ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਜਰੇ ਦੇ ਫਾਇਦੇ ਅਤੇ ਦੁਨੀਆ ਵਿੱਚ ਭੁੱਖਮਰੀ ਨੂੰ ਘਟਾਉਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਦੱਸਣ ਲਈ ਗ੍ਰੈਮੀ ਅਵਾਰਡ ਜੇਤੂ ਭਾਰਤੀ-ਅਮਰੀਕੀ ਗਾਇਕ ਫਾਲੂ ਨਾਲ ਮਿਲ ਕੇ ਇੱਕ ਗੀਤ ਲਿੱਖਿਆ ਹੈ। ‘ਅਬੰਡੈਂਸ ਇਨ ਮਿਲਟਸ’ ਗੀਤ ਨੂੰ ਮੁੰਬਈ ਵਿੱਚ ਜੰਮੀ ਗਾਇਕਾ-ਗੀਤਕਾਰ ਫਾਲਗੁਨੀ ਸ਼ਾਹ ਅਤੇ ਉਨ੍ਹਾਂ ਦੇ ਪਤੀ ਅਤੇ ਗਾਇਕ ਗੌਰਵ ਸ਼ਾਹ ਨੇ ਗਾਇਆ ਹੈ।
ਸ਼ਾਹ ਨੂੰ ਫਾਲੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਗੀਤ 16 ਜੂਨ ਨੂੰ ਰਿਲੀਜ਼ ਹੋਵੇਗਾ। ਭਾਰਤ ਦੇ ਪ੍ਰਸਤਾਵ ‘ਤੇ ਸੰਯੂਕਤ ਰਾਸ਼ਟਰ ਮਹਾਸਭਾ ਨੇ ਸਾਲ 2023 ਨੂੰ ‘ਇੰਟਰਨੈਸ਼ਨਲ ਮਿਲਟ ਈਅਰ’ ਐਲਾਨਿਆ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਫਾਲੂ ਨੇ ਪੀਟੀਆਈ ਨੂੰ ਦੱਸਿਆ, “ਪ੍ਰਧਾਨ ਮੰਤਰੀ ਮੋਦੀ ਨੇ ਇਹ ਗੀਤ ਮੇਰੇ ਅਤੇ ਮੇਰੇ ਪਤੀ ਗੌਰਵ ਸ਼ਾਹ ਨਾਲ ਮਿਲ ਕੇ ਲਿਖਿਆ ਹੈ।”
ਫਾਲੂ ਦੀ ਵੈਬਸਾਈਟ ‘ਤੇ ਇੱਕ ਬਿਆਨ ਵਿੱਚ ਕਿਹਾ ਗਿਆ, “ ਫਾਲੂ ਅਤੇ ਗੌਰਵ ਸ਼ਾਹ ‘ਇੰਟਰਨੈਸ਼ਨਲ ਮਿਲਟ ਈਅਰ’ ਦਾ ਜਸ਼ਨ ਮਨਾਉਣ ਲਈ 16 ਜੂਨ 2023 ਨੂੰ ‘ਅਬੰਡੈਂਸ ਇਨ ਮਿਲਟਸ’ ਗੀਤ ਰਿਲੀਜ਼ ਕਰਨਗੇ, ਜਿਸ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ‘ਅਬੰਡੈਂਸ ਇਨ ਮਿਲਟਸ’ ਗੀਤ ਬਾਜਰੇ ਦੇ ਫਾਇਦੇ ਅਤੇ ਦੁਨੀਆ ਵਿੱਚ ਭੁੱਖਮਰੀ ਨੂੰ ਘਟਾਉਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਦੱਸਣ ਲਈ ਤਿਆਰ ਕੀਤਾ ਗਿਆ ਹੈ।
ਫਾਲੂ ਨੂੰ ‘ਏ ਕਲਰਫੁੱਲ ਵਰਲਡ’ ਲਈ 2022 ਵਿੱਚ ਸਰਵੋਤਮ ਬੱਚਿਆਂ ਦੀ ਐਲਬਮ ਸ਼੍ਰੇਣੀ ਵਿੱਚ ਗ੍ਰੈਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਫਾਲੂ ਨੇ ਕਿਹਾ ਕਿ ਬਾਜਰੇ ਬਾਰੇ ਗੀਤ ਲਿਖਣ ਦਾ ਵਿਚਾਰ ਪਿਛਲੇ ਸਾਲ ਗ੍ਰੈਮੀ ਜਿੱਤਣ ਤੋਂ ਬਾਅਦ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਆਇਆ ਸੀ। ਫਾਲੂ ਨੇ ਕਿਹਾ ਕਿ ਉਨ੍ਹਾਂ ਨੇ ਮੋਦੀ ਨਾਲ ਬਦਲਾਅ ਲਿਆਉਣ ਅਤੇ ਮਨੁੱਖਤਾ ਨੂੰ ਉੱਚਾ ਚੁੱਕਣ ਲਈ ਸੰਗੀਤ ਦੀ ਸ਼ਕਤੀ ਬਾਰੇ ਚਰਚਾ ਕੀਤੀ ਸੀ ਅਤੇ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭੁੱਖਮਰੀ ਨੂੰ ਖਤਮ ਕਰਨ ਦਾ ਸੰਦੇਸ਼ ਦੇਣ ਵਾਲਾ ਗੀਤ ਲਿਖਣ ਦਾ ਸੁਝਾਅ ਦਿੱਤਾ ਸੀ। ਫਾਲੂ ਨੇ ਕਿਹਾ ਕਿ ਕਿਉਂਕਿ ਸੰਗੀਤ ਸੀਮਾਵਾਂ ਵਿੱਚ ਬੰਨ੍ਹਿਆ ਨਹੀਂ ਹੁੰਦਾ, ਇਸ ਲਈ ਪੀਐਮ ਮੋਦੀ ਨੇ ਬਾਜਰੇ ‘ਤੇ ਗੀਤ ਲਿਖਣ ਦਾ ਸੁਝਾਅ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਮੋਦੀ ਨੇ ਉਨ੍ਹਾਂ ਨੂੰ ਦੱਸਿਆ ਕਿ ਬਾਜਰਾ ਬਹੁਤ ਪੌਸ਼ਟਿਕ ਭੋਜਨ ਹੈ ਅਤੇ ਸਿਹਤ ਲਈ ਬਹੁਤ ਫਾਇਦੇਮੰਦ ਹੈ। ਫਾਲੂ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ “ਭੋਲੇ” ਢੰਗ ਨਾਲ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਕੀ ਉਹ ਉਸ ਨਾਲ ਮਿਲ ਕੇ ਇੱਕ ਗੀਤ ਲਿਖਣਗੇ, ਜਿਸ ਲਈ ਉਹ ਸਹਿਮਤ ਹੋ ਗਏ। ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ਅਤੇ ਹਿੰਦੀ ਵਿੱਚ ਰਿਲੀਜ਼ ਹੋਣ ਵਾਲੇ ਇਸ ਗੀਤ ਦੀ ਵਿਆਪਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਇਸ ਦਾ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਜਾਵੇਗਾ।
ਫਾਲੂ ਨੇ ਕਿਹਾ ਕਿ ਸ਼ੁਰੂ ‘ਚ ਉਹ ਪ੍ਰਧਾਨ ਮੰਤਰੀ ਨਾਲ ਗੀਤ ਲਿਖਣ ਤੋਂ ਘਬਰਾਈ ਹੋਈ ਸੀ ਪਰ ਇਹ ਸਾਰੀ ਪ੍ਰਕਿਰਿਆ ਬਹੁਤ ਹੀ ਸੁਚਾਰੂ ਢੰਗ ਨਾਲ ਚੱਲੀ। ਉਨ੍ਹਾਂ ਕਿਹਾ, ”ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ) ਲਈ ਲਿਖਣਾ ਵੱਖਰੀ ਗੱਲ ਹੈ ਅਤੇ ਉਨ੍ਹਾਂ ਨਾਲ ਲਿਖਣਾ ਵੱਖਰੀ ਗੱਲ ਹੈ। ਗੀਤ ਵਿੱਚ ਤੁਸੀਂ ਉਨ੍ਹਾਂ ਵਲੋਂ ਲਿਖਿਆ ਅਤੇ ਉਨ੍ਹਾਂ ਦੀ ਆਵਾਜ਼ ਵਿੱਚ ਦਿੱਤਾ ਭਾਸ਼ਣ ਸੁਣੋਗੇ।