ਅੰਮ੍ਰਿਤਸਰ 8 ਜੁਲਾਈ 2024 ( ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ)
ਨੀਤੀ ਆਯੋਗ ਦੁਆਰਾ ਚਲਾਏ ਜਾ ਰਹੇ ਸੰਪੂਰਨਤਾ ਅਭਿਆਨ ਦਾ ਦੂਜਾ ਸਮਾਗਮ ਅੱਜ ਹਰਸ਼ਾ ਛੀਨਾ ਬਲਾਕ ਵਿਖੇ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਹਾਇਕ ਕਮਿਸ਼ਨਰ ਸੋਨਮ ਨੇ ਕਿਹਾ ਕਿ ਸੰਪੂਰਨਤਾ ਅਭਿਆਨ ਦਾ ਮੁੱਖ ਟੀਚਾ ਸਿਹਤ ਅਤੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਟਿਕਾਊ ਅਤੇ ਬਰਾਬਰੀ ਵਾਲੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ।
ਉਨਾਂ ਨੇ ਦੱਸਿਆ ਕਿ ਨੀਤੀ ਆਯੋਗ ਨੇ ਹੁਣ ਅਗਲੇ ਤਿੰਨ ਮਹੀਨਿਆਂ ਵਿੱਚ ਧਿਆਨ ਦੇਣ ਲਈ 6 ਖਾਸ ਸੂਚਕਾਂ ਦੀ ਚੋਣ ਕੀਤੀ ਹੈ। ਇਹਨਾਂ ਸੂਚਕਾਂ ਵਿੱਚ ਜਨਮ ਤੋਂ ਪਹਿਲਾਂ ਦੀ ਦੇਖਭਾਲ ਹਾਈਪਟੈਨਸ਼ਨ ਸਕਰੀਨਿੰਗ, ਡਾਇਬਟੀਜ਼ ਸਕਰੀਨਿੰਗ, ਗਰਭਵਤੀ ਔਰਤਾਂ ਲਈ ਪੋਸ਼ਨ, ਸਾਇਲ ਹੈਲਥ ਕਾਰਡ ਜਾਰੀ ਕਰਨਾ ਅਤੇ ਸਮਾਜਿਕ ਸੁਰੱਖਿਆਂ ਲਈ ਕੰਮ ਸ਼ਾਮਲ ਹਨ। ਉਨਾਂ ਜੋਰ ਦੇ ਕੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਖੇਤਰਾਂ ਵਿੱਚ ਕਾਰਗੁਜਾਰੀ ਨੂੰ ਬਿਹਤਰ ਬਣਾਉਣ ਲਈ ਇੱਕ ਵਿਆਪਕ ਮੁਹਿੰਮ ਚਲਾਈ ਜਾਵੇਗੀ।
ਡਿਪਟੀ ਈਐਸਏ ਕੰਵਲਜੀਤ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਪੇਂਡੂ ਅਤੇ ਪਛੜੇ ਖੇਤਰਾਂ ਦੇ ਸਰਵਪੱਖੀ ਵਿਕਾਸ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਅਤੇ ਇਹ ਯਕੀਨੀ ਬਣਾ ਰਿਹਾ ਹੈ ਕਿ ਸਰਕਾਰੀ ਸਕੀਮਾਂ ਸਮਾਜ ਦੇ ਸਾਰੇ ਵਰਗਾਂ ਤੱਕ ਆਸਾਨੀ ਨਾਲ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਲਾਭ ਪ੍ਰਾਪਤ ਕੀਤਾ ਜਾ ਰਿਹਾ ਹੈ। ਉਨਾਂ ਨੇ ਲੋਕਾਂ ਨੂੰ ਅੱਗੇ ਆਉਣ ਅਤੇ ਸਮਾਜਿਕ ਮੁੱਦਿਆਂ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਦਿਲਜੀਤ ਸੋਨਾ ਡਰਾਮਾ ਗਰੁੱਪ ਵੱਲੋਂ ਇੱਕ ਨਾਟਕ ਪੇਸ਼ ਕੀਤਾ ਗਿਆ। ਇਸ ਮੌਕੇ ਸੈਲਫ ਹੈਲਪ ਗਰੁੱਪਾਂ ਵੱਲੋਂ ਆਰਗੈਨਿਕ ਫੂਡ, ਮੈਡੀਕਲ ਕੈਂਪ ਹਾਈਪਰਟੈਨਸ਼ਨ ਅਤੇ ਸ਼ੂਗਰ ਦੀ ਜਾਂਚ ਲਈ ਕੈਂਪ ਲਗਾਇਆ ਗਿਆ। ਸਮਾਗਮ ਦੀ ਸਮਾਪਤੀ ਸਹੁੰ ਚੁੱਕ ਸਮਾਗਮ ਨਾਲ ਕੀਤੀ ਗਈ।
ਇਸ ਮੌਕੇ ਬੀ.ਡੀ.ਪੀ.ਓ ਹਰਸ਼ਾ ਛੀਨਾ, ਬਲਾਕ ਖੇਤੀਬਾੜੀ ਅਫ਼ਸਰ, ਏ.ਬੀ.ਐਫ ਮਹਿਮੀਤ, ਏ.ਬੀ.ਐਫ ਸ਼ਿਵਾਲੀ ਸ਼ਰਮਾ, ਹਿਮਾਂਸ਼ੀ, ਚੇਤਨਿਆ ਅਤੇ ਸ੍ਰੀ ਪਰਵੇਸ਼ ਕੁਮਾਰ ਮੌਜ਼ੂਦ ਸਨ।