ਮੱਲਾਂ / ਫਿਰੋਜ਼ਪੁਰ (ਗੁਰਦੇਵ ਗਿੱਲ /ਮੰਗਲ ਸਿੰਘ ਮੱਖੂ)
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਤੇ ਕਿਸਾਨ ਮਜਦੂਰ ਮੋਰਚਾ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸੁਰਜੀਤ ਫੂਲ ਵੱਲੋਂ ਕੀਤੇ ਸਾਂਝੇ ਐਲਾਨ ਤਹਿਤ ਰੇਲਵੇ ਸਟੇਸ਼ਨ ਮੱਲਾਂ ਵਾਲਾ ਵਿਖੇ ਰੇਲਵੇ ਟਰੈਕ ਉਪਰ ਕਿਸਾਨਾਂ , ਮਜਦੂਰਾਂ ਅਤੇ ਕਿਸਾਨ ਮਹਿਲਾ ਵੱਲੋਂ ਬੈਠ ਕੇ ਰੇਲਾਂ ਰੋਕੀਆਂ ਗਈਆ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸ਼ਭਰਾ, ਜਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਵਾਲਾ ਤੇ ਜੋਨ ਪ੍ਰਧਾਨ ਰਛਪਾਲ ਸਿੰਘ ਨੇ ਕਿਹਾ ਕਿਸਾਨਾਂ ਮਜ਼ਦੂਰਾਂ ਵੱਲੋਂ ਪੁਰੇ ਦੇਸ਼ ਅੰਦਰ ਸਾਢੇ ਬਾਰਾਂ ਤੋ ਢਾਈ ਵਜੇ ਤੱਕ ਰੇਲਾਂ ਰੋਕੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ ਦੌਰਾਨ ਲਖੀਮਪੁਰ ਖੀਰੀ ਦੇ ਘਟਨਾ ਦੌਰਾਨ ਭਾਜਪਾ ਆਗੂ ਅਜੇ ਮਿਸ਼ਰਾ ਟੈਣੀ ਦੇ ਸਪੁੱਤਰ ਅਸੀਂਸ਼ ਮਿਸ਼ਰਾ ਟੈਣੀ ਸਮੇਤ ਉਸਦੇ ਗੁਰਗਿਆਂ ਵੱਲੋਂ 4 ਕਿਸਾਨ ਤੇ ਇੱਕ ਪੱਤਰਕਾਰ ਨੂੰ ਆਪਣੀ ਗੱਡੀ ਹੇਠ ਦਰੜ ਕੇ ਕਤਲ ਕਰ ਦਿੱਤਾ ਗਿਆ ਸੀ,ਦੇ ਵਿਰੋਧ ਵਿੱਚ ਅੱਜ ਭਾਰਤ ਅੰਦਰ ਦੇਸ਼ ਵਿਆਪੀ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇ ਕੇ ਜੇਲਾਂ ਵਿੱਚ ਬੰਦ ਕਰਵਾਉਣ ਲਈ ਕਿਸਾਨ ਅੰਦੋਲਨ ਦੀਆਂ ਸਮੂਹ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਲਈ ਰੇਲਾ ਰੋਕੀਆਂ ਗਈਆਂ ਹਨ। ਉਨ੍ਹਾਂ ਕੇਦਰ ਦੀ ਮੋਦੀ ਸਰਕਾਰ ਤੋਂ ਜੋਰਦਾਰ ਮੰਗ ਕਰਦਿਆਂ ਕਿਹਾ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਮੁੜ ਅੰਦੋਲਨ ਸ਼ੁਰੂ ਹੋਵੇਗਾ ਅਤੇ ਦਿੱਲੀ ਨੂੰ ਜਾਣ ਵਾਲੇ ਸਮੂਹ ਰਸਤੇ ਬੰਦ ਕੀਤੇ ਜਾਣਗੇ ।
ਆਗੂਆ ਅੱਗੇ ਕਿਹਾ ਕਿ ਫਿਰੋਜ਼ਪੁਰ ਦੇ ਖਾਦ ਦੇ ਡਿਸਟਰੀਬਿਊਟਰਾ ਵੱਲੋਂ ਡੀ ਏ ਪੀ ਖਾਦ ਦੀ ਨਕਲੀ ਕਿੱਲਤ ਪੈਦਾ ਕਰਕੇ ਉਸ ਨੂੰ ਬਲੈਕ ਕਰਕੇ ਦੂਜੇ ਜਿਲ੍ਹਿਆਂ ਵਿੱਚ ਵੱਧ ਰੇਟਾ ਤੇ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਜਿਲ੍ਹੇ ਦੇ ਦੁਕਾਨਦਾਰਾਂ ਨੂੰ ਡੀ ਏ ਪੀ ਦੇ ਨਾਲ ਨੈਨੋ ਯੂਰੀਆ ਤੇ ਹੋਰ ਸਮੱਗਰੀ ਲੈਣ ਲਈ ਕਹਿ ਰਹੇ ਹਨ। ਜਿਸ ਕਰਕੇ ਕਿਸਾਨਾਂ ਤੱਕ ਖਾਦ ਨਹੀਂ ਪਹੁੰਚ ਰਹੀ। ਉਨ੍ਹਾਂ ਕਿਹਾ ਕਿ ਪ੍ਸ਼ਾਸ਼ਨ ਤੁਰੰਤ ਇਸ ਸਮੱਸਿਆ ਨੂੰ ਹੱਲ ਕਰੇ। ਉਨ੍ਹਾਂ ਕਿਹਾ ਕਿ ਪਰਾਲੀ ਦੇ ਮਸਲੇ ਤੇ ਪੰਜਾਬ ਸਰਕਾਰ ਹੱਲ ਕੱਢਣ ਦੀ ਬਜਾਏ ਜੋ ਰੈਡ ਐਂਟਰੀਆ, ਪਰਚੇ ਕਰਨ,ਅਸਲਾ ਲਾਈਸੰਸ ਰੱਦ ਕਰਨ ਵਾਲੇ ਤੁਗਲਕੀ ਫੁਰਮਾਨ ਜਾਰੀ ਕਰ ਰਹੀ ਹੈ, ਉਹ ਵਾਪਸ ਲਵੇ ਨਹੀਂ ਤਾਂ ਅਫਸਰਸ਼ਾਹੀ, ਵਿਧਾਇਕਾਂ ਤੇ ਮੰਤਰੀਆਂ ਦੀ ਵੀ ਐਂਟਰੀ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਬੰਦ ਕੀਤੀ ਜਾਵੇਗੀ।
ਇਸ ਮੌਕੇ ਜੋਨ ਮੀਤ ਪ੍ਰਧਾਨ ਮੱਸਾ ਸਿੰਘ, ਸਕੱਤਰ ਸੁਖਦੇਵ ਸਿੰਘ, ਖਜਾਨਚੀ ਗੁਰਮੁੱਖ ਸਿੰਘ, ਬਚਿੱਤਰ ਸਿੰਘ , ਹਰਦੀਪ ਸਿੰਘ ਆਸਿਫ ਵਾਲਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਧਰਨੇ ਵਿੱਚ ਸ਼ਾਮੂਲੀਅਤ ਕੀਤੀ।