ਮਲੇਰਕੋਟਲਾ, 24 ਜੁਲਾਈ, 2023: ਮਣੀਪੁਰ ਵਿੱਚ ਔਰਤਾਂ ਨਾਲ ਹੋਈਆਂ ਮੰਦਭਾਗੀਆਂ ਘਟਨਾਵਾਂ ਦੇ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬੰਧੀ ਪ੍ਰੈੱਸ ਨੂੰ ਜਾਰੀ ਬਿਆਨ ਰਾਹੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਕਮਲਦੀਪ ਕੌਰ ਅਤੇ ਰੁਕਸਾਨਾ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਮਣੀਪੁਰ ਵਿੱਚ ਹਿੰਸਕ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਜਿਸ ਦੇ ਪਿੱਛੇ ਦਾ ਕਾਰਨ ਮਣੀਪੁਰ ਦੇ ਵੱਖ ਵੱਖ ਕਬੀਲਿਆਂ ਦੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਭਗਵਾਂਕਰਨ ਅਤੇ ਕਾਰਪੋਰਟ ਦੇ ਏਜੰਡੇ ਨੂੰ ਲਾਗੂ ਕਰਨਾ ਕਿਉਂ ਕਿ ਮਣੀਪੁਰ ਦੇ ਪਹਾੜੀ ਇਲਾਕੇ ਕੁਦਰਤੀ ਖਣਿਜ ਪਦਾਰਥਾਂ ਨਾਲ ਭਰਪੂਰ ਹਨ। ਇਹਨਾਂ ਕੁਦਰਤੀ ਸਰੋਤਾਂ ਦੀ ਲੁੱਟ ਕਾਰਪੋਰੇਟ ਨੂੰ ਕਰਾਈ ਜਾ ਸਕੇ। ਜਿਸ ਨੂੰ ਲੈਕੇ ਮਣੀਪੁਰ ਦੇ ਕੁੱਕੀ ਤੇ ਮੈਤੇਈ ਲੋਕਾਂ ਦੀਆਂ ਆਪਸੀ ਝੜੱਪਾਂ ਹੋ ਰਹੀਆਂ ਹਨ।
ਆਗੂਆਂ ਨੇ ਕਿਹਾ ਕਿ ਹੁਣ ਹੱਦ ਤਾਂ ਉਦੋਂ ਹੋ ਗਈ ਜਦੋਂ ਇੰਟਰਨੈੱਟ ਤੇ ਕੁੱਕੀ ਔਰਤਾਂ ਦੀ ਵੀਡੀਓ ਵਾਇਰਲ ਹੋਈ। ਜਿਸ ਵਿੱਚ ਉਹਨਾਂ ਨੂੰ ਨੰਗਿਆਂ ਕਰਕੇ ਸੜਕਾਂ ਤੇ ਸ਼ਰੇਆਮ ਘੁਮਾਇਆ ਗਿਆ। ਮਣੀਪੁਰ ਵਿੱਚ ਭਾਜਪਾ ਦੀ ਸਰਕਾਰ ਹੈ ਜੋ ਕਿ ਅਜਿਹੀਆਂ ਘਟਨਾਵਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਆਰ ਐੱਸ ਐੱਸ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਣ ਵਾਲੀ ਭਾਜਪਾ ਸਰਕਾਰ ਕਿਹੋ ਜਿਹੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਰਹੀ ਹੈ। ਜਿਹਨਾਂ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਵੇ ਤੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਰਾਜ ਕੀਤਾ ਜਾਵੇਗਾ। ਜਦੋਂ ਮਣੀਪੁਰ ਦੇ ਮੁੱਖ ਮੰਤਰੀ ਇਸ ਵੀਡੀਓ ਵਾਰੇ ਬੋਲਿਆ ਤਾਂ ਉਸ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਇੰਟਰਨੈੱਟ ਬੰਦ ਕਰਨ ਦਾ ਕਾਰਨ ਹੈ ਕਿ ਅਜਿਹੀਆਂ ਘਟਨਾਵਾਂ ਮਣੀਪੁਰ ਵਿੱਚ ਅਕਸਰ ਵਾਪਰ ਰਹੀਆਂ ਹਨ। ਇਹ ਵਤੀਰੇ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਰਕਾਰ ਇਸ ਮਸਲੇ ਤੇ ਕਿ ਕਰ ਰਹੀ ਹੈ।
ਆਗੂਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਸੂਬੇ ਦੀ ਸਰਕਾਰ ਅਜਿਹੇ ਮਸਲਿਆਂ ਨਾਲ ਨਜਿੱਠਣ ਤੋਂ ਅਸਮਰਥ ਹੈ ਜਿਸ ਕਾਰਨ ਮਣੀਪੁਰ ਦੀ ਭਾਜਪਾ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਕਾਲਜ ਇਕਾਈ ਦੇ ਜਗਰਾਜ ਸਿੰਘ, ਕਿਰਨਪਾਲ ਹਥੋਆ, ਜਸਵਿੰਦਰ ਸਿੰਘ, ਜੈਦ ਅਲੀ ਆਦਿ ਹਾਜ਼ਰ ਸਨ।