ਮੋਗਾ/ ਅਜੀਤਵਾਲ( ਕੇਵਲ ਸਿੰਘ ਘਾਰੂ / ਅਜੀਤ ਸਿੰਘ )
ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਗੁਰਦੁਆਰਾ ਸੰਤ ਭਵਨ ਰੌਲੀ ਜ਼ਿਲਾ ਮੋਗਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ੍ਰੀ ਮਾਨ ਸੰਤ ਬਾਬਾ ਨਰੈਣ ਸਿੰਘ ਜੀ ਦੀ 22ਵੀਂ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਹਰਵਿੰਦਰ ਸਿੰਘ ਖਾਲਸਾ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਆਰੰਭ ਕੀਤੇ ਗਏ । ਇਸ ਦੌਰਾਨ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦਾ ਰਸਮੀ ਉਦਘਾਟਨ ਸਾਬਕਾ ਵਿਧਾਇਕ ਹਰਜੋਤ ਕਮਲ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਮੋਗਾ ਅਤੇ ਦੂਜੇ ਦਿਨ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਸੀਨੀਅਰ ਆਗੂ ਕਾਂਗਰਸ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਮੌਕੇ ਸਮਾਗਮ ਦੀ ਸਮਾਪਤੀ ਦੌਰਾਨ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਹਲਕਾ ਧਰਮਕੋਟ ਤੋਂ ਆਪ ਵਿਧਾਇਕ ਦਵਿੰਦਰਜੀਤ ਸਿੰਘ ਢੋਸ ਅਤੇ ਐਸਐਮੳ ਡਾ ਰਜੇਸ਼ ਅੱਤਰੀ ਮੋਗਾ ਨੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕੀਤੇ ਅਤੇ ਨਤਮਸਤਕ ਹੋਏ। ਇਸ ਮੌਕੇ ਪਹੁੰਚੇ ਸਮੂਹ ਰਾਜਨੀਤਕ , ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਨੇ ਮੁੱਖ ਸੇਵਾਦਾਰ ਸੰਤ ਬਾਬਾ ਹਰਵਿੰਦਰ ਸਿੰਘ ਖਾਲਸਾ ਰੋਲੀ ਵਾਲਿਆਂ ਵੱਲੋਂ ਕੀਤੇ ਜਾਂਦੇ ਸਮਾਜਿਕ ਧਾਰਮਿਕ ਉਪਰਾਲਿਆਂ ਸਮੇਤ ਦੀਨ ਦੁਖੀਆਂ ਅਤੇ ਲੋੜਵੰਦਾਂ ਲਈ ਕੀਤੇ ਜਾਂਦੇ ਅਪਰਾਲਿਆਂ ਦੀ ਭਰਪੂਰ ਸਲਾਘਾ ਕੀਤੀ । ਇਸ ਉਪਰੰਤ ਮੁੱਖ ਸੇਵਾਦਾਰ ਸੰਤ ਬਾਬਾ ਹਰਵਿੰਦਰ ਸਿੰਘ ਖਾਲਸਾ ਰੌਲੀ ਵਾਲਿਆਂ ਨੇ ਡਾਕਟਰੀ ਟੀਮ, ਖੂਨਦਾਨ ਕਰਨ ਵਾਲੇ ਖੂਨਦਾਨੀਆਂ ਅਤੇ ਰਾਜਨੀਤਿਕ ਧਾਰਮਿਕ , ਸਮਾਜਿਕ ਆਗੂਆਂ ਦਾ ਐਨਆਰਆਈ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿਹਾ ਕਿ ਸ਼੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਚੈਰੀਟੇਬਲ ਟਰੱਸਟ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਦਵਾਈਆਂ ਅਤੇ ਲੈਂਜ ਪਾਉਣ ਦੀ ਮੁਫਤ ਸੇਵਾ ਦਾ ਉਦਮ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਵਿਵੇਕ ਚੈਰੀਟੇਬਲ ਹਸਪਤਾਲ ਜਲਾਲ ਵੱਲੋਂ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾ ਕੇ 500 ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆ ਅਤੇ 50 ਮਰੀਜ਼ਾਂ ਦੇ ਲੈਂਜ ਪਾਏ ਗਏ। ਉਥੇ ਵਿਰਦੀ ਮਲਟੀਸਪੈਸ਼ਲਟੀ ਹਸਪਤਾਲ ਵੱਲੋਂ ਵੱਖ ਵੱਖ ਬਿਮਾਰੀਆਂ ਦੇ ਮੁਫਤ ਟੈਸਟ, ਈ ਸੀ ਜੀ ਕੀਤੇ ਗਏ। ਉਹਨਾਂ ਦੱਸਿਆ ਕਿ ਡੀਐਮਸੀ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਅੱਖ ,ਨੱਕ, ਕੰਨ, ਗਲਾ, ਹੱਡੀਆਂ ਅਤੇ ਚਮੜੀ ਦੇ ਰੋਗਾਂ ਦੇ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਦਵਾਈਆਂ ਦਿੱਤੀਆਂ ਗਈਆਂ। ਇਸ ਦੌਰਾਨ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਲੜੀਵਾਰ 208 ਪਾਠਾਂ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿੱਥੇ ਰਾਗੀ ਢਾਡੀ ਅਤੇ ਕਵਿਸ਼ਰੀ ਜਥਿਆਂ ਵੱਲੋਂ ਆਈਆਂ ਸੰਗਤਾਂ ਨੂੰ ਗੁਰਬਾਣੀ ਸ਼ਬਦਾਂ ਨਾਲ ਨਿਹਾਲ ਕੀਤਾ ਗਿਆ।