ਬੇਰੁਜ਼ਗਾਰ ਪੀਟੀਆਈ 646 ਅਧਿਆਪਕ ਯੂਨੀਅਨ ਦੀਆਂ 2 ਮਹਿਲਾ ਆਗੂ ਚੜੀਆਂ ਪਾਣੀ ਵਾਲੀ ਟੈਂਕੀ ’ਤੇ
ਐਸ.ਏ.ਐਸ.ਨਗਰ, 5 ਅਕਤੂਬਰ : ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕ ਯੂਨੀਅਨ ਦੀਆਂ ਦੋ ਮਹਿਲਾ ਆਗੂ ਸੀ.ਪੀ. ਸਰਮਾ ਅਤੇ ਵੀਰਪਾਲ ਕੌਰ ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕਾਂ ਦੀ ਸਿੱਖਿਆ ਵਿਭਾਗ ’ਚ ਰੈਗੂਲਰ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਸੋਹਾਣਾ ਪਿੰਡ ਦੀ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ, ਜਦਕਿ ਉਨ੍ਹਾਂ ਦੇ ਸਾਥੀ ਪਾਣੀ ਵਾਲੀ ਟੈਂਕੀ ਦੇ ਥੱਲੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰ ਹਨ।
ਦੱਸਿਆ ਜਾ ਰਿਹਾ ਹੈ ਕਿ ਯੂਨੀਅਨ ਮੈਂਬਰਾਂ ਨੇ ਮੰਗਲਵਾਰ ਦੇਰ ਰਾਤ ਪੂਰੀ ਤਿਆਰੀ ਨਾਲ ਪਹਿਲਾਂ ਮਿੱਥੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਰੂਪ-ਰੇਖਾ ਉਲੀਕੀ ਸੀ।
6 ਮਹੀਨੇ ਪਹਿਲਾਂ ਵੀ ਪੀਟੀਆਈ 646 ਅਧਿਆਪਕ ਯੂਨੀਅਨ ਦੇ ਮੈਂਬਰਾਂ ਵੱਲੋਂ ਪੰਜਾਬ ’ਚ ਕਾਂਗਰਸ ਦੀ ਸਰਕਾਰ ਸਮੇਂ ਇਸੇ ਟੈਂਕੀ ਉੱਪਰ ਚੜ੍ਹ ਕੇ ਰੋਸ ਪ੍ਰਦਰਸਨ ਕੀਤਾ ਗਿਆ ਸੀ। ਉਸ ਸਮੇਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਇਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਵਾਅਦੇ ਕੀਤੇ ਸਨ। ਯੂਨੀਅਨ ਦਾ ਦੋਸ਼ ਹੈ ਕਿ ਭਾਵੇਂ ਆਪ ਸਰਕਾਰ ਨੇ ਸੱਤਾ ਸੰਭਾਲ ਲਈ ਪਰ ਉਨ੍ਹਾਂ ਨੂੰ ਹਾਲੇ ਤਕ ਇਨਸਾਫ ਨਹੀਂ ਮਿਲਿਆ।