ਲੁਧਿਆਣਾ, 27 ਜੂਨ, (ਕਰਨੈਲ ਸਿੰਘ ਐੱਮ.ਏ.)— ਅੱਜ ਮਿਤੀ 27, ਜੂਨ, 2023 ਨੂੰ ਪਿੰਗਲਵਾੜਾ ਮੁਖ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਡਾ.ਇੰਦਰਜੀਤ ਕੌਰ, ਮੁੱਖ ਸੇਵਾਦਾਰ ਪਿੰਗਲਵਾੜਾ ਨੇ ਦੱਸਿਆ ਕਿ ਬਰਲਿਨ, ਜਰਮਨੀ ਵਿਖੇ 17 ਤੋਂ 25 ਜੂਨ, 2023 ਨੂੰ ਹੋਈਆਂ ਸਪੈਸ਼ਲ ੳਲੰਪਿਕ ਅੰਤਰਰਾਸ਼ਟਰੀ ਖੇਡਾਂ ਵਿੱਚ ਪਿੰਗਲਵਾੜੇ ਦੇ ਭਗਤ ਪੂਰਨ ਸਿੰਘ ਸਕੂਲ ਦੇ ਤਿੰਨ ਬੱਚਿਆਂ ਨੇ ਰੋਲਰ ਸਕੇਟਿੰਗ ਖੇਡ ਵਿੱਚ ਚਾਰ ਮੈਡਲ ਜਿੱਤ ਕੇ ਪਿੰਗਲਵਾੜਾ, ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਇਹਨਾਂ ਵਿੱਚ ਮੁਹੰਮਦ ਨਿਸਾਰ ਨੇ ਸੋਨੇ ਦਾ ਮੈਡਲ, ਰੇਨੂੰ ਨੇ ਦੋ ਬਰੋਂਜ ਮੈਡਲ ਅਤੇ ਸੀਤਾ ਨੇ ਇਕ ਬਰੋਂਜ ਮੈਡਲ ਜਿੱਤਿਆ। ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬਰਲਿਨ (ਜਰਮਨੀ) ਵਿਖੇ ਕੁੱਲ 193 ਦੇਸ਼ਾਂ ਵਿੱਚੋਂ 7,000 ਖਿਡਾਰੀਆਂ ਨੇ ਹਿੱਸਾ ਲਿਆ। ਜਿਸ ਵਿੱਚ ਪੂਰੇ ਭਾਰਤ ਵਿੱਚੋਂ 198 ਖਿਡਾਰੀ ਸ਼ਾਮਿਲ ਹੋਏ।ਜਿਹਨਾਂ ਨੇ 76 ਸੋਨੇ ਦੇ, 75 ਚਾਂਦੀ ਦੇ ਅਤੇ 51 ਬਰੋਨਜ਼ ਮੈਡਲ ਹਾਸਲ ਕੀਤੇ। ਪੰਜਾਬ ਵਿੱਚੋਂ 08 ਖਿਡਾਰੀ (03 ਸੋਨੇ ਦੇ ਮੈਡਲ, 01 ਚਾਂਦੀ ਦਾ ਮੈਡਲ, 04 ਬਰੋਨਜ਼ ਮੈਡਲ, ਕੁੱਲ 08 ਮੈਡਲ), ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਵਿੱਚੋਂ 03 ਖਿਡਾਰੀਆ ਨੇ ਸ਼ਾਮਿਲ ਹੋ ਕੇ 04 ਮੈਡਲ ਪ੍ਰਾਪਤ ਕੀਤੇ।
ਇਹ ਪਿੰਗਲਵਾੜੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ। ਉਹਨਾਂ ਨੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਜਿਹਨਾਂ ਦੇ ਉੱਦਮ ਸਦਕਾ ਹਰ ਸੋਨਾ ਪਦਕ ਵਿਜੇਤਾ ਨੂੰ 10 ਲੱਖ ਰੁਪਏ, ਚਾਂਦੀ ਪਦਕ ਵਿਜੇਤਾ ਨੂੰ 7 ਲੱਖ ਅਤੇ ਤਾਂਬੇ ਪਦਕ ਵਿਜੇਤਾ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮਿਤੀ 28-06-2023 ਨੂੰ ਪੰਜਾਬ ਦੀ ਪੂਰੀ ਟੀਮ ਦੇ ਲੁਧਿਆਣੇ ਪਹੁੰਚਣ ਤੇ ਸਪੈਸ਼ਲ ੳਲੰਪਿਕ, ਪੰਜਾਬ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਪਿੰਗਲਵਾੜੇ ਦੀ ਟੀਮ ਦੇ ਮਾਨਾਂਵਾਲਾ ਬ੍ਰਾਂਚ ਪਹੁੰਚਣ ਤੇ ਪੂਰੇ ਜੋਸ਼ ਅਤੇ ਵਿਆਹ ਵਰਗੇ ਮਾਹੌਲ ਵਿੱਚ ਸਵਾਗਤ ਤੇ ਸਨਮਾਨ ਕੀਤਾ ਜਾਵੇਗਾ। ਇਹਨਾਂ ਖਿਡਾਰੀਆਂ ਦਾ ਸਨਮਾਨ ਕਰਨ ਅਤੇ ਇਹਨਾਂ ਨੂੰ ਸ਼ੁਭਕਾਮਨਾਵਾਂ ਦੇਣ ਵਾਸਤੇ ਜੇਤੂ ਮਾਰਚ
ਮਿਤੀ 29-06-2023 ਨੂੰ ਸਵੇਰੇ 9 ਵਜੇ ਪਿੰਗਲਵਾੜਾ ਮਾਨਾਂਵਾਲਾ ਬਰਾਂਚ ਤੋਂ ਸ਼ੁਰੂ ਹੋ ਕੇ ਗੋਲਡਨ ਗੇਟ, ਭੰਡਾਰੀ ਪੁਲ, ਕ੍ਰਿਸਟਲ ਚੌਂਕ, ਹੁਸੈਨਪੁਰਾ ਚੌਂਕ ਤੋਂ ਮੁੱਖ ਦਫ਼ਤਰ ਤੀਕ ਕੱਢਿਆ ਜਾਵੇਗਾ। ਭੰਡਾਰੀ ਪੁਲ ਪਹੁੰਚਣ ਤੇ ਖਾਲਸਾ ਗਲੋਬਲ ਰੀਚ ਫਾਊਡੇਸ਼ਨ ਦੇ ਮੈਂਬਰ ਖਿਡਾਰੀਆਂ ਦਾ ਉਚੇਚਾ ਸਨਮਾਨ ਕਰਨਗੇ। ਮੁੱਖ ਦਫ਼ਤਰ ਪਹੁੰਚਣ ਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਇਹਨਾਂ ਦਾ ਸਵਾਗਤ ਅਤੇ ਸਨਮਾਨ ਕੀਤਾ ਜਾਵੇਗਾ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਸਕੂਲ ਦੇ 8 ਵਿਦਿਆਰਥੀਆਂ, ਡੋਲੀ, ਸ਼ਾਲੂ, ਰਾਜੂ ਰਜਿੰਦਰ, ਪੂਨਮ, ਰਾਜਵੰਤ, ਗੋਰੀ, ਪਿੰਕੀ ਨੇ ਲੋਸ ਏਂਜਲਸ (ਅਮਰੀਕਾ), ਵਿਆਨਾ (ਆਸਟਰੀਆ), ਅਬੂ ਧਾਬੀ (ਯੂ. ਏ. ਈ) ਵਿਖੇ 11 ਮੈਡਲ ਪ੍ਰਾਪਤ ਕਰਕੇ ਪਿੰਗਲਵਾੜੇ ਦਾ ਨਾਂ ਰੋਸ਼ਨ ਕੀਤਾ ਹੈ। ਡਾ.ਇੰਦਰਜੀਤ ਕੌਰ ਜੀ ਨੇ ਦੱਸਿਆ ਕਿ ਇਸ ਪ੍ਰਾਪਤੀ ਵਿੱਚ ਪਿੰਗਲਵਾੜਾ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੀ ਪ੍ਰਿੰਸੀਪਲ ਅਨੀਤਾ ਬੱਤਰਾ ਅਤੇ ੳਹਨਾਂ ਦੇ ਪੂਰੇ ਸਟਾਫ਼ ਦਾ ਉਘਾ ਯੋਗਦਾਨ ਹੈ। ਪ੍ਰੈਸ ਕਾਨਫ਼ਰੰਸ ਵਿੱਚ ਵਿਸ਼ੇਸ਼ ਤੌਰ ਤੇ ਸ. ਮੁਖਤਾਰ ਸਿੰਘ ਆਨਰੇਰੀ ਸਕੱਤਰ, ਸ. ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ, ਕਰਨਲ ਦਰਸ਼ਨ ਸਿੰਘ ਬਾਵਾ, ਪ੍ਰਸ਼ਾਸ਼ਕ ਪਿੰਗਲਵਾੜਾ, ਸ. ਪਰਮਿੰਦਰਜੀਤ ਸਿੰਘ ਭੱਟੀ ਸਹਿ ਪ੍ਰਸ਼ਾਸ਼ਕ ਅਤੇ ਸਰਦਾਰਨੀ ਸੁਰਿੰਦਰ ਕੌਰ ਭੱਟੀ, ਸ. ਬਖਸ਼ੀਸ਼ ਸਿੰਘ, ਰਿਟਾ. ਡੀ.ਐਸ.ਪੀ (ਪ੍ਰਸ਼ਾਸ਼ਕ ਮਾਨਾਂਵਾਲਾ ਬ੍ਰਾਂਚ), ਸ੍ਰੀ ਤਿਲਕ ਰਾਜ (ਜਨਰਲ ਮੈਨੇਜਰ), ਹਰਪਾਲ ਸਿੰਘ ਸੰਧੂ, ਕੇਅਰ ਟੇਕਰ ਆਦਿ ਸ਼ਾਮਿਲ ਸਨ।