ਮਾਨਸਾ 18 ਅਕਤੂਬਰ ( ਜੀਂਐਸਂਸਿੱਧੂ ) ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦਾ ਜ਼ਿਲ੍ਹਾ ਚੋਣ ਅਜਲਾਸ ਮੇਨ ਵਾਟਰ ਵਰਕਸ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਮਾਨਸਾ ਵਿਖੇ ਕਰਵਾਇਆ ਗਿਆ। ਇਸ ਚੋਣ ਇਜਲਾਸ ਵਿੱਚ ਵਿਸ਼ੇਸ਼ ਤੌਰ ਤੇ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਨਿਲ ਕੁਮਾਰ ਬਰਨਾਲਾ , ਜੋਨ ਪ੍ਰਧਾਨ ਬਠਿੰਡਾ ਬਲਰਾਜ ਸਿੰਘ ਮੌੜ, ਗੁਰਜੰਟ ਸਿੰਘ ਮੌੜ ਆਦਿ ਸ਼ਾਮਿਲ ਹੋਏ । ਇਸ ਮੌਕੇ ਸੂਬਾ ਜਨਰਲ ਸਕੱਤਰ ਅਨਿਲ ਕੁਮਾਰ ਬਠਿੰਡਾ ਅਤੇ ਜਾਨ ਪ੍ਰਧਾਨ ਬਲਰਾਜ ਸਿੰਘ ਮੋੜ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਆਪਣੇ ਜਬਰ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸਬਾਈ ਆਗੂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਚੋਣਾਂ ਤੋਂ ਪਹਿਲਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਵਾਅਦਾ ਕਰਕੇ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ, ਪਰ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੀਤੇ ਵਾਅਦੇ ਭੁੱਲ ਚੁੱਕੀ ਹੈ । ਉਹਨਾਂ ਕਿਹਾ ਕਿ ਪੰਜਾਬ ਅੰਦਰ ਹੋ ਰਹੀਆਂ ਜਿਮਨੀ ਚੋਣਾਂ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਇਹਨਾਂ ਨੂੰ ਮੁਲਾਜ਼ਮਾਂ ਤੇ ਪੈਨਸ਼ਨਾਂ ਨਾਲ ਕੀਤੇ ਵਾਅਦੇ ਯਾਦ ਕਰਾਉਣ ਲਈ ਰੋਸ ਮਾਰਚ ਕੱਢਣਗੇ। ਇਸ ਮੌਕੇ ਜ਼ਿਲ੍ਹਾ ਪੱਧਰੀ ਚੋਣ ਅਜਲਾਸ ਕਰਵਾਇਆ ਗਿਆ ਅਤੇ ਸਰਬਸੰਮਤੀ ਨਾਲ ਅਮਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਜਪਪਿੰਦਰ ਸਿੰਘ ਰੱਲਾ ਜਿਲਾ ਜਨਰਲ ਸਕੱਤਰ, ਹਰਬੰਸ ਸਿੰਘ ਮੰਡਾਲੀ ਜ਼ਿਲ੍ਹਾ ਵਿੱਤ ਸਕੱਤਰ ਚੁਣੇ ਗਏ। ਇਸ ਦੌਰਾਨ 23 ਮੈਂਬਰੀ ਜ਼ਿਲ੍ਹਾ ਕਮੇਟੀ ਸਰਬਸੰਮਤੀ ਨਾਲ ਚੁਣੀ ਗਈ ਅਤੇ ਚੁਣੇ ਗਏ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮੁਲਾਜ਼ਮ ਹੱਕਾਂ ਲਈ ਕੰਮ ਕਰਨ ਦਾ ਅਹਿਦ ਲਿਆ।