ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ)
ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ, ਇਹਨਾਂ ਚੋਣਾਂ ਨੂੰ ਆਜ਼ਾਦ ਤੇ ਨਿਰਪੱਖ ਕਰਵਾਉਣ ਅਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਬਣਾਈ ਰੱਖਣ ਲਈ ਕਮਿਸ਼ਨਰਏਟ ਪੁਲਿਸ, ਅੰਮ੍ਰਿਤਸਰ ਵੱਲੋਂ ਫਲੈਗ ਮਾਰਚ ਅਤੇ ਵਿਸ਼ੇਸ਼ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਸ਼ਹਿਰ ਦੇ ਅੰਦਰੂਨੀ ਤੇ ਬਾਹਰਵਾਰ ਇਲਾਕਿਆਂ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਅਤੇ ਲੋਕਲ ਪੁਲਿਸ ਤੇ ਸੀਆਰਪੀ ਵੱਲੋਂ ਹਰੇਕ ਆਉਣ ਜਾਣ ਵਾਲੇ ਵਹੀਕਲਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕਰਕੇ ਉਹਨਾਂ ਦੇ ਵੇਰਵੇ ਨੋਟ ਕੀਤੇ ਗਏ। ਜੋਨ ਨੰਬਰ-1, ਵਿੱਚ ਲੱਗੇ ਨਾਕਿਆਂ ਪਰ ਏਡੀਸੀਪੀ ਸਿਟੀ-1 ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ ਅਤੇ ਮਨਿੰਦਰ ਪਾਲ ਸਿੰਘ ਏਸੀਪੀ ਸਾਊਥ ਅੰਮ੍ਰਿਤਸਰ ਵੱਲੋਂ ਪਹੁੰਚ ਕੇ ਗੋਲਡਨ ਗੇਟ ਵਿਖੇ ਲੱਗੇ ਨਾਕੇ ਪਰ ਤਾਇਨਾਤ ਜਵਾਨਾਂ ਨੂੰ ਇਸ ਅਹਿਮ ਡਿਊਟੀ ਬਾਰੇ ਬਰੀਫ ਕੀਤਾ ਗਿਆ ਅਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ ਗਈਆਂ।