ਜਲੰਧਰ, 14 ਅਕਤੂਬਰ (ਜੀ.ਐਸ.ਸਿੱਧੂ ) :- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਸਰਸੰਘਚਾਲਕ ਸ਼੍ਰੀ ਮੋਹਨ ਭਾਗਵਤ ਦੇ ‘ਵਿਜੈਦਸ਼ਮੀ ਭਾਸ਼ਨ’ ਨੂੰ ਦੇਸ਼ ਦੇ ਮਿਹਨਤੀ ਆਵਾਮ ਨੂੰ ਫਿਰਕਿਆਂ ਦੇ ਆਧਾਰ ‘ਤੇ ਵੰਡਣ ਅਤੇ ਭਾਈਚਾਰਿਆਂ ਦਰਮਿਆਨ ਘ੍ਰਿਣਾ ਦੀਆਂ ਜ਼ਹਿਰੀਲੀਆਂ ਕੰਧਾਂ ਖੜ੍ਹੀਆਂ ਕਰਨ ਦੀ ‘ਸਾਲਾਨਾ ਕਵਾਇਦ’ ਕਰਾਰ ਦਿੱਤਾ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਸੰਘ ਪ੍ਰਮੁੱਖ ਨੇ ਬੇਸ਼ਕ ਇਸ ਵਾਰ ਦੇ ਭਾਸ਼ਣ ‘ਚ ਕਿਸੇ ਵੀ ਘੱਟ ਗਿਣਤੀ ਫਿਰਕੇ ਦਾ ਨਾਂ ਨਹੀਂ ਲਿਆ, ਪਰ ਉਨ੍ਹਾਂ ਵਲੋਂ ਸਮੁੱਚੇ ਭਾਰਤੀਆਂ ਦੀ ਥਾਂ ਕੇਵਲ ਹਿੰਦੂ ਭਾਈਚਾਰੇ ਨੂੰ ਹੀ ਏਕਤਾ ਕਾਇਮ ਕਰਨ ਲਈ ਕਹਿਣਾ ਆਪਣੇ ਆਪ ‘ਚ ਹੀ ਫਿਰਕੂ ਕਤਾਰਬੰਦੀ ਦਾ ਕੋਝਾ ਯਤਨ ਹੈ।
ਉਨ੍ਹਾਂ ਕਿਹਾ ਕਿ ਸੰਘ ਪ੍ਰਮੁੱਖ ਨੇ ਮਾਰਕਸੀ ਸੱਭਿਆਚਾਰ ‘ਤੇ ਹਮਲਾ ਬੋਲਣ ਅਤੇ ਹਿੰਦੂ ਸੰਸਕ੍ਰਿਤੀ ਨੂੰ ਅਪਣਾਉਣ ਦਾ ਸੱਦਾ ਦੇਣ ਰਾਹੀਂ ਇਹ ਸਾਫ ਸੰਕੇਤ ਦਿੱਤਾ ਹੈ ਕਿ ਉਹ ਭਾਰਤ ਨੂੰ ਅਗਾਂਹਵਧੂ ਸੋਚ ਅਤੇ ਵਿਗਿਆਨਕ ਵਿਚਾਰ ਚੌਖਟੇ ਵਾਲੇ ਸਾਂਝੀਵਾਲਤਾ ਤੇ ਬਰਾਬਰੀ ਦੀ ਜਾਮਨੀ ਕਰਦੇ ਢਾਂਚੇ ਦੀ ਥਾਂ ਵੇਲਾ ਵਿਹਾ ਚੁੱਕੀ ਸਨਾਤਨੀ ਵਿਚਾਰਧਾਰਾ ‘ਤੇ ਆਧਾਰਿਤ ਪਿਛਾਖੜੀ-ਮੰਨੂਵਾਦੀ ਸੰਚੇ ‘ਚ ਢਲੇ ਅਮਾਨਵੀ ਜਮਾਤੀ-ਜਾਤੀ ਤੇ ਲਿੰਗਕ ਵਿਤਕਰੇ ਵਾਲੇ ਦੇਸ਼ ‘ਚ ਤਬਦੀਲ ਕਰਨਾ ਚਾਹੁੰਦੇ ਹਨ।
ਉਨ੍ਹਾਂ ਤੰਜ਼ ਨਾਲ ਕਿਹਾ ਕਿ ਆਪਣੇ ਭਾਸ਼ਣ ਦੌਰਾਨ ‘ਹਰ ਕਿਸੇ ਨੂੰ ਨੂੰ ਸੰਵਿਧਾਨ ਦੀ ਪਾਲਨਾ ਕਰਨੀ ਪਵੇਗੀ’ ਦਾ ਜੁਮਲਾ ਬੋਲਣ ਵੇਲੇ ਸ਼੍ਰੀ ਭਾਗਵਤ ਇਹ ਭੁੱਲ ਗਏ ਹਨ ਕਿ ਪੈਰ-ਪੈਰ ‘ਤੇ ਸੰਵਿਧਾਨ ਨੂੰ ਬਦਲਣ ਜਾਂ ਖਾਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਤਾਂ ਆਰਐਸਐਸ ਤੇ ਨਾਲ ਜੁੜੇ ਸੰਗਠਨਾਂ ਦੇ ਕਾਰਕੁੰਨ ਹੀ ਹਨ।
ਸਾਥੀ ਪਾਸਲਾ ਨੇ ਕਿਹਾ ਕਿ ਦੇਸ਼ ਭਰ ਵਿਚ, ਖਾਸ ਕਰਕੇ ਭਾਜਪਾ ਸ਼ਾਸ਼ਿਤ ਸੂਬਿਆਂ ‘ਚ ਇਸਤਰੀਆਂ ਦੀ ਸਮੂਹਿਕ ਬੇਹੁਰਮਤੀ ਅਤੇ ਉਨ੍ਹਾਂ ਦੇ ਘਿਨੌਣੇ ਕਤਲਾਂ ਦੀਆਂ ਖੌਫਨਾਕ ਵਾਰਦਾਤਾਂ ‘ਚ ਭਾਰੀ ਵਾਧਾ ਹੋ ਰਿਹਾ ਹੈ। ਪਰ ਸੰਘ ਪ੍ਰਮੁੱਖ ਨੇ ਆਪਣੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਨੂੰ ਇਨ੍ਹਾਂ ਹੌਲਨਾਕ ਗੁਨਾਹਾਂ ਤੋਂ ਬਰੀ ਕਰਨ ਦੀ ਬਦਨੀਤ ਅਧੀਨ ਕੇਵਲ ਕੋਲਕਾਤਾ ਦੇ ਮੈਡੀਕਲ ਕਾਲਜ ਵਾਲੀ ਹੌਲਨਾਕ ਵਾਰਦਾਤ ਦਾ ਹੀ ਜਿਕਰ ਕੀਤਾ ਹੈ।
ਉਨ੍ਹਾਂ ਸੰਘ ਮੁਖੀ ਨੂੰ ਯਾਦ ਦਿਵਾਇਆ ਕਿ ਬਿਲਕੀਸ ਬਾਨੋ ਦੇ ਬਲਾਤਕਾਰੀਆਂ ਅਤੇ ਉਸ ਦੇ ਪਰਿਵਾਰਕ ਜੀਆਂ ਦੇ ਕਾਤਲਾਂ ਨੂੰ ਬਰੀ ਕਰਨ ਅਤੇ ਹਿੰਦੂਤਵੀ ਵਿਧੀ-ਵਿਧਾਨ ਅਨੁਸਾਰ ਉਨ੍ਹਾਂ ਦਾ ਸਨਮਾਨ ਕਰਨ ਰਾਹੀਂ ਕਾਤਲਾਂ-ਬਲਾਤਕਾਰੀਆਂ ਦੀ ਪਿੱਠ ਥਾਪੜਣ ਦਾ ਸਭ ਤੋਂ ਬੱਜਰ ਗੁਨਾਹ ਤਾਂ ਭਾਜਪਾ ਦੀ ਗੁਜਰਾਤ ਸਰਕਾਰ ਨੇ ਹੀ ਕੀਤਾ ਹੈ।
ਕਾਮਰੇਡ ਪਾਸਲਾ ਨੇ ਸਵਾਲ ਕੀਤਾ ਕਿ ਜਮਾਨਤ ‘ਤੇ ਰਿਹਾ ਹੋਏ ਗੌਰੀ ਲੋਕੇਸ਼ ਦੇ ਕਾਤਲਾਂ ਦਾ ਧਾਰਮਿਕ ਰਸਮਾਂ ਅਨੁਸਾਰ ਸਵਾਗਤ ਕਰਕੇ ਸੰਘ ਪਰਿਵਾਰ ਦੇ ਪਿਛਾਖੜੀ ਸੰਗਠਨਾਂ ਦੇ ਕਾਰਕੁੰਨ ਹਿੰਦੂ ਧਰਮ ਦਾ ਕਿਹੜਾ ਉਧਾਰ ਕਰ ਰਹੇ ਹਨ ? ਉਨ੍ਹਾਂ ਕਿਹਾ ਕਿ ਹਿੰਦੂਆਂ ਦੀ ਬਿਹਤਰੀ ਦੇ ਦਾਅਵੇ ਕਰਨ ਵਾਲਾ ਸੰਘ ਪਰਿਵਾਰ ਦਰ ਹਕੀਕਤ ਹਿੰਦੂ ਭਾਈਚਾਰੇ ਦੀ ਮਾਨਸਿਕ ਗੁਲਾਮੀ ਦਾ ਮੁੱਢ ਬੰਨ੍ਹ ਰਿਹਾ ਹੈ।
ਸਾਥੀ ਪਾਸਲਾ ਨੇ ਵੱਖੋ-ਵੱਖ ਧਰਮਾਂ ਨੂੰ ਮੰਨਣ ਵਾਲੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਭਾਈਚਾਰਕ ਸਾਂਝ ਅਤੇ ਜਮਾਤੀ ਏਕਤਾ ਪੀਡੀ ਕਰਨ ਅਤੇ ਸਾਮਰਾਜੀ ਤੇ ਕਾਰਪੋਰੇਟ ਲੁੱਟ ਦੇ ਖਾਤਮੇ ਲਈ ਯੁੱਧ ਛੇੜਣ।
ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਦੀਆਂ ਇਹ ਸਾਰੀਆਂ ਤਿਕੜਮਾਂ, ਕਿਰਤੀ-ਕਿਸਾਨਾਂ, ਮਿਹਨਤੀ ਤਬਕਿਆਂ ਦੇ ਗਰੀਬੀ-ਅਮੀਰੀ ਦੇ ਪਾੜੇ, ਬੇਰੁਜ਼ਗਾਰੀ-ਮਹਿੰਗਾਈ, ਕੰਗਾਲੀ-ਭੁੱਖਮਰੀ, ਕੁਪੋਸ਼ਣ, ਦਲਿਤ ਉਤਪੀੜਨ, ਇਸਤਰੀਆਂ ਦੇ ਸਵੈਮਾਨ ਨੂੰ ਮਿੱਟੀ ‘ਚ ਰੋਲਣ ਦੀਆਂ ਵਾਰਦਾਤਾਂ ਦੇ ਖਾਤਮੇ ਲਈ ਲੜੇ ਜਾ ਰਹੇ ਜਨ ਸੰਗਰਾਮ ਨੂੰ ਕੁਰਾਹੇ ਪਾਉਣ ਲਈ ਹੀ ਲੜਾ ਰਿਹਾ ਹੈ।
ਉਨ੍ਹਾਂ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਦੀ ਏਕਤਾ-ਅਖੰਡਤਾ, ਸੁਤੰਤਰਤਾ ਅਤੇ ਖੁਦਮੁਖਤਾਰੀ ਦੀ ਰਾਖੀ ਲਈ ਹਿੰਦੂਤਵੀ ਫਿਰਕੂ-ਫਾਸਿਸਟਾਂ ਖਿਲਾਫ਼ ਹਰ ਮੰਚ ਤੋਂ ਸ਼ਕਤੀਸ਼ਾਲੀ ਆਵਾਜ਼ ਬੁਲੰਦ ਕਰਨ।