ਸੰਗਰੂਰ, 25 ਜੁਲਾਈ, 2023: ਸਿਵਲ ਸਰਜਨ ਸੰਗਰੂਰ ਡਾ: ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਿਵਲ ਹਸਪਤਾਲ਼ ਸੰਗਰੂਰ ਵਿਖੇ ਡੇਂਗੂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕਿਰਪਾਲ ਸਿੰਘ ਨੇ ਡੇਂਗੂ ਦੇ ਲੱਛਣ, ਬਚਾਅ ਅਤੇ ਇਲਾਜ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਡੇਂਗੂ ਏਡੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ਼ ਖੜੇ ਪਾਣੀ ਵਿਚ ਪੈਦਾ ਕਰ ਹੁੰਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ। ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚੋਂ ਖ਼ੂਨ ਦਾ ਵਗਣਾ ਡੇਂਗੂ ਦੇ ਮੁੱਖ ਲੱਛਣ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਸਾਫ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਸਾਫ ਸਫਾਈ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮੱਛਰ ਤੋਂ ਬਚਣ ਲਈ ਮੱਛਰਦਾਨੀ, ਪੂਰੇ ਕੱਪੜੇ ਪਹਿਨਣ ਅਤੇ ਮੱਛਰ ਭਜਾਓ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਮੌਕੇ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਕਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡੇਂਗੂ ਦੇ ਬਚਾਅ ਲਈ ਇੱਕ ਖਾਸ ਐਪ ਗੂਗਲ ਪਲੇਅ ਸਟੋਰ ਤੇ ਉਪਲੱਭਧ ਹੈ। “ਡੇਂਗੂ ਫਰੀ ਪੰਜਾਬ” ਐਪ ਨੂੰ ਹਰ ਵਿਅਕਤੀ ਆਪਣੇ ਫੋਨ ‘ਤੇ ਡਾਊਨਲੋਡ ਕਰਕੇ ਇਸ ਸੰਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਕਾਲਜ ਵਿੱਚ ਡੇਂਗੂ ਦੇ ਲਾਰਵੇ ਸੰਬੰਧੀ ਸਰਵੇ ਵੀ ਕੀਤਾ ਗਿਆ।
ਇਸ ਮੌਕੇ ਡਿਪਟੀ ਸਮੂਹ ਸਿੱਖਿਆਂ ਅਤੇ ਸੂਚਨਾਂ ਅਫਸਰ ਸਰੋਜ ਰਾਣੀ, ਐਸ ਆਈ ਰਾਮਪਾਲ ਸਿੰਘ, ਬੀ.ਈ. ਈ .ਹਰਪ੍ਰੀਤ ਕੌਰ, ਐਲ.ਐਚ. ਵੀ.ਅਮਰਜੀਤ ਕੌਰ,ਸਿਹਤ ਕਰਮਚਾਰੀ ਯਾਦਵਿੰਦਰ ਸਿੰਘ , ਐਂਟੀ ਲਾਰਵਾ ਦਾ ਸਮੂਹ ਸਟਾਫ਼ ਅਤੇ ਆਮ ਲੋਕ ਹਾਜ਼ਰ ਸਨ।