍ਰਬੰਧ ਕੀਤਾ ਜਾਵੇ , ਸੇਵਾ ਮੁਕਤ ਕਰਮਚਾਰੀਆਂ ਦੇ ਰਹਿੰਦੇ ਬਕਾਏ ਜਲਦੀ ਦਿੱਤੇ ਜਾਣ ਖਾਲੀ ਪਈਆਂ ਪੋਸਟਾਂ ਭਰੀਆਂ ਜਾਣ ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ ਆਦਿ ਮੰਗ ਪੱਤਰ ਵਿੱਚ ਦਰਜ ਮੰਗਾਂ ਦੇ ਹੱਲ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਸੂਬਾ ਆਗੂ ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਜੇਕਰ ਰੋਸ ਧਰਨੇ ਤੋਂ ਪਹਿਲਾਂ ਜਥੇਬੰਦੀ ਨਾਲ ਗੱਲਬਾਤ ਕਰਕੇ ਮਸਲੇ ਹੱਲ ਨਾ ਕੀਤੇ ਗਏ ਤਾਂ ਦਿੱਤੇ ਗਏ ਉਕਤ ਨੋਟਿਸ ਅਨੁਸਾਰ ਮਿਤੀ 25ਫਰਵਰੀ 2025 ਨੂੰ ਮੁੱਖ ਦਫਤਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਚੰਡੀਗੜ੍ਹ ਵਿਖੇ ਧਰਨਾ ਦਿੱਤਾ ਜਾਵੇਗਾ। ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਫੀਲਡ ਮੁਲਾਜ਼ਮ ਸ਼ਮੂਲੀਅਤ ਕਰਨਗੇ।
76
