ਫਿਰੋਜ਼ਪੁਰ 16 ਅਗਸਤ (ਗੁਰਪ੍ਰੀਤ ਸਿੰਘ ਸਿੱਧੂ)
ਐਮਬਰੋਜ਼ੀਅਲ ਪਬਲਿਕ ਸਕੂਲ ਵਿੱਚ ਭਗਵਾਨ ਕ੍ਰਿਸ਼ਨ ਦੇ ਜਨਮ ਉਤਸਵ “ਸ਼੍ਰੀ ਕ੍ਰਿਸ਼ਣ ਜਨਮ ਅਸ਼ਟਮੀ” ਨੂੰ ਬੜੇ ਹੀ ਸ਼ਰਧਾ, ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਨਿੱਕੇ–ਨਿੱਕੇ ਬੱਚਿਆਂ ਨੇ ਅਜਿਹੀਆਂ ਪ੍ਰਸਤੁਤੀਆਂ ਪੇਸ਼ ਕੀਤੀਆਂ ਕਿ ਸਮੂਹ ਮੰਜ਼ਰ ਹੀ ਦਵਾਪਰ ਯੁਗ ਦੇ ਮਾਹੌਲ ਵਿੱਚ ਬਦਲ ਗਿਆ ਲੱਗਦਾ ਸੀ ਜਿਵੇਂ ਪੂਰਾ ਪੰਡਾਲ ਗੋਕੁਲ ਧਾਮ ਬਣ ਗਿਆ ਹੋਵੇ, ਹਰ ਕੋਈ ਆਪਣੇ ਆਪ ਨੂੰ ਯਮੁਨਾ ਦੇ ਕੰਢੇ ਤੇ ਮਾਖਣ–ਮਿਸਰੀ ਦੇ ਭੋਗ ਵਿੱਚ ਡੁੱਬਿਆ ਮਹਿਸੂਸ ਕਰ ਰਿਹਾ ਸੀ। ਸਕੂਲ ਆਈਟਮਾਂ ਦੀਆਂ ਮੁੱਖ ਪ੍ਰਸਤੁਤੀਆਂ ਪ੍ਰੀ ਨਰਸਰੀ, ਨਰਸਰੀ, ਐੱਲ ਕੇ ਜੀ , ਯੂ.ਕੇ.ਜੀ., ਪਹਿਲੀ ਤੇ ਦੂਜੀ ਕਲਾਸ ਦੇ ਬੱਚਿਆਂ ਨੇ ਕੋਆਰਡੀਨੇਟਰ ਮੈਡਮ ਰੀਨਾ ਠਾਕੁਰ ਦੀ ਰਹਿਨੁਮਾਈ ਹੇਠ ਜਨਮ ਅਸ਼ਟਮੀ ਤੇ ਪ੍ਰੋਗਰਾਮ ਪੇਸ਼ ਕਰਕੇ ਸਭ ਨੂੰ ਮੋਹ ਲਿਆ। ਨਰਸਰੀ ਕਲਾਸ ਦੇ ਬੱਚਿਆਂ ਨੇ ਮੈਡਮ ਮੋਨੀ ਦੀ ਰਹਿਨੁਮਾਈ ਹੇਠ “ਰਾਧਿਕਾ ਗੋਰੀ” ਗੀਤ ਉੱਤੇ ਨੱਚ ਕੇ ਰਾਧਾ–ਕ੍ਰਿਸ਼ਨ ਦੀਆਂ ਛਵੀਆਂ ਨੂੰ ਜੀਵੰਤ ਕਰ ਦਿੱਤਾ। ਐਲ.ਕੇ.ਜੀ. ਕਲਾਸ ਦੇ ਬੱਚਿਆਂ ਨੇ ਮੈਡਮ ਜੋਤੀ ਦੀ ਰਹਿਨੁਮਾਈ ਹੇਠ “ਰਾਧਾ ਢੂੰਡ ਰਹੀ” ਗੀਤ ਉੱਤੇ ਮਨਮੋਹਕ ਡਾਂਸ ਕੀਤਾ। ਯੂ.ਕੇ.ਜੀ. ਦੇ ਬੱਚਿਆਂ ਨੇ ਮੈਡਮ ਸੀਮਾ ਅਤੇ ਮੈਡਮ ਸਪਨਾ ਦੀ ਗਾਈਡੈਂਸ ਹੇਠ “ਚਾਟੀ ਚੋ ਮਦਾਨੀ ਲੈ ਗਿਆ” ਡਾਂਸ ਪੇਸ਼ ਕਰਕੇ ਸਭ ਦੇ ਦਿਲ ਜਿੱਤ ਲਏ। ਪਹਿਲੀ ਕਲਾਸ ਦੇ ਵਿਦਿਆਰਥੀਆਂ ਨੇ ਮੈਡਮ ਮਨਿਸ਼ਾ ਸ਼ਰਮਾ ਦੀ ਰਹਿਨੁਮਾਈ ਹੇਠ ਕ੍ਰਿਸ਼ਨ ਡਾਂਸ ਪੇਸ਼ ਕੀਤਾ। ਦੂਜੀ ਕਲਾਸ ਦੇ ਬੱਚਿਆਂ ਨੇ ਮੈਡਮ ਮਨਿਸ਼ਾ ਸੰਧੂ ਦੀ ਰਹਿਨੁਮਾਈ ਹੇਠ “ਮਈਆ ਯਸ਼ੋਦਾ” ਗੀਤ ਉੱਤੇ ਰੰਗ–ਬਰੰਗੀ ਪੇਸ਼ਕਾਰੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਸਾਰੇ ਪ੍ਰੋਗਰਾਮ ਦੌਰਾਨ ਇੱਕ ਪਲ ਲਈ ਵੀ ਅਜਿਹਾ ਨਹੀਂ ਲੱਗਦਾ ਸੀ ਕਿ ਅਸੀਂ 21ਵੀਂ ਸਦੀ ਵਿੱਚ ਬੈਠੇ ਹਾਂ। ਬੱਚਿਆਂ ਦੇ ਭੇਸ-ਭੂਸ਼ਾ, ਸੰਗੀਤ, ਨ੍ਰਿਤਯ, ਕਹਾਣੀਆਂ ਅਤੇ ਸੰਵਾਦਾਂ ਨੇ ਸੱਚਮੁੱਚ ਇਹ ਮਹਿਸੂਸ ਕਰਵਾ ਦਿੱਤਾ ਕਿ ਅਸੀਂ ਸਾਰੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਨਾਲ ਦਵਾਪਰ ਯੁਗ ਵਿੱਚ ਪਹੁੰਚ ਗਏ ਹਾਂ। ਇਸ ਮੌਕੇ ਮੁੱਖ ਮਹਿਮਾਨ ਅਤੇ ਸਕੂਲ ਦੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਬੁੱਟਰ ਜੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ – “ਜਨਮ ਅਸ਼ਟਮੀ ਸਾਨੂੰ ਕੇਵਲ ਇੱਕ ਧਾਰਮਿਕ ਤਿਉਹਾਰ ਮਨਾਉਣ ਦੀ ਪ੍ਰੇਰਣਾ ਨਹੀਂ ਦਿੰਦੀ, ਸਗੋਂ ਇਹ ਸਾਡੇ ਜੀਵਨ ਵਿੱਚ ਧਰਮ, ਕਰਮ ਅਤੇ ਸੱਚਾਈ ਨਾਲ ਜੁੜੇ ਰਹਿਣ ਦੀ ਸਿੱਖਿਆ ਵੀ ਦਿੰਦੀ ਹੈ। ਵਿਦਿਆਰਥੀ ਜਦੋਂ ਇਨ੍ਹਾਂ ਪਾਤਰਾਂ ਨੂੰ ਨਿਭਾਉਂਦੇ ਹਨ ਤਾਂ ਉਨ੍ਹਾਂ ਦੇ ਮਨ ਵਿੱਚ ਨੇਕੀ, ਸਚਾਈ ਅਤੇ ਨਿਰਭੈਅਤਾ ਦੇ ਗੁਣ ਆਪ ਹੀ ਪੈਦਾ ਹੋ ਜਾਂਦੇ ਹਨ।”ਗੈਸਟ ਆਫ ਆਨਰ ਅਤੇ ਪ੍ਰਿੰਸਿਪਲ ਮਿਸਟਰ ਤੇਜ ਸਿੰਘ ਠਾਕੁਰ ਜੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ –
“ਨਿੱਕੇ–ਨਿੱਕੇ ਬੱਚਿਆਂ ਦੁਆਰਾ ਜਨਮ ਅਸ਼ਟਮੀ ਦੇ ਮੰਜ਼ਰਾਂ ਨੂੰ ਪੇਸ਼ ਕਰਨਾ ਸਿਰਫ਼ ਮਨੋਰੰਜਨ ਨਹੀਂ, ਸਗੋਂ ਇਹ ਇਕ ਜੀਵੰਤ ਸਿੱਖਿਆ ਹੈ। ਸਾਨੂੰ ਇਸ ਗੱਲ ਤੇ ਮਾਣ ਹੈ ਕਿ ਸਾਡੇ ਵਿਦਿਆਰਥੀ ਆਪਣੇ ਸੰਸਕਾਰਾਂ, ਧਰਮ ਅਤੇ ਰੂਹਾਨੀਅਤ ਨਾਲ ਬੜੀ ਨਿੱਜਤਾ ਨਾਲ ਜੁੜ ਰਹੇ ਹਨ।” ਇਸ ਜਨਮ ਅਸ਼ਟਮੀ ਸਮਾਰੋਹ ਨੇ ਸਾਬਤ ਕਰ ਦਿੱਤਾ ਕਿ ਬੱਚਿਆਂ ਦੇ ਮਨ ਦੀ ਸ਼ਰਧਾ ਅਤੇ ਅਧਿਆਪਕਾਂ ਦੀ ਰਹਿਨੁਮਾਈ ਨਾਲ ਸਿਰਫ਼ ਇਕ ਕਾਰਜਕ੍ਰਮ ਨਹੀਂ, ਸਗੋਂ ਪੂਰੀ ਇਕ ਆਤਮਕ ਯਾਤਰਾ ਸੰਭਵ ਬਣ ਸਕਦੀ ਹੈ। ਅਧਿਆਪਕਾਂ ਅਤੇ ਬੱਚਿਆਂ ਸਭ ਨੇ ਇਕਸੁਰ ਹੋ ਕੇ ਇਸ ਮੰਗਲ ਉਤਸਵ ਦਾ ਆਨੰਦ ਮਾਣਿਆ।
