ਸਰਦੂਲਗੜ੍ਹ, 26 ਜੁਲਾਈ (ਕੁਲਵਿੰਦਰ ਕੜਵਲ) ਪੰਜਾਬ ਦਾ ਇਕ ਵੱਡਾ ਹਿੱਸਾ ਹਾਲ ਹੀ ਵਿਚ ਹੜ੍ਹਾਂ ਦੀ ਮਾਰ ਝੱਲ ਰਿਹਾ, ਇਹਨਾ ਹੜ੍ਹਾ ਕਾਰਣ ਜਿੱਥੇ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਓਥੇ ਹੀ ਲੋਕਾਂ ਦਾ ਵਿੱਤੀ ਨੁਕਸਾਨ ਵੀ ਹੋਇਆ ਹੈ। ਇਹਨਾ ਹੜ੍ਹਾ ਦੇ ਆਉਣ ਦੇ ਕੀ ਕਾਰਨ ਹਨ ਅਤੇ ਇਹਨਾਂ ਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ । ਇਹਨਾ ਸਭ ਗੱਲਾਂ ਤੇ ਵਿਚਾਰ ਕਰਦੇ ਹੋਏ ਪਹਿਲ ਫਾਉਂਡੇਸ਼ਨ ਨਾਮ ਦੀ ਸਮਾਜ ਸੇਵੀ ਸੰਸਥਾ ਦੇ ਨੁਮਾਇੰਦਿਆਂ ਨੇ ਬੀਤੇ ਦਿਨੀਂ ਚੇਅਰਮੈਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇੱਕ ਮਿਲਣੀ ਦੌਰਾਨ ਮੰਗ ਪੱਤਰ ਦਿੱਤਾ, ਜਿਸ ਵਿੱਚ ਘੱਗਰ ਅਤੇ ਹੋਰ ਕੁਦਰਤੀ ਦਰਿਆਵਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਉਪਰਾਲੇ ਕੀਤੇ ਜਾਣ ਦੀ ਬੇਨਤੀ ਕੀਤੀ ਤਾਂ ਜੌ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੜ੍ਹ ਦੀ ਮਾਰ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਇਸ ਮੌਕੇ ਦਰਿਆਵਾਂ ਦੇ ਕੁਦਰਤੀ ਸੁਭਾਅ ਨਾਲ ਛੇੜ ਛਾੜ ਤੇ ਘੱਗਰ ਵਿੱਚ ਪ੍ਰਦੂਸ਼ਣ ਕਾਰਨ ਪੰਜਾਬ ਦੇ ਮਾਲਵਾ ਹਿੱਸੇ ਦੇ ਕੁੱਝ ਜਿਲ੍ਹਿਆਂ ਵਿੱਚ ਆਉਣ ਵਾਲ਼ੇ ਹੜ੍ਹ ਅਤੇ ਉਸ ਨਾਲ ਹੋਣ ਵਾਲੇ ਜਾਣੀ ਮਾਲੀ ਨੁਕਸਾਨ ਸਬੰਧੀ ਚਰਚਾ ਬੋਰਡ ਦੇ ਚੈਅਰਮੈਨ ਡਾ. ਆਦਰਸ਼ ਪਾਲ ਜੀ (ਵਾਤਾਵਰਣ ਵਿਗਿਆਨੀ) ਅਤੇ ਬੋਰਡ ਦੇ ਮੈਂਬਰ ਸੇਕ੍ਰੇਟਰੀ ਸ਼੍ਰੀ ਜੀ.ਐਸ. ਮਜੀਠੀਆ ਜੀ ਨਾਲ ਪਟਿਆਲਾ ਵਿਖੇ ਹੋਈ। ਇਸ ਮੌਕੇ ਪਹਿਲ ਫਾਊਂਡੇਸ਼ਨ ਦੇ ਸੰਸਥਾਪਕ ਸ਼੍ਰੀ ਅਰੁਣ ਗਰਗ ਅਤੇ ਸੁਮੀਤ ਗੁਪਤਾ ਸਰਦੂਲਗੜ੍ਹ ਵੱਲੋਂ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਨੂੰ ਵਾਤਾਵਰਣ ਸੰਭਾਲ, ਘੱਗਰ ਸਮੇਤ ਹੋਰ ਦਰਿਆਵਾਂ ਦੇ ਆਲੇ ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਗਰੀਨ ਮੁਹਿੰਮ ਲਈ ਜਾਗਰੂਕਤਾ ਲਿਆਉਣ ਲਈ ਵਿਸ਼ੇਸ਼ ਸਹਿਯੋਗ ਦੀ ਪੇਸ਼ਕਸ਼ ਕੀਤੀ ਗਈ । ਬੋਰਡ ਦੇ ਚੇਅਰਮੈਨ ਡਾ ਆਦਰਸ਼ ਪਾਲ ਜੀ ਨੇ ਵਿਸ਼ਵਾਸ ਦਵਾਇਆ ਕਿ ਬੋਰਡ ਜਲਦੀ ਹੀ ਇਸ ਦਿਸ਼ਾ ਵਿੱਚ ਪਹਿਲਾਂ ਨਾਲੋਂ ਜਿਆਦਾ ਅਤੇ ਹੋਰ ਤੇਜ਼ੀ ਨਾਲ ਸਾਰਥਕ ਕਦਮ ਪੁੱਟੇਗਾ।