ਪੁਲਿਸ ਭਰਤੀ ਵੇਟਿੰਗ ਲਿਸਟ ਉਮੀਦਵਾਰਾਂ ਨੇ ਘੇਰੀ ਮੰਤਰੀ ਅਮਨ ਅਰੋੜਾ ਦੀ ਕੋਠੀ, ਕੀਤਾ ਪ੍ਰਦਰਸ਼ਨ
ਸੁਨਾਮ, 22 ਅਕਤੂਬਰ : ਪੰਜਾਬ ਪੁਲਿਸ ਭਰਤੀ 4358 ਵੇਟਿੰਗ ਲਿਸਟ ਯੂਨੀਅਨ ਦੇ ਮੈਂਬਰਾਂ ਨੇ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਮੇਨ ਗੇਟ ਦੇ ਅੱਗੇ ਧਰਨਾ ਲਗਾਕੇ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਧਰਨਾਕਾਰੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵਾਅਦਾ ਖਿਲਾਫੀ ਦੇ ਆਰੋਪ ਵੀ ਲਗਾਏ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਮੋਹਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਹਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਪੁਲਿਸ ਭਰਤੀ 4358 ਵੇਟਿੰਗ ਲਿਸਟ ਉਮੀਦਵਾਰਾਂ ਦੀ ਮੰਗ ਮੁਤਾਬਕ ਉਡੀਕ ਸੂਚੀ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਲੇਕਿਨ ਹੁਣ ਸਰਕਾਰ ਬਣਨ ਉਪਰੰਤ ਕਾਂਸਟੇਬਲ ਭਰਤੀ ਪ੍ਰੀਖਿਆ ਦੇ ਵਿਦਿਆਰਥੀਆਂ ਅਤੇ ਸਾਬਕਾ ਸੈਨਿਕਾਂ ਵੱਲੋਂ ਵੇਟਿੰਗ ਲਿਸਟ ਅਤੇ ਭਰਤੀਆਂ ਨੂੰ ਸਹੀ ਢੰਗ ਨਾਲ ਪੂਰਾ ਕਰਨ ਦਾ ਮੁੱਦਾ ਚੁੱਕੇ ਜਾਣ ਦੇ ਬਾਵਜੂਦ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਰ ਇੱਕ ਮਹਿਕਮੇ ਦੀ ਭਰਤੀ ਸਮੇਂ ਉਡੀਕ ਸੂਚੀ ਜਾਰੀ ਕੀਤੀ ਜਾਂਦੀ ਹੈ ਲੇਕਿਨ ਸੂਬੇ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਜਾਰਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਮਾਰ ਕੇ ਨਿੱਤ ਨਵੀਆਂ ਭਰਤੀਆਂ ਕੱਢਣ ਦੀ ਬਿਆਨਬਾਜੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਅਤੇ ਮੰਤਰੀਆਂ ਇੱਥੋਂ ਤੱਕ ਸੀ.ਐਮ. ਹਾਊਸ ਵੀ ਇਸ ਸਬੰਧੀ ਓ.ਐਸ.ਡੀ. ਨੂੰ ਕਈ ਵਾਰ ਮਿਲ ਚੁੱਕੇ ਹਨ ਪ੍ਰੰਤੂ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੋਈ ਮੀਟਿੰਗ ਤੱਕ ਨਹੀਂ ਦਿੱਤੀ ਗਈ। ਇਸ ਲਈ ਅੱਜ ਵਿਦਿਆਰਥੀਆਂ ਅਤੇ ਸਾਬਕਾ ਸੈਨਿਕਾਂ ਵੱਲੋਂ ਹੱਲਾਬੋਲ ਧਰਨਾ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਦਿੱਤਾ ਗਿਆ ਤਾਂ ਜੋ ਸਰਕਾਰ ਦੇ ਕੰਨੀ ਜੂੰ ਸਰਕ ਸਕੇ।
ਉਨ੍ਹਾਂ ਦੱਸਿਆ ਕਿ ਜੇਕਰ ਪੰਜਾਬ ਪੁਲਿਸ 4358 ਕਾਂਸਟੇਬਲ ਦੀ ਜੁਆਇਨਿੰਗ ਪੂਰੀ ਨਹੀਂ ਦਿੱਤੀ ਜਾਂਦੀ ਅਤੇ ਵੇਟਿੰਗ ਲਿਸਟ ਜਾਰੀ ਨਹੀਂ ਹੁੰਦੀ ਤਾਂ ਉਹ ਭਵਿੱਖ ’ਚ ਸਰਕਾਰ ਦੇ ਖਿਲਾਫ ਵੱਡੇ ਪੱਧਰ ਤੇ ਰੋਸ ਮੁਜ਼ਾਹਰੇ ਅਤੇ ਪੱਕੇ ਧਰਨੇ ਲਗਾਉਣ ਲਈ ਮਜਬੂਰ ਹੋਣਗੇ। ਧਰਨਾਕਾਰੀਆਂ ਨੇ ਕਿਹਾ ਕਿ ਸੂਬਾ ਸਰਕਾਰ ਭਰਤੀਆਂ ਸਬੰਧੀ ਕੋਈ ਪਾਲਿਸੀ ਬਣਾਵੇ ਕਿਉਂਕਿ ਇੱਕ ਵਿਦਿਆਰਥੀ ਇੱਕੋ ਸਮੇਂ ’ਤੇ ਕਈ ਭਰਤੀਆਂ ’ਚ ਸਿਲੈਕਸ਼ਨ ਲੈ ਕੇ ਦੂਜਿਆਂ ਦਾ ਹੱਕ ਮਾਰ ਦਿੰਦਾ ਹੈ ਅਤੇ ਬਾਹਰੀ ਸੂਬਿਆਂ ਦੇ ਵਿਦਿਆਰਥੀ ਵੀ ਹੁਣ ਤੱਕ ਪੰਜਾਬ ਦਾ ਹੱਕ ਮਾਰਦੇ ਰਹੇ ਹਨ ਅਤੇ ਵੇਟਿੰਗ ਲਿਸਟ ਨੂੰ ਇੱਕ ਸਮਾਂ ਸੀਮਾ ਨਾਲ ਜਾਰੀ ਕੀਤਾ ਜਾਵੇ ਤਾਂ ਜੋ ਭਵਿੱਖ ’ਚ ਕੋਈ ਦਿੱਕਤ ਨਾ ਆਵੇ।