ਪੱਟੀ/ਤਰਨਤਾਰਨ,28 ਫਰਵਰੀ -(ਰਾਕੇਸ਼ ਨਈਅਰ ਚੋਹਲਾ)
ਹਰ ਔਖੀ ਘੜੀ ਵੇਲੇ ਲੋੜਵੰਦਾਂ ਲਈ ਸਭ ਤੋਂ ਮੋਹਰੀ ਹੋ ਕੇ ਨਿਸ਼ਕਾਮ ਸੇਵਾ ਕਾਰਜ ਨਿਭਾਉਣ ਵਾਲੇ ਕੌਮਾਂਤਰੀ ਪੱਧਰ ਦੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਮਾਨਵਤਾ ਨੂੰ ਸਮਰਪਿਤ ਕੀਤੇ ਜਾ ਰਹੇ ਕਾਰਜਾਂ ਤਹਿਤ ਟਰੱਸਟ ਵੱਲੋਂ ਪਿੰਡ ਰੱਤਾ ਗੁੱਦਾ ਵਿਖੇ ਅੱਖਾਂ ਦੀ ਜਾਂਚ ਦਾ ਮੁਫ਼ਤ ਲਗਾਇਆ ਗਿਆ। ਜਿਸ ਦੌਰਾਨ 450 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।ਇਸ ਮੌਕੇ ਜਾਣਕਾਰੀ ਦਿੰਦਿਆਂ ਟਰੱਸਟ ਦੀ ਤਰਨਤਾਰਨ ਇਕਾਈ ਦੇ ਪ੍ਰਧਾਨ ਪ੍ਰਿੰਸ ਧੁੰਨਾ ਨੇ ਦੱਸਿਆ ਕਿ ਡਾਕਟਰ ਓਬਰਾਏ ਦਾ ਨਾਮ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ,ਅੱਜ ਉਨ੍ਹਾਂ ਦੀ ਅਗਵਾਈ ਹੇਠ 636ਵਾਂ ਅੱਖਾਂ ਦਾ ਕੈਂਪ ਪਿੰਡ ਰੱਤਾ ਗੁੱਦਾ ਵਿਖੇ ਲਗਾਇਆ ਗਿਆ ਹੈ।ਜਿਸ ਦੌਰਾਨ ਮਰੀਜ਼ਾਂ ਦਾ ਚੈੱਕਅਪ ਲੁਧਿਆਣੇ ਦੇ ਮਸ਼ਹੂਰ ਹਸਪਤਾਲ ਸ਼ੰਕਰਾ ਆਈ ਕੇਅਰ ਦੇ ਡਾਕਟਰਾਂ ਵੱਲੋਂ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ 450 ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾਇਆ। 200 ਲੋੜਵੰਦ ਮਰੀਜ਼ਾਂ ਨੂੰ ਨਜ਼ਰ ਦੀਆਂ ਐਨਕਾਂ, ਦਵਾਈਆਂ ਤਕਸੀਮ ਕਰਨ ਤੋਂ ਇਲਾਵਾ 25 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ ਹਨ। ਜਿਹਨਾਂ ਨੂੰ ਮੌਕੇ ਤੇ ਹੀ ਬੱਸ ਰਾਹੀਂ ਹਸਪਤਾਲ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ ਨੇ ਦੱਸਿਆ ਕਿ ਟਰੱਸਟ ਵੱਲੋਂ ਲਗਾਤਾਰ ਜਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਪਿੰਡਾਂ ਵਿੱਚ ਅਜਿਹੇ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਜਿਸਦਾ ਇਲਾਕੇ ਦੇ ਲੋਕ ਭਰਪੂਰ ਲਾਹਾ ਪ੍ਰਾਪਤ ਕਰ ਰਹੇ ਹਨ। ਅਖ਼ੀਰ ਵਿੱਚ ਉਹਨਾਂ ਵੱਲੋਂ ਪਿੰਡ ਰੱਤਾ ਗੁੱਦਾ ਦੀ ਸਮੂਹ ਟੀਮ,ਨਗਰ ਨਿਵਾਸੀ ਅਤੇ ਡਾਕਟਰਾਂ ਦੀ ਟੀਮ ਦਾ ਕੈਂਪ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ । ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ ਰੱਤਾ ਗੁੱਦਾ,ਸੁਖਵਿੰਦਰ ਸਿੰਘ,ਗੁਰਵਿੰਦਰ ਸਿੰਘ ਬਰਵਾਲਾ,ਵਿਸ਼ਾਲ ਸੂਦ, ਮਾਸਟਰ ਜਸਪ੍ਰੀਤ ਸਿੰਘ, ਡਾਕਟਰ ਸਰਬਪ੍ਰੀਤ ਸਿੰਘ,ਕਰਨਦੀਪ ਸਿੰਘ ਗਿੱਲ ਹਾਜ਼ਰ ਸਨ।