ਟੋਰਾਂਟੋ : ਕੈਨੇਡੀਅਨ ਸੁਪਰੀਮ ਕੋਰਟ ਦੇ ਜਸਟਿਸ ਰਸਲ ਬ੍ਰਾਊਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਸਟਿਸ ਰਸਲ ਬ੍ਰਾਊਨ ਪਿਛਲੇ ਕਾਫ਼ੀ ਸਮੇਂ ਤੋਂ ਵਿਵਾਦਾਂ ਵਿੱਚ ਚੱਲ ਰਹੇ ਸਨ। ਸ਼ਰਾਬ ਦੇ ਨਸ਼ੇ ਵਿੱਚ ਦੁਰਵਿਹਾਰ ਕਰਨ ਦੇ ਲੱਗੇ ਇਲਜ਼ਾਮਾਂ ਤੋਂ ਬਾਅਦ ਜਸਟਿਸ ਰਸਲ ਨੇ ਇਹ ਫੈਸਲਾ ਲਿਆ ਹੈ। ਦਰਅਸਲ ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ ਜਨਵਰੀ ਮਹੀਨੇ ਇਹ ਦੁਰਵਿਹਾਰ ਦੀ ਘਟਨਾ ਵਾਪਰੀ ਸੀ। ਸਕੌਟਸਡੇਲ ਸ਼ਹਿਰ ਦੇ ਇੱਕ ਸ਼ਰਾਬਖਾਨੇ ਵਿੱਚ ਅਮਰੀਕੀ ਫੌਜ ਦੇ ਸਾਬਕਾ ਅਧਿਕਾਰੀ ਜੌਨ ਕਰੰਪ ਅਤੇ ਜਸਟਿਸ ਰਸਲ ਬ੍ਰਾਊਨ ਵਿਚਾਲੇ ਝਗੜਾ ਹੋ ਗਿਆ ਸੀ। ਜੌਨ ਕਰੰਪ ਨੇ ਇਲਜ਼ਾਮ ਲਾਏ ਸਨ ਕਿ ਜਸਟਿਸ ਰਸਲ ਬ੍ਰਾਊਨ ਨੇ ਬਹੁਤ ਜ਼ਿਆਦਾ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਅਤੇ ਉਹ ਮੇਰੇ ਨਾਲ ਆਈਆਂ ਮੇਰੀਆਂ ਮਹਿਲਾ ਸਾਥੀਆਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਸਿਰਫ਼ ਐਨਾ ਹੀ ਨਹੀਂ ਰਸਲ ਬ੍ਰਾਊਨ ਨੇ ਕਰੰਪ ਅਤੇ ਉਸ ਦੀਆਂ ਮਹਿਲਾ ਸਾਥੀਆਂ ਦਾ ਹੋਟਲ ਦੇ ਕਮਰਿਆਂ ਤੱਕ ਪਿੱਛਾ ਵੀ ਕੀਤਾ ਸੀ।
ਇਸ ਘਟਨਾ ਤੋਂ ਬਾਅਦ ਅਮਰੀਕੀ ਫੌਜ ਦੇ ਸਾਬਕਾ ਅਧਿਕਾਰੀ ਜੌਨ ਕਰੰਪ ਨੇ ਜਸਟਿਸ ਰਸਲ ਬ੍ਰਾਊਨ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪੈਰਾਡਾਈਜ਼ ਵੈਲੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜਾ ਵੀ ਲਿਆ ਸੀ ਤੇ ਜਸਟਿਸ ਰਸਲ ਬ੍ਰਾਊਨ ਨੂੰ ਨਸ਼ੇ ਦੀ ਹਾਲਤ ‘ਚ ਪਾਇਆ ਸੀ। ਸ਼ਿਕਾਇਤ ਦਰਜ ਹੋਣ ਮਗਰੋਂ ਰਸਲ ਬ੍ਰਾਊਨ ਛੁੱਟੀ ‘ਤੇ ਚਲੇ ਗਏ ਸਨ। ਇਹਨਾਂ ਇਲਜ਼ਾਮਾਂ ਤੋਂ ਬਾਅਦ ਰਸਲ ਬ੍ਰਾਊਨ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਜਸਟਿਸ ਰਸਲ ਬ੍ਰਾਊਨ ਨੇ ਕਿਹਾ ਕਿ ਕਰੰਪ ਵੱਲੋਂ ਇੱਕ ਝੂਠੀ ਕਹਾਣੀ ਤਿਆਰ ਕੀਤੀ ਗਈ ਹੈ। ਰਸਲ ਨੇ ਕਿਹਾ ਸਭ ਤੋਂ ਪਹਿਲਾਂ ਸਾਬਕਾ ਫੌਜੀ ਨੇ ਬਿਨਾਂ ਕਿਸੇ ਵਜ੍ਹਾ ਤੋਂ ਉਸ ਦੇ ਸਿਰ ਵਿੱਚ ਮੁੱਕੇ ਮਾਰੇ ਸਨ।
ਇਹਨਾਂ ਇਲਜ਼ਾਮਾਂ ਤੋਂ ਬਾਅਦ ਆਖਰਕਾਰ ਹੁਣ ਜਸਟਿਸ ਰਸਲ ਬ੍ਰਾਊਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਮਾਮਲੇ ਵਿੱਚ ਹੁਣ ਉਹਨਾਂ ਖਿਲਾਫ਼ ਕਥਿਤ ਦੁਰਵਿਹਾਰ ਦੀ ਕੀਤੀ ਜਾ ਰਹੀ ਜਾਂਚ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ।