ਸਿੱਖਿਆ ਮੰਤਰੀ ਨਾਲ ਮੀਟਿੰਗ ਤੈਅ ਕਰਵਾਉਣ ਦੀ ਲਾਈ ਗੁਹਾਰ
ਸੰਗਰੂਰ, 26 ਜੁਲਾਈ, 2023: 343 ਲੈਕਚਰਾਰ ਭਰਤੀ ਦੀਆਂ ਸ਼ਰਤਾਂ ‘ਚ ਵਾਜਿਬ ਸੋਧ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕਾਂ ਨੇ 31 ਜੁਲਾਈ ਨੂੰ ਸੁਨਾਮ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਲ਼ੇ-ਝੰਡਿਆਂ ਨਾਲ ਸਵਾਗਤ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਚੰਗਾ ਹੋਵੇਗਾ, ਜੇਕਰ ਪ੍ਰਸ਼ਾਸਨ ਪਹਿਲਾਂ ਹੀ ਉਹਨਾਂ ਦੀ ਮੀਟਿੰਗ ਸਿੱਖਿਆ ਮੰਤਰੀ ਨਾਲ ਕਰਵਾ ਦੇਵੇ, ਨਹੀਂ ਤਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਸੰਘਰਸ਼ ਲਈ ਮਜ਼ਬੂਰ ਹੋਣਾ ਪਵੇਗਾ।
ਇਹ ਜਾਣਕਾਰੀ ਦਿੰਦਿਆਂ 343 ਬੇਰੁਜ਼ਗਾਰ ਲੈਕਚਰਾਰ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਜਟਾਣਾ, ਮੀਤ ਪ੍ਰਧਾਨ ਗਗਨਦੀਪ ਕੌਰ ਗਰੇਵਾਲ ਅਤੇ ਅਮਨ ਸੇਖ਼ਾ ਨੇ ਕਿਹਾ ਕਿ ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ, ਪੰਜਾਬ ਵੱਲੋਂ 8 ਜਨਵਰੀ, 2022 ਨੂੰ 343 ਲੈਕਚਰਾਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਇਹ ਪ੍ਰੀਖਿਆ 12 ਅਤੇ 13 ਅਗਸਤ 2023 ਨੂੰ ਲਈ ਜਾਵੇਗੀ। ਜਿਸ ਅਨੁਸਾਰ ਇਤਿਹਾਸ, ਰਾਜਨੀਤੀ ਸਾਸ਼ਤਰ, ਅਰਥ ਸਾਸ਼ਤਰ ਅਤੇ ਭੂਗੋਲ ਦੇ ਲੈਕਚਰਾਰ ਲਈ ਯੋਗਤਾ ਸੰਬੰਧਿਤ ਵਿਸ਼ੇ ਨਾਲ ਐੱਮਏ 55%, ਬੀ.ਐੱਡ ਵਿੱਚ ਟੀਚਿੰਗ ਵਿਸ਼ੇ ਵਿੱਚ ਸੰਬੰਧਿਤ ਵਿਸ਼ਿਆਂ ਨੂੰ ਯੋਗ ਸਮਝਿਆ ਜਾਵੇਗਾ। ਹਿਸਟਰੀ, ਪੌਲੀਟੀਕਲ ਸਾਇੰਸ ਪੋਸਟਾਂ ਵਿੱਚ ਸਮਾਜਿਕ ਸਿੱਖਿਆ ਵਿਸ਼ੇ ਨਾਲ ਬੀਐੱਡ ਪਾਸ ਉਮੀਦਵਾਰਾਂ ਨੂੰ ਬਾਹਰ ਕੱਢਣ ‘ਤੇ ਉਮੀਦਵਾਰ ਨਿਰਾਸ਼ਾ ‘ਚ ਹਨ। ਉਨ੍ਹਾਂ ਕਿਹਾ ਕਿ ਲੈਕਚਰਾਰਾਂ ਦੀ ਭਰਤੀ ਵਿੱਚ ਸਮਾਜਿਕ ਸਿੱਖਿਆ ਵਰਗੇ ਵਿਸ਼ੇ ਨੂੰ ਬਾਹਰ ਰੱਖਣਾ ਬਹੁਤ ਹੀ ਅਫਸੋਸਜਨਕ ਹੈ, ਕਿਉਂਕਿ ਸਮਾਜਿਕ ਸਿੱਖਿਆ ਇੱਕ ਅਜਿਹਾ ਵਿਸ਼ਾ ਹੈ, ਜਿਸਨੇ ਬਹੁਤ ਸਾਰੇ ਵਿਸ਼ਿਆਂ ਨੂੰ ਆਪਣੇ ਅੰਦਰ ਸਮੇਟਿਆ ਹੋਇਆ ਹੈ। ਬੀ.ਐੱਡ ਦੇ ਕੋਰਸ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਇਸ ਵਿਸ਼ੇ ਨਾਲ ਹੀ ਸੰਬੰਧਿਤ ਹੁੰਦੇ ਹਨ। ਇਸ ਭਰਤੀ ‘ਚ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਬਾਹਰ ਰੱਖਕੇ ਸਿਰਫ਼ ਇਕਹਿਰੇ ਵਿਸ਼ਿਆਂ ਨੂੰ ਸ਼ਾਮਿਲ ਕਰਨਾ ਸਮਝ ਤੋਂ ਪਰ੍ਹੇ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪਿਛਲੀਆਂ ਭਰਤੀਆਂ ‘ਚ ਬੀਐੱਡ ਵਿੱਚ ਅਧਿਆਪਨ ਵਿਸ਼ਾ ਸਮਾਜਿਕ ਸਿੱਖਿਆ ਵੀ ਯੋਗ ਮੰਨਿਆ ਜਾਂਦਾ ਰਿਹਾ ਹੈ। ਲੈਕਚਰਾਰ ਭਰਤੀ ਦੇ ਵਿਗਿਆਪਨ ਨੰਬਰ: ਐਲ.ਸੀ./0007/2015 ਅਤੇ ਵਿਗਿਆਪਨ ਨੰਬਰ: 08-21(I)/2021RD (7)/2021/297517 ਅਨੁਸਾਰ ਹੋਈਆਂ ਭਰਤੀਆਂ ਵਿੱਚ ਵੀ ਬੀ.ਐੱਡ ਵਿੱਚ ਅਧਿਆਪਨ ਵਿਸ਼ਾ ਸਮਾਜਿਕ ਸਿੱਖਿਆ ਨੂੰ ਵੀ ਯੋਗ ਮੰਨਿਆ ਗਿਆ ਸੀ।
ਆਗੂਆਂ ਨੇ ਕਿਹਾ ਕਿ ਚੱਲ ਰਹੀ ਭਰਤੀ ਵਿੱਚ ਵੀ ਬੀ.ਐੱਡ ਦੇ ਅਧਿਆਪਨ ਵਿਸ਼ਿਆਂ ਵਿੱਚ ਸਬੰਧਤ ਉਪ-ਵਿਸ਼ਿਆਂ ਦੇ ਨਾਲ-ਨਾਲ ਸਮਾਜਿਕ-ਸਿੱਖਿਆ ਨੂੰ ਵੀ ਲੈਕਚਰਾਰ ਦੀ ਅਸਾਮੀ ਲਈ ਯੋਗ ਸਮਝਿਆ ਜਾਵੇ। ਬੀ.ਐੱਡ. ਵਿੱਚ ਸਮਾਜਿਕ ਸਿੱਖਿਆ ਪੜ੍ਹੀ ਹੋਵੇ ਜਾਂ ਇਕੱਲੇ ਇਕੱਲੇ ਉਪ-ਵਿਸ਼ੇ ਪੜ੍ਹੇ ਹੋਣ, ਜਿਵੇਂ ਰਾਜਨੀਤੀ ਸਾਸ਼ਤਰ, ਇਤਿਹਾਸ, ਅਰਥ-ਸਾਸ਼ਤਰ ਜਾਂ ਹੋਰ ਸਬੰਧਿਤ ਵਿਸ਼ੇ। ਉਹਨਾਂ ਕਿਹਾ ਕਿ ਸਾਇੰਸ/ਮੈਥ ਵਾਲੇ ਮਾਸਟਰ ਤਰੱਕੀ/ਪ੍ਰਮੋਸ਼ਨ ਵੇਲ਼ੇ ਇਤਿਹਾਸ/ਰਾਜਨੀਤੀ/ਪੰਜਾਬੀ ਦੀ ਐਮ.ਏ. ਕਰਕੇ ਲੈਕਚਰਾਰ ਬਣ ਰਹੇ ਹਨ, ਬੀਐੱਡ ‘ਚ ਸਾਇੰਸ/ਮੈਥ ਪੜ੍ਹਕੇ ਵੀ ਉਹਨਾਂ ਨੂੰ ਇਹਨਾਂ ਵਿਸ਼ਿਆਂ ਦਾ ਲੈਕਚਰਾਰ ਲਾਇਆ ਜਾ ਰਿਹਾ। ਫਿਰ ਆਪਣੇ ਵਿਸ਼ੇ ‘ਚ ਐਮ.ਏ ਕਰਨ ਵਾਲ਼ਾ ਅਤੇ ਬੀਐੱਡ ‘ਚ ਸਮਾਜਿਕ ਸਿੱਖਿਆ ਪੜ੍ਹਨ ਵਾਲਾ ਉਮੀਦਵਾਰ ਰਾਜਨੀਤੀ-ਸਾਸ਼ਤਰ, ਇਤਿਹਾਸ ਅਰਥ-ਸਾਸ਼ਤਰ ਜਾਂ ਕਿਸੇ ਹੋਰ ਉਪ ਵਿਸ਼ੇ ਦਾ ਲੈਕਚਰਾਰ ਬਣਨ ਲਈ ਯੋਗ ਕਿਉਂ ਨਹੀਂ? ਆਗੂਆਂ ਨੇ ਮੰਗ ਕੀਤੀ ਕਿ ਤੱਥਾਂ ਨੂੰ ਮੁੱਖ ਰੱਖਦਿਆਂ ਸਾਰੇ ਹੀ ਯੋਗ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਵੇ।