ਦਲਜੀਤ ਕੌਰ
ਸੰਗਰੂਰ, 8 ਸਤੰਬਰ, 2023: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ -2023 ਅਧੀਨ ਬਲਾਕ ਪੱਧਰੀ ਖੇਡਾਂ ਦੇ ਮੁਕਾਬਲੇ ਅੱਜ ਜ਼ਿਲ੍ਹਾ ਸੰਗਰੂਰ ਵਿਖੇ ਸਮਾਪਤ ਹੋ ਗਏ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਬਲਾਕਾਂ ਵਿਚ ਕਰਵਾਈਆਂ ਬਲਾਕ ਪੱਧਰੀ ਖੇਡਾਂ ਦੇ ਤਹਿਤ ਅੰਡਰ-14, 17, 20, 21 ਦੇ ਨਾਲ ਨਾਲ 21 ਤੋਂ 30, 31 ਤੋਂ 40, 41 ਤੋਂ 55, 56 ਤੋਂ 65, 65 ਸਾਲ ਤੋਂ ਉਪਰ ਵਿੱਚ ਫੁੱਟਬਾਲ, ਵਾਲੀਬਾਲ (ਸ਼ੂਟਿੰਗ), ਵਾਲੀਬਾਲ (ਸਮੈਸ਼ਿੰਗ), ਕਬੱਡੀ (ਸਰਕਲ ਸਟਾਇਲ), ਕਬੱਡੀ (ਨੈਸਨਲ ਸਟਾਇਲ), ਐਥਲੇਟਿਕਸ, ਰੱਸਾ-ਕੱਸੀ ਅਤੇ ਖੋਹ-ਖੋਹ ਵਿੱਚ ਖਿਡਾਰੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਖੇਡ ਪ੍ਰੇਮੀਆਂ ਨੇ ਵੀ ਪੂਰੇ ਉਤਸ਼ਾਹ ਨਾਲ ਖੇਡ ਮੈਚਾਂ ਦਾ ਆਨੰਦ ਮਾਣਿਆ।
ਅੱਜ ਦੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਬਲਾਕ ਸ਼ੇਰਪੁਰ ਵਿੱਚ ਵਾਲੀਬਾਲ ਸ਼ੂਟਿੰਗ ਦੇ ਖੇਡ ਮੁਕਾਬਲੇ ਵਿੱਚ ਉਮਰ ਵਰਗ 21-30 (ਪੁਰਸ਼ਾਂ) ਵਿੱਚ ਬਾਬਾ ਬੰਦਾ ਸਿੰਘ ਬਹਾਦਰ ਪਿੰਡ ਕਾਤਰੋਂ ਦੀ ਟੀਮ ਨੇ ਪਹਿਲਾ ਅਤੇ ਪਿੰਡ ਫਰਵਾਹੀ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ। ਐਥਲੈਟਿਕਸ ਉਮਰ ਵਰਗ 31-40 (ਪੁਰਸ਼ਾਂ) ਤਹਿਤ 100 ਮੀਟਰ ਦੌੜ ਵਿੱਚ ਅੰਕਰੀਤ ਸਿੰਘ, ਜਗਦੀਪ ਸਿੰਘ ਅਤੇ ਮੁਹੰਮਦ ਆਰਿਫ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਉਮਰ ਵਰਗ ਤਹਿਤ ਲੰਬੀ ਛਾਲ ਵਿੱਚ ਕਮਲਜੀਤ ਸਿੰਘ ਨੇ ਪਹਿਲਾ ਅਤੇ ਜਗਦੀਪ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ। ਬਲਾਕ ਧੂਰੀ ਵਿਖੇ ਹੋਏ ਫੁੱਟਬਾਲ ਮੁਕਾਬਲਿਆਂ ਅੰ-21 (ਲੜਕੇ) ਦੌਰਾਨ ਪਿੰਡ ਬਨਭੌਰੀ ਦੀ ਟੀਮ ਨੇ ਪਹਿਲਾ, ਪਿੰਡ ਭੁੱਸਰ ਹੇੜੀ ਦੀ ਟੀਮ ਨੇ ਦੂਸਰਾ ਅਤੇ ਪਿੰਡ ਬੇਨੜਾ ਦੀ ਅਕਾਲ ਅਕੈਡਮੀ ਬੇਨੜਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤਰ੍ਹਾਂ ਫੁੱਟਬਾਲ ਦੇ ਏਜ਼ ਗਰੁੱਪ 21-30 (ਲੜਕੇ) ਦੇ ਮੁਕਾਬਲੇ ਦੌਰਾਨ ਧੂਰੀ ਫੁੱਟਬਾਲ ਕਲੱਬ ਨੇ ਪਹਿਲਾ ਅਤੇ ਪਿੰਡ ਭਸੌੜ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ। ਬਲਾਕ ਸੰਗਰੂਰ ਵਿਖੇ ਐਥਲੈਟਿਕਸ 56-65 (ਔਰਤਾਂ) ਤਹਿਤ ਸ਼ਾਟਪੁੱਟ ਵਿੱਚ ਹਰਕੀਰਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਉਮਰ ਵਰਗ 55-65 (ਮੈਨ) ਤਹਿਤ 400 ਮੀਟਰ ਦੌੜ ਵਿੱਚ ਹਰਜਿੰਦਰ ਸਿੰਘ ਨੇ ਪਹਿਲਾ ਅਤੇ ਸਮਸ਼ੇਰ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ।