Home » ਵਿਧਾਇਕ ਦਹੀਯਾ, ਵਿਧਾਇਕ ਭੁੱਲਰ ਤੇ ਡੀ.ਸੀ. ਵੱਲੋਂ ਦਿਵਿਆਂਗਜਨਾਂ ਨੂੰ ਮੁਫ਼ਤ ਬਨਾਵਟੀ ਅੰਗ ਅਤੇ ਉਪਕਰਨਾਂ ਦੀ ਵੰਡ ਕੀਤੀ ਗਈ

ਵਿਧਾਇਕ ਦਹੀਯਾ, ਵਿਧਾਇਕ ਭੁੱਲਰ ਤੇ ਡੀ.ਸੀ. ਵੱਲੋਂ ਦਿਵਿਆਂਗਜਨਾਂ ਨੂੰ ਮੁਫ਼ਤ ਬਨਾਵਟੀ ਅੰਗ ਅਤੇ ਉਪਕਰਨਾਂ ਦੀ ਵੰਡ ਕੀਤੀ ਗਈ

ਆਈ.ਆਰ.ਐਫ.ਸੀ. ਤੇ ਅਲਿਮਕੋ ਦੀ ਭਾਗੀਦਾਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਰੈਡ ਕਰਾਸ ਸੰਸਥਾ ਦੇ ਸਹਿਯੋਗ ਨਾਲ ਮੁਫ਼ਤ ਉਪਕਰਨ ਵੰਡ ਕੈਂਪ ਦਾ ਕੀਤਾ ਆਯੋਜਨ

by Rakha Prabh
89 views

281 ਦਿਵਿਯਾਂਗਜਨਾਂ ਨੂੰ ਸੀ.ਐਸ.ਆਰ. ਪ੍ਰੋਗਰਾਮ ਤਹਿਤ 63.00 ਲੱਖ ਰੁਪਏ ਦੇ ਸਹਾਇਕ ਉਪਕਰਨਾਂ ਦੀ ਕੀਤੀ ਵੰਡ

ਫਿਰੋਜ਼ਪੁਰ, 29 ਫਰਵਰੀ ਗੁਰਪ੍ਰੀਤ ਸਿੰਘ ਸਿੱਧੂ

ਦਿਵਿਯਾਂਗਜਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਕਲਿਆਣ ਅਤੇ ਪੁਨਰਵਾਸ ਲਈ ਵੱਡੀ ਪੱਧਰ ’ਤੇ ਕੰਮ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਮਿਤੀ 21 ਤੋਂ 25 ਨਵੰਬਰ 2023 ਤੱਕ ਫਿਰੋਜ਼ਪੁਰ, ਜ਼ੀਰਾ , ਗੁਰੂਹਰਸਹਾਏ, ਤਲਵੰਡੀ ਅਤੇ ਮੱਖੂ ਵਿੱਚ ਦਿਵਿਯਾਂਗਜਨਾਂ ਲਈ ਸ਼ਨਾਖਤੀ ਕੈਂਪ ਲਗਾਏ ਗਏ ਸਨ ਅਤੇ ਇਨ੍ਹਾਂ ਕੈਂਪਾਂ ਦੌਰਾਨ ਸ਼ਨਾਖਤ ਕੀਤੇ ਗਏ ਦਿਵਿਯਾਂਗਜਨਾਂ ਨੂੰ ਅੱਜ ਮੁਫਤ ਉਪਕਰਣ ਵੰਡੇ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਬਨਾਵਟੀ ਅੰਗ ਅਤੇ ਉਪਕਰਨ ਜਿਵੇਂ ਕਿ ਮੋਟਰਾਈਜਡ ਟਰਾਈਸਾਈਕਲ,  ਟਰਾਈਸਾਈਕਲ, ਵਹੀਲਚੇਅਰ, ਵਿਸਾਖੀਆਂ, ਛੜੀਆਂ, ਰੋਲੇਟਰ, ਕੰਨਾਂ ਦੀਆਂ ਮਸ਼ੀਨਾਂ, ਸਮਾਰਟ ਕੇਨ, ਸੀ.ਪੀ.ਚੇਅਰ ਆਦਿ ਦੀ ਵੰਡ ਦਿਵਿਆਂਗਜਨ ਲਾਭਪਾਤਰੀਆਂ ਨੂੰ ਕੀਤੀ ਗਈ।

ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਤੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ ਨੇ ਦੱਸਿਆ ਕਿ ਅੱਜ ਇਸ ਸਮਾਰੋਹ ਵਿੱਚ ਲਗਭਗ 281 ਦਿਵਿਯਾਂਗਜਨਾਂ ਨੂੰ ਭਾਰਤੀ ਰੇਲਵੇ ਵਿੱਤ ਨਿਗਮ ਦੀ ਸੀ.ਐਸ.ਆਰ. ਪ੍ਰੋਗਰਾਮ ਦੇ ਤਹਿਤ ਲਗਭਗ 63.00 ਲੱਖ ਰੁਪਏ ਦੀ ਲਾਗਤ ਦੇ ਸਹਾਇਕ ਉਪਕਰਣ ਵੰਡੇ ਗਏ ਹਨ। ਲਾਭਪਾਤਰੀਆਂ ਨੂੰ ਮੁਫਤ ਵੰਡੇ ਗਏ ਉਪਕਰਨਾਂ ਵਿੱਚ ਸੀ.ਐਸ.ਆਰ. ਪ੍ਰੋਗਰਾਮ ਤਹਿਤ ਅਲਿਮਕੋ ਵੱਲੋਂ ਨਿਰਮਿਤ ਕੁੱਲ 368 ਸਹਾਇਕ ਉਪਕਰਨ ਵੰਡੇ ਜਾ ਰਹੇ ਹਨ, ਜਿਸ ਵਿੱਚ 102 ਮੋਟਰਾਈਜਡ ਟਰਾਈਸਾਈਕਲ, 59 ਟਰਾਈਸਾਈਕਲ, 48 ਵਹੀਲਚੇਅਰ, 36 ਵਿਸਾਖੀਆਂ, 07 ਛੜੀਆਂ, 01 ਰੋਲੇਟਰ, 50 ਕੰਨਾਂ ਦੀਆਂ ਮਸ਼ੀਨਾਂ, 03 ਸਮਾਰਟ ਕੇਨ, 16 ਸੀ.ਪੀ.ਚੇਅਰ ਅਤੇ 46 ਬਨਾਵਟੀ ਅੰਗ ਅਤੇ ਕੈਲੀਪਰ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਵਲੋਂ ਲੋਕਾਂ ਦੇ ਘਰਾਂ ਨੇੜੇ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਕੈਂਪ ਲਗਾ ਆਮ ਲੋਕਾਂ ਨੂੰ ਉਨ੍ਹਾਂ ਦੀਆ ਬਰੂਹਾਂ ਤੱਕ 44 ਕਿਸਮ ਦੀਆ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਟੋਲ ਫਰੀ ਨੰਬਰ 1076 ਤੇ ਸੰਪਰਕ ਕਰਕੇ ਆਮ ਲੋਕ ਆਪਣੇ ਘਰਾਂ ਚ ਰਹਿ ਕੇ ਹਰੇਕ ਸਰਕਾਰੀ ਸਹੂਲਤ ਦਾ ਲਾਭ ਲੈ ਸਕਦੇ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਯਾਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਭਾਰਤੀ ਰੇਲਵੇ ਵਿੱਤ ਨਿਗਮ (ਆਈ.ਆਰ.ਐਫ.ਸੀ.) ਦੀ ਭਾਗੀਦਾਰੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਰੈਡ ਕਰਾਸ ਸੰਸਥਾ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਿਵਿਆਂਗਜਨ ਸਾਡੇ ਸਮਾਜ ਦੇ ਮੁੱਖ ਹਿੱਸਾ ਹਨ ਇਸ ਲਈ ਦਿਵਿਆਂਗਜਨਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣਾ ਸਾਡਾ ਸਾਰਿਆਂ ਦਾ ਨੈਤਿਕ ਤੇ ਸਮਾਜਿਕ ਫਰਜ ਬਣਦਾ ਹੈ। ਇਸੇ ਤਹਿਤ ਅੱਜ ਇਸ ਵਿਸ਼ੇਸ਼ ਕੈਂਪ ਦਾ ਆਯੋਜਨ ਕਰਕੇ ਮੁਫ਼ਤ ਬਨਾਵਟੀ ਅੰਗ ਅਤੇ ਹੋਰ ਜ਼ਰੂਰੀ ਉਪਕਰਨ ਵੰਡੇ ਗਏ ਹਨ।

ਇਸ ਮੌਕੇ ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ ਨੇ ਸਤਿਕਾਰਤ ਸ਼ਖਸੀਅਤਾਂ, ਆਈ.ਆਰ.ਐਫ.ਸੀ., ਅਲਿਮਕੋ ਆਦਿ ਸੰਸਥਾਵਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਅਲਿਮਲੋ ਤੋਂ ਸ੍ਰੀ ਇਸ਼ਵਿੰਦਰ ਸਿੰਘ ਤੇ ਅਸ਼ੋਕ ਸਾਹੂ ਤੋਂ ਇਲਾਵਾ ਪ੍ਰਿੰਸੀਪਲ ਡਾ. ਸਤਿੰਦਰ ਸਿੰਘ, ਰੌਬੀ ਸੰਧੂ, ਗੁਰਜੀਤ ਸਿੰਘ ਚੀਮਾ, ਸੁਨੀਲ ਸ਼ਰਮਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।

—-

Related Articles

Leave a Comment