Home » ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦਾ ਆਖ਼ਰੀ ਟੀ-20 ਮੈਚ ਅੱਜ, ਦੱਖਣੀ ਅਫਰੀਕਾ ਦਾ ਸਫ਼ਾਇਆ ਕਰਨਾ ਚਾਹੇਗੀ ਟੀਮ ਇੰਡੀਆ

ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦਾ ਆਖ਼ਰੀ ਟੀ-20 ਮੈਚ ਅੱਜ, ਦੱਖਣੀ ਅਫਰੀਕਾ ਦਾ ਸਫ਼ਾਇਆ ਕਰਨਾ ਚਾਹੇਗੀ ਟੀਮ ਇੰਡੀਆ

by Rakha Prabh
85 views

ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦਾ ਆਖ਼ਰੀ ਟੀ-20 ਮੈਚ ਅੱਜ, ਦੱਖਣੀ ਅਫਰੀਕਾ ਦਾ ਸਫ਼ਾਇਆ ਕਰਨਾ ਚਾਹੇਗੀ ਟੀਮ ਇੰਡੀਆ
ਇੰਦੌਰ, 4 ਅਕਤੂਬਰ : ਸੀਰੀਜ਼ ’ਤੇ ਕਬਜ਼ਾ ਕਰ ਚੁੱਕੀ ਭਾਰਤੀ ਟੀਮ ਦੱਖਣੀ ਅਫਰੀਕਾ ਖ਼ਿਲਾਫ਼ ਆਖ਼ਰੀ ਟੀ-20 ਮੁਕਾਬਲੇ ਲਈ ਤਿਆਰ ਹੈ। ਦੋਵਾਂ ਟੀਮਾਂ ਵਿਚਾਲੇ ਇੰਦੌਰ ਦੇ ਹੋਲਕਰ ਸਟੇਡੀਅਮ ’ਚ ਮੰਗਲਵਾਰ ਨੂੰ ਮੈਚ ਖੇਡਿਆ ਜਾਵੇਗਾ। ਇਹ ਮੈਦਾਨ ਭਾਰਤ ਲਈ ਕਿਸਮਤ ਵਾਲਾ ਰਿਹਾ ਹੈ ਜਿੱਥੇ ਮੇਜ਼ਬਾਨ ਟੀਮ ਕਦੀ ਵੀ ਕੋਈ ਮੈਚ ਨਹੀਂ ਹਾਰੀ। ਇਹੀ ਰਿਕਾਰਡ ਟੀਮ ਇੰਡੀਆ ਇਸ ਵਾਰ ਵੀ ਕਾਇਮ ਰੱਖਣਾ ਚਾਹੇਗੀ।

ਸੀਰੀਜ਼ ਜਿੱਤ ਤੋਂ ਬਾਅਦ ਮੈਚ ਦਾ ਨਤੀਜਾ ਹੁਣ ਮਾਅਨੇ ਨਹੀਂ ਰੱਖਦਾ ਇਸ ਲਈ ਭਾਰਤ ਨੇ ਮੁੱਖ ਖਿਡਾਰੀਆਂ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਨੂੰ ਆਰਾਮ ਦਿੱਤਾ। ਇੰਦੌਰ ਦੇ ਹੋਲਕਰ ਸਟੇਡੀਅਮ ’ਚ ਭਾਰਤੀ ਟੀਮ ਨੇ ਸਾਰੇ 9 ਅੰਤਰਰਾਸ਼ਟਰੀ ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ’ਚ ਪੰਜ ਵਨ ਡੇ, ਦੋ ਟੈਸਟ ਅਤੇ ਦੋ ਟੀ-20 ਸ਼ਾਮਲ ਹਨ। ਟੀਮ ਇੰਡੀਆ ਇਹੀ ਰਿਕਾਰਡ ਕਾਇਮ ਰੱਖਣਾ ਚਾਹੇਗੀ।

ਸੱਟ ਤੋਂ ਠੀਕ ਹੋ ਕੇ ਟੀਮ ’ਚ ਵਾਪਸੀ ਕਰਨ ਵਾਲੇ ਕੇਐਲ ਰਾਹੁਲ ਨੂੰ ਆਰਾਮ ਦਿੱਤਾ ਗਿਆ ਹੈ। ਇਸ ਕਾਰਨ ਰਿਸ਼ਭ ਪੰਤ ਕਪਤਾਨ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਕੋਹਲੀ ਦੀ ਥਾਂ ’ਤੇ ਸ਼੍ਰੇਅਸ ਅਈਅਰ ਨੰਬਰ ਤਿੰਨ ’ਤੇ ਬੱਲੇਬਾਜ਼ੀ ਕਰਨਗੇ। ਰੋਹਿਤ ਸ਼ਰਮਾ ਨੂੰ ਇੰਦੌਰ ਰਾਸ ਆਉਂਦਾ ਹੈ। ਉਹ ਇਸ ਮੈਦਾਨ ’ਤੇ ਸੈਂਕੜਾ ਲਗਾ ਚੁੱਕੇ ਹਨ।

ਸੂਰਿਆ ਕੁਮਾਰ ਵਿਰੋਧੀ ਗੇਂਦਬਾਜ਼ਾਂ ਲਈ ਸਿਰਦਰਦ ਬਣੇ ਹੋਏ ਹਨ। ਤਜਰਬੇਕਾਰ ਦਿਨੇਸ਼ ਕਾਰਤਿਕ ਨੇ ਐਤਵਾਰ ਨੂੰ ਤੇਜ਼ ਛੋਟੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਟੀਮ ’ਚ ਅਕਸ਼ਰ ਪਟੇਲ ਹਨ ਜੋ ਵੱਡੀਆਂ ਪਾਰੀਆਂ ਖੇਡ ਸਕਦੇ ਹਨ। ਆਖ਼ਰੀ ਓਵਰਾਂ ’ਚ ਭਾਰਤੀ ਗੇਂਦਬਾਜ਼ੀ ਕੁਝ ਖ਼ਰਾਬ ਰਹੀ ਹੈ। ਪਿਛਲੇ ਮੈਚ ’ਚ 237 ਦੌੜਾਂ ਦੇ ਵੱਡੇ ਸਕੋਰ ਦੇ ਜਵਾਬ ’ਚ ਭਾਰਤ ਦੇ ਗੇਂਦਬਾਜ਼ਾਂ ਨੇ 221 ਦੌੜਾਂ ਦੇ ਦਿੱਤੀਆਂ। ਅਰਸ਼ਦੀਪ ਸਿੰਘ, ਹਰਸ਼ਲ ਪਟੇਲ ਤੇ ਅਕਸ਼ਰ ਪਟੇਲ ਕਾਫੀ ਮਹਿੰਗੇ ਸਾਬਤ ਹੋਏ। ਸਿਰਫ਼ ਦੀਪਕ ਚਾਹਰ ਹੀ ਕੁਝ ਹੱਦ ਤੱਕ ਕਾਮਯਾਬ ਰਹੇ। ਦੂਜੇ ਪਾਸੇ ਦੱਖਣੀ ਅਫਰੀਕੀ ਟੀਮ ਆਪਣੀ ਲੈਅ ਨੂੰ ਲੈ ਕੇ ਜੂਝ ਰਹੀ ਹੈ।

ਹੋਲਕਰ ਸਟੇਡੀਅਮ ਵਿਚ ਹਮੇਸ਼ਾ ਵੱਡੇ ਸਕੋਰ ਬਣੇ ਹਨ। ਇੱਥੇ ਦੀ ‘ਮਿੱਟੀ’ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੋਵਾਂ ਲਈ ਚੰਗੀ ਮੰਨੀ ਜਾਂਦੀ ਹੈ। ਸ਼ੁਰੂਆਤੀ ਕੁਝ ਓਵਰਾਂ ’ਚ ਗੇਂਦਬਾਜ਼ਾਂ ਨੂੰ ਪਿੱਚ ਤੋਂ ਮਦਦ ਮਿਲਦੀ ਹੈ। ਇਸ ਤੋਂ ਬਾਅਦ ਬੱਲੇਬਾਜ਼ਾਂ ਲਈ ਆਦਰਸ਼ ਪਿੱਚ ਰਹਿੰਦੀ ਹੈ। ਇਸੇ ਪਿੱਚ ’ਤੇ ਵਨ ਡੇ ’ਚ ਵਰਿੰਦਰ ਸਹਿਵਾਗ ਦੋਹਰਾ ਸੈਂਕੜਾ ਲਗਾ ਚੁੱਕੇ ਹਨ।

ਪਿਛਲੇ ਕੁਝ ਦਿਨਾਂ ’ਚ ਕਈ ਵਾਰ ਮੀਂਹ ਪਿਆ। ਸੋਮਵਾਰ ਨੂੰ ਜ਼ਰੂਰ ਤੇਜ਼ ਧੁੱਪ ਖਿੜੀ ਹੋਈ ਸੀ। ਮੌਸਮ ਵਿਭਾਗ ਨੇ 5 ਅਕਤੂਬਰ ਤੋਂ ਬਾਅਦ ਸੂਬੇ ’ਚ ਬਾਰਿਸ਼ ਦਾ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। 4 ਅਕਤੂਬਰ ਨੂੰ ਬੱਦਲ ਛਾਏ ਰਹਿਣਗੇ, ਪਰ ਮੈਚ ਦੌਰਾਨ ਬਾਰਿਸ਼ ਦੀ ਸੰਭਾਵਨਾ ਘੱਟ ਹੈ।

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸੂਰਿਆ ਕੁਮਾਰ ਯਾਦਵ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਆਰ ਅਸ਼ਵਿਨ, ਯੁਜਵਿੰਦਰ ਸਿੰਘ ਚਹਿਲ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਹਰਸ਼ਲ ਪਟੇਲ, ਦੀਪਕ ਚਾਹਰ, ਉਮੇਸ਼ ਯਾਦਵ, ਸ਼੍ਰੇਅਸ ਅਈਅਰ, ਸ਼ਾਹਬਾਜ਼ ਅਹਿਮਦ ਤੇ ਮੁਹੰਮਦ ਸਿਰਾਜ।

ਦੱਖਣੀ ਅਫਰੀਕਾ : ਤੇਂਬਾ ਬਾਵੁਮਾ (ਕਪਤਾਨ), ਕਵਿੰਟਨ ਡਿਕਾਕ, ਬਿਓਰਨ ਫੋਰਟੁਈਨ, ਰੀਜਾ ਹੈਂਡਰਿਕਸ, ਹੈਨਰਿਕ ਕਲਾਸੇਨ, ਮਾਰਕੋ ਜੇਨਸੇਨ, ਕੇਸ਼ਵ ਮਹਾਰਾਜ, ਏਡੇਨ ਮਾਰਕਰੈਮ, ਡੇਵਿਡ ਮਿਲਰ, ਲੁੰਗੀ ਨਗੀਦੀ, ਐਨਰਿਕ ਨਾਰਤਜੇ, ਵੇਨ ਪਾਰਨੇਲ, ਏਂਡਿਲੇ ਫੇਹਲੁਕਵਾਇਓ, ਡਵੇਨ ਪਿ੍ਰਟੋਰੀਅਸ, ਕੈਗਿਸੋ ਰਬਾਦਾ, ਰਿਲੀ ਰੋਸੋ, ਤਬਰੇਜ਼ ਸ਼ਮਸੀ, ਟਿ੍ਸਟਨ ਸਟੱਬਜ਼।

Related Articles

Leave a Comment