ਜ਼ੀਰਾ, 6 ਫਰਵਰੀ ( ਗੁਰਪ੍ਰੀਤ ਸਿੰਘ ਸਿੱਧੂ ) :- ਪੰਜਾਬੀ ਕਹਾਣੀ ਦਾ ਨਵਾਂ ਸਿਰਨਾਵਾਂ ਤੇ ਸਾਹਿਤ ਖੇਤਰ ਵਿੱਚ ਅੱਜ-ਕੱਲ੍ਹ ਸਾਉਣ ਦੇ ਬੱਦਲਾਂ ਵਾਂਗੂੰ ਛਾਏ ਪੰਜਾਬੀ ਕਥਾਕਾਰ ‘ਅਲਫ਼ਾਜ਼’ ਦਾ ਇਲਾਕੇ ਦੀ ਨਾਮਵਾਰ ਸਮਾਜ ਸੇਵੀ ਸੰਸਥਾ ‘ਲੋਕ ਭਲਾਈ ਆਰਮੀ ਗਰੁੱਪ’ ਵੱਲੋਂ ਇੱਕ ਫ਼ਰਵਰੀ ਨੂੰ ਕਰਵਾਏ ਗਏ ਪੰਜਾਬ ਪੱਧਰੀ ‘ਸਲਾਨਾ ਚੇਤਨਾ ਸਮਾਗਮ’ ਵਿੱਚ ਵੱਖ ਵੱਖ ਪੰਤਵੰਤੇ ,ਸਮਾਜ ਸੇਵੀ ਤੇ ਪਿੰਡ ਵਾਸੀਆਂ ਦੀ ਭਰਵੀਂ ਹਾਜ਼ਰੀ ਵਿੱਚ ‘ਸਨਮਾਨ ਚਿੰਨ੍ਹ,ਮੈਡਲ ਤੇ ਨਕਦ ਰਾਸ਼ੀ’ ਨਾਲ ਸਨਮਾਨਿਤ ਕੀਤਾ ਗਿਆ । ਕਲੱਬ ਦੇ ਸਰਪ੍ਰਸਤ ਹਰਜਿੰਦਰ ਸਿੰਘ ਖੋਸਾ ਨੇ ਕਲੱਬ ਦੇ ਮੁੱਖ ਸੰਚਾਲਕ ਗੁਰਪ੍ਰੀਤ ਸਿੰਘ ਖੋਸਾ ਤੇ ਬਾਕੀ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਬੋਲਦਿਆਂ ਕਿਹਾ ਕਿ ‘ਅਲਫ਼ਾਜ਼’ ਦੀ ਆਮਦ ਨੇ ਇਸ ਗੱਲ ਦਾ ਸ਼ਿਕਵਾ ਦੂਰ ਕਰ ਦਿੱਤਾ ਹੈ ਕਿ ਸਾਡਾ ਇਲਾਕਾ ਚੰਗਾ ਸਾਹਿਤਕਾਰ ਨਹੀਂ ਪੈਦਾ ਕਰ ਸਕਦਾ ਤੇ ਉਸਨੇ ਥੋੜੇ ਕੁ ਸਮੇਂ ਵਿੱਚ ਪਿੰਡ ਦਾ ਨਾਮ ਬੁਲੰਦੀਆਂ ਤੇ ਪਹੁੰਚਾ ਕੇ ਆਪਣੀਆਂ ਲਿਖਤਾਂ ਰਾਹੀਂ ਸਮਾਜਿਕ ਮੁੱਦਿਆਂ ਦੀ ਬੇਬਾਕੀ ਨਾਲ ਗੱਲ ਕੀਤੀ ਹੈ । ਉਮੀਦ ਹੈ ਕਿ ਉਸ ਦਾ ਵਧੀਆ ਆਗਾਜ਼ ਉਸਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਵੇਗਾ । ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਅਲਫ਼ਾਜ਼ ਨੇ ਕਿਹਾ ਕਿ ਪਿੰਡ ਵਾਸੀਆਂ ਦਾ ਮਿਲਿਆ ਪਿਆਰ ਅਣਮੋਲ ਹੈ ਤੇ ਇਹ ਕਰਜਾ ਉਤਾਰਨਾ ਮੁਸ਼ਕਿਲ ਹੈ ਤੇ ਘਰ ‘ਚੋਂ ਮਿਲੇ ਪਿਆਰ ਨੇ ‘ਘਰ ਦਾ ਜੋਗੀ ਜੋਗੜਾ’ ਵਾਲੀ ਕਹਾਵਤ ਨੂੰ ਉਲਟਾਂ ਦਿੱਤਾ ਹੈ ਤੇ ਹੋਰ ਸੁਹਿਰਦਤਾ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਵੇਗਾ । ਇਸ ਮੌਕੇ ਹਾਜ਼ਿਰ ਮਹਿਮਾਨਾਂ ਨੇ ਵੀ ‘ਅਲਫ਼ਾਜ਼’ ਨੂੰ ਵਧਾਈ ਦਿੰਦਿਆਂ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ‘ਲੋਕ ਭਲਾਈ ਆਰਮੀ ‘ ਦਾ ਸਲਾਨਾ ਸਮਾਗਮ ਚੰਗਾ ਸੁਨੇਹਾ ਦਿੰਦਿਆਂ ਅਗਲੇ ਸਾਲ ਮਿਲਣ ਦੇ ਵਾਅਦੇ ਨਾਲ ਯਾਦਗਾਰੀ ਹੋ ਨਿੱਬੜਿਆ ।
22
