ਜ਼ੀਰਾ/ ਫਿਰੋਜ਼ਪੁਰ 20 ਅਪ੍ਰੈਲ ( ਗੁਰਪ੍ਰੀਤ ਸਿੰਘ ਸਿੱਧੂ)
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੀ ਅਹਿਮ ਮੀਟਿੰਗ ਜ਼ਿਲਾ ਜਨਰਲ ਸਕੱਤਰ ਪੱਛਮੀ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਪਿੰਡ ਕਾਦਾਬੋੜਾ ਵਿਖੇ ਹੋਈ। ਇਸ ਮੌਕੇ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਪੱਛਮੀ ਗੁਰਮੀਤ ਸਿੰਘ ਘੋੜੇ ਚੱਕ, ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਭਲੂਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਭਾਗ ਸਿੰਘ ਮਰਖਾਈ ਨੇ ਕਿਹਾ ਕਿ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਕਿਸਾਨਾਂ ਵੱਲੋਂ ਫਸਲ ਨੂੰ ਮੰਡੀਆਂ ਵਿੱਚ ਲਿਆਂਦਾ ਜਾ ਚੁੱਕਾ ਹੈ, ਪਰ ਸਰਕਾਰੀ ਖ੍ਰੀਦ ਏਜੰਸੀਆਂ ਢਿੱਲ ਮੱਠ ਦੀ ਨੀਤੀ ਅਪਣਾ ਰਹੀਆਂ ਹਨ । ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਖ੍ਰੀਦ ਏਜੰਸੀਆਂ ਨੂੰ ਕਣਕ ਦੀ ਖ੍ਰੀਦ ਵਿਚ ਤੇਜ਼ੀ ਲਿਆਉਣ ਲਈ ਹੁਕਮ ਜਾਰੀ ਕੀਤੇ ਜਾਣ ਅਤੇ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਇਸ ਦੌਰਾਨ ਕਿਸਾਨੀ ਮਸਲਿਆਂ ਦੇ ਹੱਲ ਕਰਵਾਉਣ ਲਈ ਪਿੰਡ ਪੱਧਰ ਤੇ ਇਕਾਈ ਦਾ ਗਠਨ ਕੀਤਾ ਗਿਆ। ਇਸ ਦੌਰਾਨ ਸਰਬਸੰਮਤੀ ਨਾਲ ਪਿੰਡ ਕਾਦਾਬੋੜਾ ਇਕਾਈ ਪ੍ਰਧਾਨ ਮਹਿੰਦਰ ਸਿੰਘ ਨੂੰ ਚੁਣਿਆ ਗਿਆ ਅਤੇ ਲਖਵਿੰਦਰ ਸਿੰਘ ਮੀਤ ਪ੍ਰਧਾਨ, ਚਰਨ ਸਿੰਘ ਖਜਾਨਚੀ, ਜੋਗਿੰਦਰ ਸਿੰਘ ਜਨਰਲ ਸਕੱਤਰ, ਮਨਜੀਤ ਸਿੰਘ ਪ੍ਰੈੱਸ ਸਕੱਤਰ ਅਤੇ ਬਾਜ ਸਿੰਘ, ਮਲਕੀਤ ਸਿੰਘ, ਬਲਵਿੰਦਰ ਸਿੰਘ, ਨਛੱਤਰ ਸਿੰਘ, ਨਸੀਬ ਸਿੰਘ ਆਦ ਕਾਰਜਕਾਰੀ ਮੈਂਬਰ ਨਿਯੁਕਤ ਕੀਤੇ ਗਏ। ਇਸ ਮੌਕੇ ਮੀਟਿੰਗ ਵਿੱਚ ਗੁਰਦੇਵ ਸਿੰਘ ਬਲਾਕ ਪ੍ਰਧਾਨ ਮੱਲਾਂਵਾਲਾ, ਪਰਮਜੀਤ ਸਿੰਘ ਜਿਲਾ ਮੀਤ ਪ੍ਰਧਾਨ ਆਦਿ ਹਾਜ਼ਰ ਸਨ।