ਫਗਵਾੜਾ 29 ਫਰਵਰੀ (ਸ਼ਿਵ ਕੋੜਾ)
ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ, ਇਟਲੀ ਵਲੋਂ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਨਵਾਂ ਸ਼ਹਿਰ ਦੇ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਸਮਾਗਮ ਹੋਟਲ ਅਨਮੋਲ ਪੈਲੇਸ ਬੰਗਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਨਾਮਵਰ ਸ਼ਖ਼ਸੀਅਤਾਂ ਰਾਜ ਗੀਤਕਾਰ ਚੰਨ ਗੁਰਾਇਆਂ ਵਾਲਾ ਅਤੇ ਮਿਸ਼ਨਰੀ ਲੇਖਕ ਸੱਤਪਾਲ ਸਾਹਲੋਂ ਨੂੰ ਦਰਬਾਰ ਵਲੋਂ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਚੰਨ ਗੁਰਾਇਆਂ ਵਾਲਾ ਤੇ ਸਤਪਾਲ ਸਾਹਲੋਂ ਤੋਂ ਇਲਾਵਾ ਕੁਲਵਿੰਦਰ ਕਿੰਦਾ ਤੇ ਫਿਰੋਜ ਖਾਨ ਸ਼ਾਮਲ ਹੋਏ। ਇਸ ਮੌਕੇ ਤੇ ਸਨਮਾਨਿਤ ਸ਼ਖ਼ਸੀਅਤਾਂ ਬਾਰੇ ਗਾਇਕ ਫਿਰੋਜ ਖਾਨ, ਕੁਲਵਿੰਦਰ ਕਿੰਦਾ ਪ੍ਰਧਾਨ, ਚਮਨ ਲਾਲ ਇਟਲੀ, ਦਵਿੰਦਰ ਸਕੋਹਪੁਰੀ, ਐਸ.ਐਸ. ਆਜ਼ਾਦ ਨੇ ਚਾਨਣਾ ਪਾਇਆ। ਸਨਮਾਨਤ ਸ਼ਖਸੀਅਤਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਜੁੜਨ ਦਾ ਸੰਦੇਸ਼ ਦਿੱਤਾ ਅਤੇ ਬੁੱਧੀਜੀਵੀ ਲੇਖਕਾਂ ਤੇ ਗਾਇਕਾਂ ਨੂੰ ਲੋਕਾਂ ਨੂੰ ਸੇਧ ਦੇਣ ਵਾਲਾ ਸਾਹਿਤ ਤੇ ਗੀਤਾਂ ਦੀ ਰਚਨਾ ਕਰਨ ਦੀ ਅਪੀਲ ਕੀਤੀ। ਮਿਸ਼ਨਰੀ ਗਾਇਕ ਮਲਕੀਤ ਬਬੇਲੀ, ਰੀਤਾ ਸਿੱਧੂ, ਦਵਿੰਦਰ ਰੂਹੀ, ਗੁਰਦੀਪ ਸਕੋਹਪੁਰੀ, ਬਲਰਾਜ ਸਿੱਧੂ ਤੇ ਬੇਬੀ ਮਣੀ ਜੇ ਜਾਨੀਆਂ ਨੇ ਆਪਣੇ ਗੀਤਾਂ ਰਾਹੀਂ ਸਤਿਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ਦੇ ਦੂਜੇ ਹਿੱਸੇ ਵਿੱਚ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਨਵਾਂ ਸ਼ਹਿਰ ਵਲੋਂ ਵਿਦੇਸ਼ਾਂ ਵਿੱਚ ਸਤਿਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਜਿਸ ਵਿੱਚ ਚਮਨ ਲਾਲ ਇਟਲੀ, ਹਰਪ੍ਰੀਤ ਬੰਗਾ, ਪਰਮਜੀਤ ਬੰਗਾ, ਪਵਨ ਕੁਮਾਰ, ਅਮਰੀਕ ਬੰਗੜ, ਇੰਗਲੈਂਡ ਤੋਂ ਹੁਸ਼ਿਆਰ ਲਾਲ, ਧਰਮਿੰਦਰ ਵਿਰਦੀ, ਸਲਿੰਦਰ ਰੱਲ, ਦੁਬਈ ਤੋਂ ਪਾਲ ਜਲੰਧਰੀ ਦਾ ਟਰੱਸਟ ਵੱਲੋਂ ਗੋਲਡ ਮੈਡਲ ਦੇ ਕੇ ਸਨਮਾਨ ਕੀਤਾ ਗਿਆ ਸਟੇਜ ਸਕੱਤਰ ਦੀ ਭੂਮਿਕਾ ਸੁਰਜੀਤ ਮਜਾਰੀ ਨੇ ਨਿਭਾਈ।