ਦਲਜੀਤ ਕੌਰ
ਸੰਗਰੂਰ, 8 ਸਤੰਬਰ, 2023: ਪੰਜਾਬ ਨੂੰ ਸਾਲ 2025 ਤੱਕ ਟੀ.ਬੀ ਮੁਕਤ ਸੂਬਾ ਬਣਾਉਣ ਦੇ ਉਦੇਸ਼ ਵਜੋਂ ਟੀ.ਬੀ ਰੋਗੀਆਂ ਦੀ ਸਿਹਤਯਾਬੀ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਪੁੱਟਦਿਆਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਤਰਫੋਂ 467 ਟੀ.ਬੀ ਪੀੜਤਾਂ ਨੂੰ ਨਿਊਟਰੀਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਰਿਚਾ ਗੋਇਲ ਨੇ ਦੱਸਿਆ ਕਿ 1 ਤੋਂ 7 ਸਤੰਬਰ ਤੱਕ ਨਿਊਟਰੀਸ਼ਨ ਹਫ਼ਤਾ ਮਨਾਉਣ ਦੇ ਨਾਲ ਨਾਲ ਪ੍ਰਸ਼ਾਸਨ ਵੱਲੋਂ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਲਗਾਤਾਰ ਟੀ.ਬੀ ਰੋਗੀਆਂ ਦੀ ਮਦਦ ਲਈ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਲਾਜ ਕਰਵਾ ਰਹੇ ਟੀ.ਬੀ ਰੋਗੀਆਂ ਦੀ ਸੂਚੀ ਤਿਆਰ ਕਰਕੇ ਲੋੜਵੰਦਾਂ ਨੂੰ ਪੌਸ਼ਟਿਕ ਖੁਰਾਕ ਵਜੋਂ ਨਿਊਟਰੀਸ਼ਨ ਕਿੱਟਾਂ ਸੌਂਪੀਆਂ ਜਾ ਰਹੀਆਂ ਹਨ।
ਰਿਚਾ ਗੋਇਲ ਨੇ ਦੱਸਿਆ ਕਿ ਸਿਵਲ ਹਸਪਤਾਲ ਸੰਗਰੂਰ ਸਮੇਤ ਸਾਰੇ ਹੀ ਸਰਕਾਰੀ ਹਸਪਤਾਲਾਂ ਵਿੱਚ ਜਾ ਕੇ ਪ੍ਰਸ਼ਾਸਨਿਕ ਟੀਮਾਂ ਵੱਲੋਂ ਸਮਾਜ ਸੇਵੀ ਸੰਗਠਨਾਂ ਦੇ ਨੁਮਾਇੰਦਿਆਂ ਅਤੇ ਟੀ.ਬੀ ਦੇ ਮਾਹਿਰ ਡਾਕਟਰਾਂ ਦੀ ਮੌਜੂਦਗੀ ਵਿੱਚ ਟੀ.ਬੀ ਪੀੜਤਾਂ ਨੂੰ ਇਹ ਸਮੱਗਰੀ ਵੰਡੀ ਗਈ ਹੈ ਅਤੇ ਇਸ ਪ੍ਰਕਿਰਿਆ ਨੂੰ ਨਿਯਮਤ ਤੌਰ ’ਤੇ ਲਾਗੂ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ ਪੀੜਤਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ ਅਤੇ ਹੁਣ ਪੌਸ਼ਟਿਕ ਖੁਰਾਕ ਵਜੋਂ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਇਹ ਨਿਊਟੀਰਸ਼ਨ ਕਿੱਟਾਂ ਮੁਫਤ ਮਿਲਣ ਨਾਲ ਲੋੜਵੰਦ ਲੋਕ ਕਾਫ਼ੀ ਸੰਤੁਸ਼ਟ ਨਜ਼ਰ ਆ ਰਹੇ ਹਨ। ਇਸ ਮੌਕੇ ਜ਼ਿਲ੍ਹਾ ਟੀ.ਬੀ ਅਫ਼ਸਰ ਡਾ. ਵਿਕਾਸ ਧੀਰ ਨੇ ਟੀ.ਬੀ ਪੀੜਤ ਵਿਅਕਤੀਆਂ ਨੂੰ ਸਮੇਂ ਸਿਰ ਦਵਾਈ ਲੈਣ ਅਤੇ ਵਧੀਆ ਖੁਰਾਕ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਮੈਡੀਕਲ ਅਫ਼ਸਰ ਡਾ. ਗੁਨਤਾਸ ਕੌਰ, ਐਸ.ਟੀ.ਐਸ ਵਿਸ਼ਾਲਦੀਪ ਸ਼ਰਮਾ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਤਰਫੋਂ ਨੀਰੂ ਸਮੇਤ ਹੋਰ ਅਧਿਕਾਰੀ ਵੀ ਮੌਜੁਦ ਸਨ। ਇਸ ਸ਼ੁਭ ਕਾਰਜ ਵਿਚ ਸਹਿਯੋਗ ਦੇਣ ਲਈ ਸਹਾਇਕ ਕਮਿਸ਼ਨਰ ਵੱਲੋਂ ਸ਼੍ਰੀ ਦੁਰਗਾ ਸੇਵਾ ਦਲ ਸੁਸਾਇਟੀ, ਸ਼੍ਰੀ ਪ੍ਰਭੂ ਕਿਰਪਾ ਸੁਸਾਇਟੀ, ਵਰਬੀਓ ਇੰਡੀਆ ਪ੍ਰਾਈਵੇਟ ਲਿਮਟਡ , ਕੇ ਆਰ ਬੀ ਐਲ ਭਸੌੜ ਅਤੇ ਪੈਪਸੀਕੋ ਚੰਨੋ ਦਾ ਧੰਨਵਾਦ ਕੀਤਾ ਗਿਆ।