ਲਾਰੈਂਸ ਗੈਂਗ ਨੇ ਦੀਪਕ ਟੀਨੂੰ ਦੇ ਝੂਠੇ ਮੁਕਾਬਲੇ ਦਾ ਪ੍ਰਗਟਾਇਆ ਖਦਸ਼ਾ, ਦਿੱਤੀ ਚਿਤਾਵਨੀ
ਬਠਿੰਡਾ, 2 ਅਕਤੂਬਰ : ਮਾਨਸਾ ਪੁਲਿਸ ਦੀ ਹਿਰਾਸਤ ’ਚੋਂ ਫਰਾਰ ਹੋਏ ਗੈਂਗਸਟਰ ਦੀਪਕ ਉਰਫ ਟੀਨੂੰ ਖਿਲਾਫ਼ ਪੁਲਿਸ ਵੱਲੋਂ ਨਾਜਾਇਜ਼ ਕਾਰਵਾਈ ਕੀਤੇ ਜਾਣ ਦਾ ਲਾਰੈਂਸ ਗੈਂਗ ਨੇ ਖਦਸ਼ਾ ਪ੍ਰਗਟਾਇਆ ਹੈ।
ਸੋਸਲ ਮੀਡੀਆ ’ਤੇ ਪਾਈ ਪੋਸਟ ’ਚ ਲਾਰੈਂਸ ਬਿਸ਼ਨੋਈ ਗੈਂਗ ਨੇ ਜਿੱਥੇ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੀ ਸੂਚਨਾ ਦਿੱਤੀ ਹੈ ਉੱਥੇ ਹੀ ਉਸ ਦਾ ਝੂਠਾ ਪੁਲਿਸ ਮੁਕਾਬਲਾ ਬਣਾਏ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਹੀ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੀਪਕ ਟੀਨੂੰ ਨਾਲ ਕੋਈ ਨਾਜਾਇਜ ਹੋਈ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ।
ਪੋਸਟ ’ਚ ਲਿਖਿਆ ਹੈ- ਰਾਮ ਰਾਮ ਸਾਰੇ ਭਾਈਆਂ ਨੂੰ, ਪੋਸਟ ਖਾਸ ਹਰਿਆਣਾ ਪੁਲਿਸ ਅਤੇ ਪੰਜਾਬ ਪੁਲਿਸ ਲਈ ਹੈ। ਸਾਡਾ ਭਰਾ ਟੀਨੂੰ ਹਰਿਆਣਾ ਉਰਫ਼ ਦੀਪਕ ਪੁਲਿਸ ਕਸਟਡੀ ’ਚੋਂ ਫ਼ਰਾਰ ਹੋ ਗਿਆ ਹੈ। ਪੁਲਿਸ ਉਸ ਨਾਲ ਕੁਝ ਵੀ ਨਾਜਾਇਜ ਕਰ ਸਕਦੀ ਹੈ। ਇਹ ਪੋਸਟ ਤਾਂ ਪਾਉਣੀ ਪੈ ਰਹੀ ਹੈ ਕਿਉਂਕਿ ਅਸੀਂ ਪਹਿਲਾਂ ਹੀ ਬਹੁਤ ਧੱਕਾ ਸਹਿ ਚੁੱਕੇ ਹਾਂ, ਹੋਰ ਨਹੀਂ ਸਹਿਣਾ, ਸਾਨੂੰ ਮਜਬੂਰ ਨਾ ਕਰਿਆ ਜਾਵੇ, ਜੋ ਕਾਰਵਾਈ ਬਣਦੀ ਹੈ ਪੁਲਿਸ ਕਰੇ। ਭਾਈ ਦੇ ਨਾਲ ਕੁਝ ਵੀ ਨਾਜਾਇਜ਼ ਨਾ ਹੋਵੇ ਨਹੀਂ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ।