ਪਟਿਆਲਾ:14 ਜੁਲਾਈ ( ਰਾਖਾ ਪ੍ਰਭ ਬਿਉਰੋ )–
ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ’ ਵਲੋਂ ‘ਦੋਸਤੀ ਭਵਨ’ ਪਟਿਆਲਾ ਵਿਖੇ ਸਰਵ ਸਾਥੀ ਪ੍ਰਹਿਲਾਦ ਸਿੰਘ ਨਿਆਲ, ਗੀਤਾ ਰਾਣੀ ਛਿੱਬਰ, ਲਖਵਿੰਦਰ ਸਿੰਘ ਰਾਠੀਆਂ, ਰਣਧੀਰ ਸਿੰਘ ਕਾਦਰਾਬਾਦ ਦੀ ਪ੍ਰਧਾਨਗੀ ਹੇਠ ਪ੍ਰਭਾਵਸ਼ਾਲੀ ਜਿਲ੍ਹਾ ਪੱਧਰੀ ਜਥੇਬੰਦਕ ਕਨਵੈਨਸ਼ਨ ਕਰਕੇ ਮਜ਼ਬੂਤ ਜੱਥੇਬੰਦੀ ਉਸਾਰਨ ਅਤੇ ਮਗਨਰੇਗਾ ਕਾਮਿਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਹਰ ਪੱਧਰ ‘ਤੇ ਘੋਲ ਵਿੱਢਣ ਦਾ ਨਿਰਣਾ ਲਿਆ ਗਿਆ ਹੈ।ਕਨਵੈਨਸ਼ਨ ਦੇ ਮੁੱਖ ਬੁਲਾਰੇ, ਯੂਨੀਅਨ ਦੇ ਸੂਬਾਈ ਕਨਵੀਨਰ ਸਾਥੀ ਦੀਪਕ ਠਾਕੁਰ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਲੋਟੂਆਂ ਦੇ ਹੁਕਮਾਂ ਤਹਿਤ ਮਨਰੇਗਾ ਐਕਟ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੀ ਹੈ। ਇਸੇ ਲਈ ਕੇਂਦਰੀ ਸਰਕਾਰ ਹਰ ਬਜਟ ਵਿਚ ਮਨਰੇਗਾ ਫੰਡ ਘਟਾਉਂਦੀ ਜਾ ਰਹੀ ਹੈ। ਕਾਨੂੰਨ ਤਹਿਤ ਸੂਚੀਬੱਧ ਪੇਂਡੂ ਕਿਰਤੀ ਪਰਿਵਾਰਾਂ ਨੂੰ ਨਾ ਤਾਂ ਸਾਲ ‘ਚ 100 ਦਿਨ ਰੁਜ਼ਗਾਰ ਦਿੱਤਾ ਜਾਂਦਾ ਹੈ ਅਤੇ ਨਾ ਹੀ ਸਮੇਂ ਸਿਰ ਤੈਅਸ਼ੁਦਾ ਮਿਹਨਤਾਨਾ ਅਦਾ ਕੀਤਾ ਜਾਂਦਾ ਹੈ। ਮਨਰੇਗਾ ਕਾਮੇ ਬੇਰੁਜ਼ਗਾਰੀ ਭੱਤੇ ਅਤੇ ਕੰਮ ਦੇ ਸੰਦਾਂ ਤੋਂ ਵਿਰਵੇ ਰੱਖੇ ਜਾ ਰਹੇ ਹਨ। ਹਾਦਸਿਆਂ ‘ਚ ਜ਼ਖ਼ਮੀ ਹੋ ਜਾਣ ਜਾਂ ਮੌਤ ਹੋ ਜਾਣ ਦੀ ਸੂਰਤ ‘ਚ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਕਿਰਤੀ ਔਰਤਾਂ ਅਤੇ ਛੋਟੇ ਬੱਚਿਆਂ ਦੀਆਂ ਵਿਸ਼ੇਸ਼ ਲੋੜਾਂ ਦੀ ਜਾਣ-ਬੁੱਝ ਕੇ ਅਣਦੇਖੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਮਨਰੇਗਾ ਕਿਰਤੀਆਂ ਦੇ ਮੰਗਾਂ-ਮਸਲਿਆਂ ਪ੍ਰਤੀ ਮੁਜ਼ਰਮਾਨਾ ਘੇਸਲ ਮਾਰੀ ਹੋਈ ਹੈ। ਇਸ ਲਈ ਅੱਜ ਨਾ ਕੇਵਲ ਮਨਰੇਗਾ ਕਾਨੂੰਨ ਦੀ ਰਾਖੀ ਲਈ ਬਲਕਿ ਇਸ ‘ਚ ਕਿਰਤੀ ਪੱਖੀ ਰੈਡੀਕਲ ਸੋਧਾਂ ਕਰਵਾਉਣ ਲਈ ਵੀ ਤਿੱਖੇ ਤੇ ਬੱਝਵੇਂ, ਆਜ਼ਾਦਾਨਾ ਤੇ ਸਾਂਝੇ ਸੰਘਰਸ਼ ਛੇੜਣੇ ਸਮੇਂ ਦੀ ਪਲੇਠੀ ਤੇ ਮਹੱਤਵਪੂਰਣ ਲੋੜ ਬਣ ਚੁੱਕੀ ਹੈ। ਉਨ੍ਹਾਂ ਮਨਰੇਗਾ ਕਾਨੂੰਨ ਨੂੰ ਅੱਖਰ-ਅੱਖਰ ਲਾਗੂ ਕਰਵਾਉਣ ਅਤੇ ਕੁਰੱਪਸ਼ਨ ਤੇ ਨਾਜਾਇਜ਼ ਦਖ਼ਲ ਦੇ ਖਾਤਮੇ ਲਈ ਪਿੰਡ-ਪਿੰਡ ਮਜ਼ਬੂਤ ਜੱਥੇਬੰਦੀ ਉਸਾਰਨ ਦਾ ਸੱਦਾ ਦਿੱਤਾ ਹੈ। ਸਾਥੀ ਦੀਪਕ ਨੇ ਕਿਰਤੀਆਂ ਨੂੰ ਸੁਤੰਤਰਤਾ ਪ੍ਰਾਪਤੀ ਤੋਂ ਆਮ ਲੋਕਾਂ ਨੂੰ ਹਾਸਲ ਹੋਈਆਂ ਮਾਮੂਲੀ ਸਹੂਲਤਾਂ ਦਾ ਖਾਤਮਾ ਕਰਨ ਵਾਲੀਆਂ ਕੇਂਦਰ ਦੀ ਮੋਦੀ ਸਰਕਾਰ ਤੇ ਪ੍ਰਾਂਤਕ ਸਰਕਾਰਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਮਾਰੂ, ਦੇਸ਼ ਵਿਰੋਧੀ ਨਵ-ਉਦਾਰਵਾਦੀ ਨੀਤੀਆਂ ਖਿਲਾਫ ਫੈਸਲਾਕੁੰਨ ਘੋਲ ਵਿੱਢਣ ਦੀ ਵੀ ਅਪੀਲ ਕੀਤੀ ਹੈ। ਭਾਜਪਾ ਦੇ ਵਿਚਾਰਧਾਰਕ ਆਕਾ ਆਰ.ਐਸ.ਐਸ. ਦੇ ਫਿਰਕੂ-ਫਾਸ਼ੀ ਹੱਲਿਆਂ ਤੇ ਵੰਡਵਾਦੀ ਕੁਚਾਲਾਂ ਨੂੰ ਸਮਝਣ ਤੇ ਭਾਂਜ ਦੇਣ ਲਈ ਵੀ ਘੋਲਾਂ ਦੇ ਪਿੜ ‘ਚ ਨਿਤਰਨ ਦਾ ਸੱਦਾ ਦਿਤਾ ਹੈ।
ਇਸ ਮੌਕੇ ਸਰਵ ਸੰਮਤੀ ਨਾਲ ਪਾਸ ਕੀਤੇ ਇਕ ਮਤੇ ਰਾਹੀਂ ਪੇਂਡੂ ਕਿਰਤੀ ਪਰਿਵਾਰਾਂ ਦੇ ਸਾਰੇ ਬਾਲਗ ਜੀਆਂ ਨੂੰ ਘੱਟੋ-ਘੱਟ 700 ਰੁਪਏ ਦੀ ਦਿਹਾੜੀ ਸਹਿਤ ਸਾਰਾ ਸਾਲ ਕੰਮ ਦੇਣ ਦੀ ਮੰਗ ਕੀਤੀ ਗਈ ਹੈ। ਯੂਨੀਅਨ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਐਡਹਾਕ ਕਮੇਟੀ ਵੀ ਚੁਣੀ ਗਈ। ਜਿਸ ਦੇ ਕਨਵੀਨਰ ਦੀ ਜਿੰਮੇਵਾਰੀ ਸਾਥੀ ਪ੍ਰਹਿਲਾਦ ਨਿਆਲ ਨੂੰ ਸੌਂਪੀ ਗਈ ਹੈ।
ਉਚੇਚੇ ਪੁੱਜੇ ਸੀ.ਟੀ.ਯੂ. ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਦੇਵ ਰਾਜ ਵਰਮਾ, ਸ਼ਹੀਦ ਭਗਤ ਨੌਜਵਾਨ ਸਭਾ ਪੰਜਾਬ (ਐਸ.ਬੀ.ਵਾਈ.ਐਫ.) ਦੇ ਜਨਰਲ ਸਕੱਤਰ ਸਾਥੀ ਧਰਮਿੰਦਰ ਸਿੰਘ ਮੁਕੇਰੀਆਂ, ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਦੇ ਸੂਬਾ ਕਨਵੀਨਰ ਸਾਥੀ ਗਗਨਦੀਪ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਾਥੀ ਮਹੀਪਾਲ ਨੇ ਆਪੋ-ਆਪਣੇ ਸੰਗਠਨਾਂ ਵਲੋਂ ਹਰ ਪੱਖੋਂ ਸਹਿਯੋਗ ਕਰਨ ਦਾ ਯਕੀਨ ਦਿਵਾਇਆ।
ਬੁਲਾਰਿਆਂ ਨੇ ਸੂਬੇ ਦੀ ਕਨੂੰਨ-ਪ੍ਰਬੰਧ ਦੀ ਚਿੰਤਾਜਨਕ ਅਵਸਥਾ, ਸਰਕਾਰੀ ਦਾਅਵਿਆਂ ਦੇ ਉਲਟ ਨਸ਼ੇ ਨਾਲ ਹੋ ਰਹੀਆਂ ਬੇਸ਼ੁਮਾਰ ਮੌਤਾਂ, ਅਪਰਾਧਾਂ ਤੇ ਮਾਫੀਆ ਲੁੱਟ ਦੇ ਬੇਰੋਕ ਵਾਧੇ ਅਤੇ ਪੁਲਸ ਮੁਕਾਬਲਿਆਂ ਰਾਹੀਂ ਕੀਤੇ ਜਾ ਰਹੇ ਗੈਰ ਸੰਵਿਧਾਨਕ ਕਤਲਾਂ ਲਈ ਜਿੰਮੇਵਾਰ ਭਗਵੰਤ ਸਿੰਘ ਮਾਨ ਸਰਕਾਰ ਵਿਰੁੱਧ ਵੀ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।
ਪੂਰਨ ਚੰਦ ਨਨਹੇੜਾ, ਅਮਰਜੀਤ ਸਿੰਘ ਘਨੌਰ, ਰਾਜ ਕਿਸ਼ਨ ਨੂਰ ਖੇੜੀ, ਸੁਖਪਾਲ ਸਿੰਘ ਕਾਦਰਾਬਾਦ ਅਤੇ ਰਵਿੰਦਰ ਰਵੀ ਲੋਹਗੜ੍ਹ ਨੇ ਵੀ ਵਿਚਾਰ ਰੱਖੇ। ਮੰਚ ਸੰਚਾਲਕ ਦੇ ਫਰਜ ਸਾਥੀ ਹਰੀ ਸਿੰਘ ਦੌਣ ਕਲਾਂ ਨੇ ਨਿਭਾਏ।
