ਸੰਗਰੂਰ, 26 ਜੂਨ, 2023: ਸਿਵਲ ਸਰਜਨ ਡਾ ਪਰਮਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ ਛੁਡਾਊ ਕੇਂਦਰ ਸੰਗਰੂਰ, ਵਿਖੇ ਡਿਪਟੀ ਮੈਡੀਕਲ ਕਮਿਸ਼ਨਰ, ਡਾ ਵਿਕਾਸ ਧੀਰ ਦੀ ਅਗਵਾਈ ਹੇਠ “ਨਸ਼ਾ-ਮੁਕਤ ਭਾਰਤ” ਮੁਹਿੰਮ ਦੇ ਤਹਿਤ “ਅੰਤਰਰਾਸ਼ਟਰੀ ਨਸ਼ਾ ਖੋਰੀ ਅਤੇ ਗੈਰ-ਕਾਨੂੰਨੀ ਤਸ਼ਕਰੀ ਵਿਰੋਧੀ ਦਿਵਸ” ਮੌਕੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ ਵਿਕਾਸ ਧੀਰ ਨੇ ਕਿਹਾ ਕਿ ਨਸ਼ਾ ਇਕ ਮਾਨਸਿਕ ਰੋਗ ਹੈ ਜੋ ਇਨਸਾਨ ਨੂੰ ਸਰੀਰਕ, ਮਾਨਸਿਕ ਤੇ ਆਰਥਿਕ ਤੌਰ ਤੇ ਕਮਜ਼ੋਰ ਕਰ ਦਿੰਦਾ ਹੈ, ਇਸ ਲਈ ਸਾਨੂੰ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਵਿਆਪਕ ਵਰਤੋਂ ਸਮਾਜ ਲਈ ਇਕ ਚਿੰਤਾ ਦਾ ਵਿਸ਼ਾ ਹੈ ਕਿਉਕਿ ਕਿਸੇ ਵੀ ਦੇਸ਼ ਦੇ ਚੰਗੇ ਭਵਿੱਖ ਲਈ ਉਸ ਦੀ ਤਰੱਕੀ ਦੇ ਰਾਹ ਵਿਚ ਨਸ਼ਾ ਇਕ ਵੱਡੀ ਰੁਕਾਵਟ ਬਣਦਾ ਹੈ। ਉਹਨਾਂ ਇਹ ਵੀ ਕਿਹਾ ਕਿ ਫਿਰ ਵੀ ਜੇਕਰ ਕੋਈ ਵਿਅਕਤੀ ਨਸ਼ਿਆਂ ਦੀ ਦਲਦਲ ਵਿੱਚ ਫਸਦਾ ਹੈ ਤਾਂ ਇਸਦਾ ਇਲਾਜ ਵੀ ਸੰਭਵ ਹੈ ਤੇ ਉਸਦਾ ਇਹ ਇਲਾਜ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ, ਓਟ ਕਲੀਨਿਕਾਂ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਸਰਕਾਰੀ ਕੇਂਦਰਾਂ ਵਿੱਚ ਇਲਾਜ ਕਰਵਾਉਣ ਵਾਲੇ ਵਿਅਕਤੀ ਦੀ ਪਹਿਚਾਣ ਤੇ ਰਿਕਾਰਡ ਗੁਪਤ ਰੱਖਿਆ ਜਾਂਦਾ ਹੈ।
ਇਸ ਮੌਕੇ ਮਾਨਸਿਕ ਰੋਗਾਂ ਦੇ ਮਾਹਿਰ ਡਾ ਦੀਪਕ ਕਾਂਸਲ ਨੇ ਕੈਂਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਜ਼ਿਆਦਾਤਰ ਨੌਜਵਾਨ ਵਰਗ ਨਸ਼ਾ ਕਰਨ ਵੱਲ ਝੁਕ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਇਕ ਨਾ-ਮੁਰਾਦ ਬਿਮਾਰੀ ਹੈ, ਨਸ਼ਿਆਂ ਦੀਆਂ ਆਦਤਾਂ ਵਿੱਚ ਫਸ ਕੇ ਨੌਜਵਾਨ ਆਪਣਾ ਅਤੇ ਆਪਣੇ ਦੇਸ਼ ਦਾ ਭਵਿੱਖ ਖਰਾਬ ਕਰਦੇ ਹਨ ਕਿਉਂਕਿ ਉਹ ਗਲਤ ਅਤੇ ਠੀਕ ਵਿੱਚ ਫਰਕ ਨਹੀਂ ਕਰ ਸਕਦੇ। ਉਨ੍ਹਾਂ ਨਸ਼ਿਆਂ ਦੇ ਕਾਰਨ, ਨਸ਼ਾ ਕਰਨ ਵਾਲੇ ਵਿਅਕਤੀ ਦੇ ਲੱਛਣ, ਨਸ਼ਾ ਕਰਨ ਨਾਲ ਸਰੀਰ ਨੂੰ ਲੱਗਣ ਵਾਲੇ ਹੋਰ ਰੋਗਾਂ ਅਤੇ ਇਹਨਾਂ ਦੇ ਇਲਾਜ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਸਟਾਫ਼ ਨਰਸ ਕਿਰਨਜੀਤ ਕੌਰ,ਗੁਰਪ੍ਰੀਤ ਸਿੰਘ, ਜਸਕਰਨਜੀਤ ਸਿੰਘ, ਅਮਨਪ੍ਰੀਤ ਸਿੰਘ, ਮੁਹੰਮਦ ਖਾਲਿਦ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।