ਫਗਵਾੜਾ 26 ਜੂਨ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਸੀਵਰੇਜ ਬੋਰਡ ਅਤੇ ਪੀ.ਡਬਲਯੂ.ਡੀ. ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੱਲ ਰਹੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਚੱਲ ਰਹੇ ਸਾਰੇ ਪ੍ਰਾਜੈਕਟਾਂ ਨੂੰ ਬਰਸਾਤਾਂ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮਾਨ ਨੇ ਦੱਸਿਆ ਕਿ ਬੰਗਾ ਰੋਡ ਦੀ ਸੜਕ ਅਤੇ ਪਟੇਲ ਨਗਰ ਦੇ ਸੀਵਰੇਜ ਸਬੰਧੀ ਸਮੱਸਿਆਵਾਂ ਨੂੰ ਵਿਸ਼ੇਸ਼ ਤੌਰ ’ਤੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਸੀਵਰੇਜ ਦੀ ਸਫ਼ਾਈ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਬਰਸਾਤ ਦੇ ਮੌਸਮ ’ਚ ਸੀਵਰੇਜ ਬੰਦ ਹੋਣ ਦੀ ਸਮੱਸਿਆ ਕਾਰਨ ਬਰਸਾਤ ਦਾ ਪਾਣੀ ਖੜ੍ਹਾ ਨਾ ਹੋਵੇ। ਉਨ੍ਹਾਂ ਕਿਹਾ ਕਿ ਫਗਵਾੜਾ ਵਾਸੀਆਂ ਦੀ ਹਰ ਸਮੱਸਿਆ ਦਾ ਹੱਲ ਕਰਨਾ ਅਤੇ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕਰਨਾ ਉਨ੍ਹਾਂ ਦੀ ਹਮੇਸ਼ਾ ਪਹਿਲ ਰਹੀ ਹੈ। ਇਸ ਵਾਰ ਵੀ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਫਗਵਾੜਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਕਿਸੇ ਵੀ ਜਾਇਜ਼ ਸਮੱਸਿਆ ਲਈ ਜਦੋਂ ਚਾਹੁਣ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਜਨਤਾ ਦੀ ਹਰ ਸਮੱਸਿਆ ਦਾ ਸਹੀ ਢੰਗ ਨਾਲ ਹਲ ਕੀਤਾ ਜਾਵੇਗਾ। ਇਸ ਮੌਕੇ ਸੀਵਰੇਜ ਬੋਰਡ ਦੇ ਐਕਸ.ਈ.ਐਨ. ਪ੍ਰਿਤਪਾਲ ਸਿੰਘ, ਰਾਜਵਿੰਦਰ ਸਿੰਘ ਐੱਸ.ਡੀ.ਓ. ਸੀਵਰੇਜ ਬੋਰਡ, ਸੁਖਵਿੰਦਰ ਸਿੰਘ ਜੇ.ਈ. ਤੋਂ ਇਲਾਵਾ ਪੀ.ਡਬਲਯੂ.ਡੀ. ਵਿਭਾਗ ਦੇ ਜੇ.ਈ ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਜੀਵ ਉੱਪਲ ਅਤੇ ਸਚਿਨ ਖੰਨਾ ਆਦਿ ਹਾਜ਼ਰ ਸਨ।
ਬਰਸਾਤ ਦੇ ਮੌਸਮ ਦੌਰਾਨ ਫਗਵਾੜਾ ਵਾਸੀਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਦਿੱਕਤ : ਮਾਨ
previous post