ਫ਼ਿਰੋਜ਼ਪੁਰ, 15 ਜੂਨ 2023(ਗੁਰਪ੍ਰੀਤ ਸਿੱਧੂ )
ਅਨੁਸੂਚਿਤ ਜਾਤੀਆਂ ਦੇ ਅੱਤਿਆਚਾਰ ਰੋਕਥਾਮ ਐਕਟ 1989 ਦੇ ਰੂਲ 1995 ਸਬੰਧੀ ਜ਼ਿਲ੍ਹਾ ਪੱਧਰ ‘ਤੇ ਵਿਜੀਲੈਂਸ ਅਤੇ ਮੋਨੀਟਰਿੰਗ ਕਮੇਟੀ ਦੀ ਪਲੇਠੀ ਮੀਟਿੰਗ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਜ਼ਿਲ੍ਹਾ ਮੈਜਿਸਟ੍ਰੇਟ–ਕਮ–ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਗਠਿਤ ਕਮੇਟੀ ਦੇ ਸਰਕਾਰੀ ਅਤੇ ਗੈਰ ਸਰਕਾਰੀ ਮੈਂਬਰ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰ. ਗੁਰਮੀਤ ਸਿੰਘ ਬਰਾੜ ਵੀ ਹਾਜ਼ਰ ਸਨ।
ਮੀਟਿੰਗ ਵਿੱਚ ਐਸ.ਸੀ.ਐਸ.ਟੀ./ਅਤਿਆਚਾਰ ਰੋਕਥਾਮ ਐਕਟ 1989 ਰੂਲਜ 1995 ਤਹਿਤ ਦਰਜ ਕੇਸਾਂ ਦੀ ਮੌਜੂਦਾ ਸਥਿਤੀ, ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਵਿਚ ਹੁਣ ਤੱਕ ਜ਼ਿਲ੍ਹੇ ਅੰਦਰ ਕੁੱਲ 33 ਮੁਕੱਦਮੇ ਦਰਜ ਹੋਏ ਜਿਸ ਵਿਚ ਜ਼ੇਰੇ ਤਫਤੀਸ਼ ਕੇਸ 13, ਜ਼ੇਰੇ ਸਮਾਇਤ 05 ਅਤੇ ਅਖਰਾਜ/ਕੈਂਸਲ/ਬਰੀ/ਫੈਸਲਾ ਹੋਏ 15 ਕੇਸਾਂ ਦੀ ਸਮੀਖਿਆ ਕੀਤੀ ਗਈ। ਜ਼ਿਲ੍ਹਾ ਮੈਜਿਸਟਰੇਟ ਨੇ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਐਕਟ ਤਹਿਤ ਦਰਜ ਹੋਏ ਮੁਕੱਦਮੇ ਜੋ ਜ਼ੇਰੇ ਤਫਤੀਸ਼ ਹਨ, ਇਕ ਹਫਤੇ ਦੇ ਅੰਦਰ–ਅੰਦਰ ਤਫਤੀਸ਼ ਮੁਕੰਮਲ ਕਰਕੇ ਰਿਪੋਰਟ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜੋ ਇਸ ਸਕੀਮ ਤਹਿਤ ਪੀੜਤਾਂ ਨੂੰ ਸਮੇਂ ਸਿਰ ਇਨਸਾਫ ਦੁਆਇਆ ਜਾ ਸਕੇ। ਉਨ੍ਹਾਂ ਆਦੇਸ਼ ਦਿੱਤੇ ਕਿ ਜ਼ਿਲ੍ਹਾ ਅਟਾਰਨੀ ਨਾਲ ਤਾਲਮੇਲ ਕਰਨ ਉਪਰੰਤ ਅਤੇ ਕਾਨੂੰਨੀ ਰਾਏ ਲੈ ਕੇ ਐਕਟ ਤਹਿਤ ਪੀੜਤਾਂ ਨੂੰ ਸਮੇਂ ਸਿਰ ਮੁਆਵਜ਼ਾ ਮੁਹੱਈਆ ਕਰਵਾਇਆ ਜਾਵੇ।
ਮੀਟਿੰਗ ਵਿਚ ਡੀ.ਐਸ.ਪੀ. (ਐਚ) ਸ੍ਰ. ਫਤਿਹ ਸਿੰਘ ਬਰਾੜ, ਸ੍ਰ. ਲਖਵਿੰਦਰ ਸਿੰਘ, ਸ੍ਰ. ਮਹਿੰਦਰ ਸਿੰਘ, ਸ੍ਰੀ ਰਾਮ ਪ੍ਰਕਾਸ਼, ਸ਼੍ਰੀ ਵਿਜੇ ਕੁਮਾਰ ਸ਼ੈਰੀ, ਸ੍ਰ. ਗਗਨਦੀਪ ਸਿੰਘ ਗੋਬਿੰਦ ਨਗਰ ਅਤੇ ਹੋਰ ਸਰਕਾਰੀ/ਗੈਰ ਸਰਕਾਰੀ ਮੈਂਬਰ ਹਾਜ਼ਰ ਸਨ।