ਸਾਈਕਲ ਪਾਰਟਸ ਕਾਰੋਬਾਰੀ ਨਾਲ ਲੱਖਾਂ ਦੀ ਧੋਖਾਧੜੀ, ਪੜੋ ਕੀ ਹੈ ਪੂਰਾ ਮਾਮਲਾ
ਲੁਧਿਆਣਾ, 22 ਅਕਤੂਬਰ : 2 ਲੱਖ ਰੁਪਏ ਦੇ ਬਦਲੇ ਢਾਈ ਲੱਖ ਰੁਪਏ ਦੀ ਕੀਮਤ ਦੇ ਅਮਰੀਕਨ ਡਾਲਰ ਦੇਣ ਦਾ ਲਾਲਚ ਦੇ ਕੇ ਸ਼ਾਤਰ ਠੱਗਾਂ ਨੇ ਸਾਈਕਲ ਪਾਰਟਸ ਦੇ ਕਾਰੋਬਾਰੀ ਨਾਲ 2 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਥਾਣਾ ਦਰੇਸੀ ਦੀ ਪੁਲਿਸ ਨੇ ਕਬੀਰ ਨਗਰ ਦੇ ਵਾਸੀ ਮੋਹਿਤ ਮਿਸ਼ਰਾ ਦੇ ਬਿਆਨ ’ਤੇ ਰਫੀਕ ਅਤੇ ਉਸ ਦੇ ਅਣਪਛਾਤੇ ਸਾਥੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਮੋਹਿਤ ਮਿਸ਼ਰਾ ਅਤੇ ਉਸ ਦੇ ਪਿਤਾ ਸ਼ੰਭੂ ਨਾਥ ਮਿਸ਼ਰਾ ਸਾਈਕਲ ਪਾਰਟਸ ਦਾ ਕਾਰੋਬਾਰ ਕਰਦੇ ਹਨ। ਕੁਝ ਦਿਨ ਪਹਿਲੋਂ ਸ਼ੰਭੂ ਨਾਥ ਮਿਸ਼ਰਾ ਵਿਸ਼ਨੂੰਪੁਰੀ ਇਲਾਕੇ ’ਚ ਪੈਂਦੇ ਬੈਂਕ ’ਚ ਗਏ। ਇਸੇ ਦੌਰਾਨ ਉਨ੍ਹਾਂ ਨੂੰ ਬੈਂਕ ’ਚ ਰਫੀਕ ਨਾਮ ਦਾ ਵਿਅਕਤੀ ਮਿਲਿਆ। ਬੈਂਕ ’ਚ ਭੀੜ ਹੋਣ ਕਾਰਨ ਰਫੀਕ ਤੇ ਸ਼ੰਭੂ ਨਾਥ ਆਪਸ ’ਚ ਗੱਲਬਾਤ ਕਰਨ ਲੱਗ ਪਏ। ਗੱਲਾਂ ਗੱਲਾਂ ’ਚ ਰਫੀਕ ਨੇ ਕਿਹਾ ਕਿ ਉਸ ਦੇ ਕੋਲ ਲਗਭਗ ਢਾਈ ਲੱਖ ਰੁਪਏ ਦੀ ਕੀਮਤ ਦੇ ਅਮਰੀਕਾ ਦੇ ਡਾਲਰ ਪਏ ਹੋਏ ਹਨ। 50 ਹਜਾਰ ਰੁਪਏ ਵਾਧੇ ਦਾ ਲਾਲਚ ਦੇ ਕੇ ਰਫੀਕ ਨੇ ਸ਼ੰਭੂ ਨਾਥ ਨੂੰ ਕਿਹਾ ਕਿ ਉਹ ਢਾਈ ਲੱਖ ਰੁਪਏ ਦੀ ਕੀਮਤ ਦੇ ਡਾਲਰ 2 ਲੱਖ ਰੁਪਏ ’ਚ ਵੇਚ ਦੇਵੇਗਾ।
ਕੁਝ ਦਿਨਾਂ ਤੱਕ ਰਫ਼ੀਕ ਦੀ ਸ਼ੰਭੂ ਅਤੇ ਮੋਹਿਤ ਨਾਲ ਫੋਨ ’ਤੇ ਗੱਲ ਚਲਦੀ ਰਹੀ। ਪੂਰੀ ਤਰ੍ਹਾਂ ਵਿਸ਼ਵਾਸ ’ਚ ਲੈ ਕੇ ਰਫ਼ੀਕ ਨੇ ਸ਼ੰਭੂ ਤੇ ਮੋਹਿਤ ਨੂੰ ਵਿਸ਼ਣੂੰਪੁਰੀ ਇਲਾਕੇ ’ਚ ਬੁਲਾਇਆ। ਰਫੀਕ ਅਤੇ ਉਸ ਦਾ ਸਾਥੀ ਸ਼ੰਭੂ ਦੀ ਕਾਰ ’ਚ ਬੈਠ ਗਏ ਅਤੇ ਸ਼ੰਭੂ ਨੂੰ ਇੱਕ ਲਿਫ਼ਾਫ਼ਾ ਫੜਾ ਦਿੱਤਾ। ਮੁਲਜ਼ਮਾਂ ਨੇ ਕਿਹਾ ਕਿ ਇਸ ’ਚ ਢਾਈ ਲੱਖ ਰੁਪਏ ਦੇ ਅਮਰੀਕਨ ਡਾਲਰ ਹਨ। 2 ਲੱਖ ਰੁਪਏ ਦੀ ਨਕਦੀ ਹਾਸਲ ਕਰਨ ਤੋਂ ਬਾਅਦ ਦੋਵੇਂ ਮੁਲਜਮ ਬਹਾਨੇ ਨਾਲ ਕਾਰ ’ਚੋਂ ਬਾਹਰ ਨਿਕਲ ਗਏ। ਕੁਝ ਸਮੇਂ ਬਾਅਦ ਜਦ ਸ਼ੰਭੂ ਨਾਥ ਨੇ ਲਿਫ਼ਾਫ਼ਾ ਖੋਲ੍ਹਿਆ ਤਾਂ ਉਸ ’ਚ ਅਖਬਾਰਾਂ ਦੇ ਟੁੱਕੜੇ ਅਤੇ ਸਾਬਣ ਦੀ ਟਿੱਕੀ ਸੀ।
ਮੋਹਿਤ ਮਿਸ਼ਰਾ ਨੇ ਇਸ ਮਾਮਲੇ ਸਬੰਧੀ ਥਾਣਾ ਦਰੇਸੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਾਂਚ ਅਧਿਕਾਰੀ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਐਫਆਈਆਰ ਦਰਜ ਕਰ ਕੇ ਰਫੀਕ ਅਤੇ ਅਣਪਛਾਤੇ ਮੁਲਜਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਲਾਕੇ ’ਚ ਲੱਗੇ ਕੁਝ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ’ਚ ਲਈ ਗਈ ਹੈ।