ਮਹਿਲਾ ਟੀ-20 ਏਸ਼ੀਆ ਕੱਪ ’ਚ ਭਾਰਤ ਅਤੇ ਥਾਈਲੈਂਡ ਦਾ ਮੁਕਾਬਲਾ ਅੱਜ
ਸਿਲਹਟ, 10 ਅਕਤੂਬਰ : ਭਾਰਤੀ ਟੀਮ ਸੋਮਵਾਰ ਨੂੰ ਜਦ ਇੱਥੇ ਮਹਿਲਾ ਏਸ਼ੀਆ ਕੱਪ ਟੀ-20 ਮੁਕਾਬਲੇ ’ਚ ਮਜ਼ਬੂਤ ਇਰਾਦਿਆਂ ਵਾਲੀ ਥਾਈਲੈਂਡ ਦੀ ਟੀਮ ਖ਼ਿਲਾਫ਼ ਮੈਦਾਨ ‘ਤੇ ਉਤਰੇਗੀ ਤਾਂ ਉਸ ਦੀ ਕੋਸ਼ਿਸ਼ ਆਖ਼ਰੀ ਇਲੈਵਨ ਵਿਚ ਤਜਰਬੇ ਜਾਰੀ ਰੱਖਣ ਦੀ ਹੋਵੇਗੀ।
ਭਾਰਤ ਨੇ ਟੂਰਨਾਮੈਂਟ ’ਚ ਹੁਣ ਤੱਕ ਆਪਣੇ ਸਾਰੇ ਮੈਚਾਂ ਵਿਚ ਵੱਖ-ਵੱਖ ਟੀਮ ਉਤਾਰੀ ਹੈ ਤਾਂਕਿ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦਿੱਤਾ ਜਾ ਸਕੇ ਜੋ ਆਖ਼ਰੀ ਇਲੈਵਨ ’ਚ ਰੈਗੂਲਰ ਤੌਰ ’ਤੇ ਨਹੀਂ ਖੇਡਦੀਆਂ। ਬੱਲੇਬਾਜ਼ੀ ਨੰਬਰ ’ਚ ਲਗਾਤਾਰ ਤਬਦੀਲੀ ਕੀਤੀ ਜਾ ਰਹੀ ਹੈ ਜਿਸ ’ਚ ਕਪਤਾਨ ਹਰਮਨਪ੍ਰਰੀਤ ਕੌਰ ਨੂੰ ਪਾਕਿਸਤਾਨ ਖ਼ਿਲਾਫ਼ ਮੁਕਾਬਲੇ ’ਚ 7ਵੇਂ ਸਥਾਨ ’ਤੇ ਉਤਾਰਿਆ ਗਿਆ ਸੀ ਪਰ ਇਹ ਕਦਮ ਕਾਰਗਰ ਨਹੀਂ ਰਿਹਾ ਅਤੇ ‘ਨਵੇਂ ਲੁੱਕ’ ਵਾਲਾ ਮੱਧਕ੍ਰਮ ਦਬਾਅ ’ਚ ਢੇਰੀ ਹੋ ਗਿਆ ਜਿਸ ਨਾਲ ਟੀਮ ਨੂੰ ਧੁਰ ਵਿਰੋਧੀ ਹੱਥੋਂ 6 ਸਾਲ ’ਚ ਪਹਿਲੀ ਹਾਰ ਸਹਿਣੀ ਪਈ ਪਰ ਫਿਰ ਵੀ ਟੀਮ ਫੇਰਬਦਲ ਕਰਨਾ ਜਾਰੀ ਰੱਖੇਗੀ।
ਪਾਕਿਸਤਾਨ ਹੱਥੋਂ ਹਾਰਨ ਦੇ ਬਾਵਜੂਦ ਭਾਰਤੀ ਟੀਮ ਨੇ ਅਗਲੇ ਮੈਚ ’ਚ ਮਜ਼ਬੂਤ ਵਾਪਸੀ ਕੀਤੀ ਅਤੇ ਸਾਰੇ ਵਿਭਾਗਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਿਛਲੀ ਵਾਰ ਦੀ ਜੇਤੂ ਮੇਜ਼ਬਾਨ ਬੰਗਲਾਦੇਸ਼ ਦੀ ਟੀਮ ਨੂੰ ਹਰਾਇਆ। ਭਾਰਤੀ ਟੀਮ ਇਕਜੁਟ ਇਕਾਈ ਵਜੋਂ ਪ੍ਰਦਰਸ਼ਨ ਕਰ ਰਹੀ ਹੈ ਅਤੇ ਗੇਂਦਬਾਜ਼ੀ ਵਿਭਾਗ ਪੂਰੇ ਟੂਰਨਾਮੈਂਟ ਦੌਰਾਨ ਨਿਰੰਤਰ ਰਿਹਾ ਹੈ ਜਦਕਿ ਬੱਲੇਬਾਜ਼ਾਂ ਨੇ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾਈ ਹੈ।
ਥਾਈਲੈਂਡ ਦੀ ਟੀਮ 6 ਅੰਕਾਂ ਨਾਲ ਸੂਚੀ ’ਚ ਇਸ ਸਮੇਂ ਚੌਥੇ ਸਥਾਨ ’ਤੇ ਚੱਲ ਰਹੀ ਹੈ। ਟੀਮ ਆਖ਼ਰੀ ਸੈਮੀਫਾਈਨਲ ਸਥਾਨ ਹਾਸਲ ਕਰਨ ਲਈ ਆਖ਼ਰੀ ਕੋਸ਼ਿਸ਼ ਕਰਨ ਲਈ ਬੇਤਾਬ ਹੋਵੇਗੀ। ਮੇਜ਼ਬਾਨ ਬੰਗਲਾਦੇਸ਼ 4 ਅੰਕ ਲੈ ਕੇ ਉਸ ਤੋਂ ਪਿੱਛੇ ਹੈ ਅਤੇ ਟੀਮ ਦਾ ਇਕ ਮੈਚ ਬਾਕੀ ਹੈ। ਭਾਰਤ ਅੱਠ ਅੰਕ ਲੈ ਕੇ ਸੂਚੀ ’ਚ ਸਿਖਰ ’ਤੇ ਹੈ ਅਤੇ ਟੀਮ ਥਾਈਲੈਂਡ ਦੇ ਖ਼ਿਲਾਫ਼ ਚੌਕਸ ਰਹਿਣਾ ਚਾਹੇਗੀ ਕਿਉਂਕਿ ਉਹ ਉਲਟਫੇਰ ਕਰਨ ’ਚ ਸਮਰੱਥ ਹੈ।
ਭਾਰਤ : ਹਰਮਨਪ੍ਰਰੀਤ ਕੌਰ (ਕਪਤਾਨ), ਸਮਿ੍ਰਤੀ ਮੰਧਾਨਾ, ਦੀਪਤੀ ਸ਼ਰਮਾ, ਸ਼ੇਫਾਲੀ ਵਰਮਾ, ਜੇਮੀਮਾ ਰਾਡਰਿਗਜ਼, ਸਾਬਿਨੇਨੀ ਮੇਘਨਾ, ਰਿਚਾ ਘੋਸ਼ (ਵਿਕਟਕੀਪਰ), ਸਨੇਹ ਰਾਣਾ, ਦਿਆਲਨ ਹੇਮਲਤਾ, ਮੇਘਨਾ ਸਿੰਘ, ਰੇਣੁਕਾ ਠਾਕੁਰ, ਪੂਜਾ ਵਸਤ੍ਰਾਕਰ, ਰਾਜੇਸ਼ਵਰੀ ਗਾਇਕਵਾੜ, ਰਾਧਾ ਯਾਦਵ ਤੇ ਕੇਪੀ ਨਵਗਿਰੇ।
ਥਾਈਲੈਂਡ : ਨਾਰੂਇਮੋਲ ਚਾਈਵਾਈ (ਕਪਤਾਨ), ਨਟਾਯਾ ਬੂਚਾਥਮ, ਨਾਥਾਕਨ ਚਾਂਥਮ, ਸੁਨਿਦਾ ਚਤੁਰੋਂਗਰਤਾਨਾ, ਓਨਿਚਾ ਕਾਮਚੋਂਫੂ, ਸੁਵਾਨਾਨ ਖਿਯਾਓਤੋ, ਨਾਨਾਪਟ ਕੋਂਚਾਰੋਏਂਕਈ, ਸੁਲੀਪੋਰਨ ਲਾਓਮੀ, ਬੰਥਿਡਾ ਲੀਫਾਥਾਨਾ, ਫਾਨਿਤਾ ਮਾਇਆ, ਨਾਂਥਿਟਾ ਬੂਨਸੁਖਮ, ਥਿਪਾਟਚਾ ਪੁਥਾਵੋਂਗ, ਚਾਨਿਡਾ ਸੁਥਿਰੂਆਂਗ, ਆਫਿਸਾਰਾ ਸੁਵਾਨਚੋਨਰਾਥੀ ਤੇ ਸੋਰਨਾਰਿਣ ਥਿਪੋਚ।