ਘੱਟ ਗਿਣਤੀ ਕੁੱਕੀ ਇਸਾਈ ਭਾਈਚਾਰੇ ‘ਤੇ ਫਿਰਕੂ ਹਮਲੇ: ਦੇਸ਼ ਦੇ ਭਗਵਾਂਕਰਨ ਪ੍ਰੋਜੈਕਟ ਦਾ ਹਿੱਸਾ: ਕਰਮਜੀਤ ਬੀਹਲਾ
ਮਨੀਪੁਰ ਦੀਆਂ ਧੀਆਂ ਦੀ ਇੱਜਤ ‘ਚੋਂ ਮੌਨ ਪ੍ਰਧਾਨ ਮੰਤਰੀ 79 ਦਿਨ ਬਸ ਵੋਟਾਂ ਗਿਣਦਾ ਰਿਹਾ: ਰਾਜੀਵ ਕੁਮਾਰ ਬਰਨਾਲਾ
ਬਰਨਾਲਾ, 22 ਜੁਲਾਈ, 2023: ਅੱਜ ਬਰਨਾਲਾ ਜਿਲ੍ਹੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਪਿਛਲੇ ਦਿਨੀਂ ਮਨੀਪੁਰ ਵਿੱਚ ਔਰਤਾਂ ਨੂੰ ਨਿਰਵਸਤਰ ਕਰਕੇ ਘੁੰਮਾਉਣ, ਬਲਾਤਕਾਰ ਤੇ ਕਤਲ ਕਰਨ ਦੇ ਅਣਮਨੁੱਖੀ ਕਾਰਿਆਂ ਵਿਰੁੱਧ ਸ਼ਹਿਰ ਵਿੱਚ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਮੁਜਾਹਰਾਕਾਰੀਆਂ ਨੇ ਬੈਨਰਾਂ, ਤਖਤੀਆਂ ਤੇ ਜ਼ੋਸੀਲੇ ਨਾਹਰਿਆਂ ਰਾਹੀਂ ਮਨੀਪੁਰ ਦੀਆਂ ਬੇਟੀਆਂ ਨੂੰ ਇਨਸਾਫ ਦੇਣ, ਮੁੱਖ ਮੰਤਰੀ ਨੂੰ ਬਰਖ਼ਾਸਤ ਕਰਨ ਅਤੇ ਦੇਸ਼ ਦੀਆਂ ਘੱਟ ਗਿਣਤੀਆਂ ਵਿਰੁੱਧ ਫ਼ਿਰਕੂ ਹਮਲੇ ਬੰਦ ਕਰਨ ਦੀ ਮੰਗ ਕੀਤੀ।
ਰੋਸ ਪ੍ਰਦਰਸ਼ਨ ਤੋਂ ਪਹਿਲਾਂ ਸਿਵਲ ਹਸਪਤਾਲ ਨੇੜੇ ਇਕੱਤਰ ਹੋਏ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਨੇ ਕਿਹਾ ਕਿ ਪਿਛਲੇ 80 ਤੋਂ ਵੀ ਵੱਧ ਦਿਨਾਂ ਤੋਂ ਮਨੀਪੁਰ ਵਿੱਚ ਜੋ ਮੌਤ ਦਾ ਤਾਂਡਵ ਹੋ ਰਿਹਾ ਹੈ, ਉਸ ਲਈ ਦੇਸ਼ ਦੀ ਸੱਤਾਧਾਰੀ ਪਾਰਟੀ ਦਾ ਫ਼ਿਰਕੂ ਏਜੰਡਾ ਜਿੰਮੇਵਾਰ ਹੈ। ਮਨੀਪੁਰ ਦੇ ਘੱਟ ਗਿਣਤੀ ਕੁੱਕੀ ਇਸਾਈ ਭਾਈਚਾਰੇ ਨੂੰ ਖੌਫਜਦਾ ਕਰਨ ਲਈ ਬਹੁਗਿਣਤੀ ਮੈਤੇਈ ਭਾਈਚਾਰੇ ਨੂੰ ਕਤਲੋਗਾਰਤ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ ਤਾਂ ਜੋ ਵੋਟਾਂ ਦਾ ਧਰੁਵੀਕਰਨ ਕੀਤਾ ਜਾ ਸਕੇ।
ਡੀਟੀਐੱਫ ਦੀ ਜਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਬਰਨਾਲਾ ਨੇ ਕਿਹਾ ਕਿ ਮਨੀਪੁਰ ਲਗਾਤਾਰ 79 ਦਿਨ ਤੱਕ ਜਲਦਾ ਰਿਹਾ, ਉਥੋਂ ਦੀਆਂ ਬੇਟੀਆਂ ਨੂੰ ਨਿਰਵਸਤਰ ਕਰਕੇ ਘੁੰਮਾਇਆ ਜਾਂਦਾ ਰਿਹਾ, ਬਲਾਤਕਾਰ ਬਾਅਦ ਕਤਲ ਕੀਤਾ ਜਾਂਦਾ ਰਿਹਾ ਪਰ ਦੇਸ਼ ਦਾ ਪ੍ਰਧਾਨ ਮੰਤਰੀ ਚੁੱਪਚਾਪ ਤਮਾਸ਼ਾ ਦੇਖਦਾ ਰਿਹਾ। ਇਨਕਲਾਬੀ ਕੇਂਦਰ ਦੇ ਸੂਬਾ ਪ੍ਰਧਾਨ ਨਰੈਣ ਦੱਤ ਨੇ ਕਿਹਾ ਕਿ ਘੱਟ ਗਿਣਤੀਆਂ ਵਿਰੁੱਧ ਫ਼ਿਰਕੂ ਜ਼ਹਿਰ ਉਗਲਣਾ ਤੇ ਹਮਲੇ ਕਰਨੇ ਦੇਸ਼ ਦੇ ਭਗਵਾਂ ਸ਼ਾਸ਼ਕਾਂ ਦੇ ਵੱਡੇ ਪ੍ਰੋਜੈਕਟ ਦਾ ਹਿੱਸਾ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਆਗੂ ਕਰਮਜੀਤ ਬੀਹਲਾ ਨੇ ਕਿਹਾ ਕਿ ਇਸਾਈ ਤੇ ਮੁਸਲਮਾਨ ਭਾਈਚਾਰਿਆਂ ਨੂੰ ਐਲਾਨੀਆ ਦੁਸ਼ਮਣ ਕਰਾਰ ਦਿੱਤਾ ਹੋਇਆ ਹੈ। ਇਸਤਰੀ ਆਗੂ ਪ੍ਰੇਮਪਾਲ ਕੌਰ ਨੇ ਕਿਹਾ ਕਿ ਸਾਡੇ ਦੇਸ਼ ਦੇ ਮੌਜੂਦਾ ਸ਼ਾਸ਼ਕ ਮਨੂ ਸਿਮਰਤੀ ਦੇ ਪੈਰੋਕਾਰ ਹਨ ਜਿਸ ਕਾਰਨ ਔਰਤ ਵਿਰੋਧੀ ਮਾਨਸਿਕਤਾ ਇਨ੍ਹਾਂ ਦੇ ਡੀਐਨਏ ਦਾ ਹਿੱਸਾ ਹੈ। ਮੁਕਤੀ ਮਜਦੂਰ ਮੋਰਚਾ ਦੇ ਆਗੂ ਗੁਰਪ੍ਰੀਤ ਸਿੰਘ ਰੂੜੇਕੇ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਪਣੀਆਂ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਤੋਂ ਧਿਆਨ ਹਟਾਉਣ ਲਈ ਸੱਤਾਧਾਰੀ ਪਾਰਟੀ ਲੋਕਾਂ ਵਿੱਚ ਵੰਡੀਆਂ ਪਾਉਣ ਵਾਲਾ ਹਥਿਆਰ ਵਰਤਦੀ ਹੈ। ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਆਗੂ ਤਰਸੇਮ ਭੱਠਲ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਜ ਘਿਣਾਉਣੀ ਘਟਨਾ ਦਾ ਪਹਿਲੇ ਦਿਨ ਤੋਂ ਹੀ ਪਤਾ ਸੀ ਪਰ ਵਿਡਿਉ ਦੇ ਵਾਇਰਲ ਹੋਣ ਤੱਕ ਹਰਕਤ ਵਿੱਚ ਨਹੀਂ ਆਈ। ਉਲਟਾ ਵਿਡਿਉ ਨੂੰ ਦਬਾਉਣ ਕੀ ਕੋਸ਼ਿਸ਼ ਕਰਦੀ ਰਹੀ। ਕੀ ਪੁਲਿਸ ਉਦੋਂ ਹੀ ਕਾਰਵਾਈ ਕਰਿਆ ਕਰੂ ਜਦੋਂ ਸਾਡੀਆਂ ਧੀਆਂ ਭੈਣਾਂ ਦੇ ਨਗਨ ਸਰੀਰਾਂ ਦੀ ਸ਼ਰੇਆਮ ਨੁਮਾਇਸ਼ ਲੱਗਿਆ ਕਰੂ?
ਇਸ ਤੋਂ ਇਲਾਵਾ ਬੀਕਯੂ ਡਕੌਂਦਾ ਦੇ ਅਮਰਜੀਤ ਕੌਰ , ਬੀਕੇਯੂ ਉਗਰਾਹਾਂ ਦੇ ਨਾਹਰ ਸਿੰਘ ਗੁੰਮਟੀ, ਬੀਕੇਯੂ ਕ੍ਰਾਂਤੀਕਾਰੀ ਦੇ ਪਵਿੱਤਰ ਲਾਲੀ, ਪੈਰਾ ਮੈਡੀਕਲ ਸਟਾਫ ਦੇ ਜਰਨੈਲ ਧੌਲਾ, ਟੀਐੱਸ ਯੂ ਦੇ ਕੁਲਵੀਰ ਔਲਖ, ਕੇਂਦਰੀ ਪੰਜਾਬੀ ਸਾਹਿਤ ਸਭਾ ਦੇ ਮਾਲਵਿੰਦਰ ਸ਼ਾਇਰ, ਪੰਜਾਬੀ ਸਾਹਿਤ ਸਭਾ ਦੇ ਹਰਭਗਵਾਨ, ਪੀਐਸਪੀਸੀਐਲ ਪੈਨਸ਼ਨਰ ਦੇ ਹਰਨੇਕ ਸੰਘੇੜਾ, ਤਰਕਸ਼ੀਲ ਸੁਸਾਇਟੀ ਦੇ ਰਾਜਿੰਦਰ ਭਦੌੜ, ਮਕੈਨੀਕਲ ਯੂਨੀਅਨ ਦੇ ਮਹਿਮਾ ਸਿੰਘ, ਪਸਸਫ ਦੇ ਰਮੇਸ਼ ਕੁਮਾਰ ਹਮਦਰਦ, ਡੀਐਮਐਫ ਦੇ ਗੁਰਮੀਤ ਸੁਖਪਰ, ਅੰਬੇਡਕਰਵਾਦੀ ਮੰਚ ਦੇ ਸਰਵਣ ਕਾਲਾਬੂਲਾ, ਪੰਜਾਬ ਤੇ ਚੰਡੀਗੜ੍ਹ ਕਾਲਜ ਯੂਨੀਅਨ ਦੇ ਤਾਰਾ ਸਿੰਘ ਨੇ ਇਕੱਠ ਨੂੰ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਸਭਾ ਦੇ ਜਿਲ੍ਹਾ ਸਕੱਤਰ ਸੈਹਣ ਸਿੰਘ ਮਾਝੀ ਨੇ ਨਿਭਾਈ। ਇਸ ਮੌਕੇ ਐਡਵੋਕੇਟ ਜਗਜੀਤ ਸਿੰਘ ਠੀਕਰੀਵਾਲਾ, ਹਰਚਰਨ ਸਿੰਘ ਚਹਿਲ, ਬਲਵੰਤ ਉਪਲੀ, ਮੇਘ ਰਾਜ ਮਿੱਤਰ, ਬਿੱਕਰ ਸਿੰਘ ਔਲਖ, ਗੁਲਵੰਤ ਸਿੰਘ, ਪ੍ਰੇਮਪਾਲ ਕੌਰ, ਪਰਮਜੀਤ ਜੋਧਪੁਰ, ਹਰਚਰਨ ਸਿੰਘ ਪੱਤੀ, ਪਰਮਜੀਤ ਜੋਧਪੁਰ, ਗੁਰਦੇਵ ਮਾਂਗੇਵਾਲ, ਡਾਕਟਰ ਰਾਜਿੰਦਰਹਾਜਰ ਸਨ। ਮਾਲਵਿੰਦਰ ਸ਼ਾਇਰ ਤੇ ਨਰਿੰਦਰ ਸਿੰਗਲਾ ਨੇ ਗੀਤ ਸੁਣਾਏ।