ਕਾਰ ਦਾ ਸ਼ੀਸ਼ਾ ਤੋੜ ਕੇ 32 ਮੋਬਾਈਲ ਫੋਨ ਖੋਹ ਕੇ ਭਜਣ ਵਾਲੇ ਪੁਲਿਸ ਨੇ ਕੀਤੇ ਗ੍ਰਿਫ਼ਤਾਰ
ਫਿਰੋਜ਼ਪੁਰ, 21 ਅਕਤੂਬਰ : ਫਿਰੋਜ਼ਪੁਰ ਸ਼ਹਿਰ ਦੇ ਬਾਗੀ ਰੋਡ ’ਤੇ ਬੀਤੀ 17 ਅਕਤੂਬਰ ਨੂੰ ਕਾਰ ਸਵਾਰ ਮੋਬਾਈਲ ਫੋਨ ਡੀਲਰ ਨੂੰ ਲੁੱਟ ਕੇ ਲਿਜਾਣ ਵਾਲੇ ਲੁਟੇਰਿਆਂ ’ਚੋਂ 2 ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਦੇ ਕਬਜੇ ’ਚੋਂ 22 ਆਈ ਫੋਨ ਵੀ ਬਰਾਮਦ ਕੀਤੇ ਹਨ।
ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ 17 ਅਕਤੂਬਰ 2022 ਨੂੰ ਪ੍ਰਦੀਪ ਸਿੰਘ ਵਾਸੀ ਝੋਕ ਨੌਧ ਸਿੰਘ ਵਾਲਾ ਥਾਣਾ ਮਮਦੋਟ ਨੇ ਥਾਣਾ ਸਿਟੀ ਫਿਰੋਜਪੁਰ ਵਿਖੇ ਇਤਲਾਹ ਦਿੱਤੀ ਸੀ ਕਿ ਉਹ ਆਈ ਫੋਨ ਟੈਲੀਕੌਮ ਦੇ ਨਾਂ ’ਤੇ ਬੱਸ ਸਟੈਂਡ ਫਿਰੋਜ਼ਪੁਰ ਸ਼ਹਿਰ ਦੇ ਨੇੜੇ ਮੋਬਾਈਲਾਂ ਦੀ ਦੁਕਾਨ ਕਰਦਾ ਹੈ। ਸੰਭਾਵੀ ਚੋਰੀ ਦੀਆਂ ਵਾਰਦਾਤਾਂ ਤੋਂ ਡਰਦਾ ਉਕਤ ਦੁਕਾਨਦਾਰ ਰੋਜ਼ਾਨਾ ਸ਼ਾਮ ਸਮੇਂ ਮੋਬਾਈਲ ਫੋਨ ਆਪਣੇ ਨਾਲ ਲੈ ਜਾਂਦਾ ਸੀ।
ਮਿਤੀ 17 ਅਕਤੂਬਰ 2022 ਨੂੰ ਸ਼ਾਮ ਲਗਭਗ 9 ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਆਪਣੀ ਕਾਰ ਰਾਹੀਂ ਵਾਪਸ ਜਾ ਰਿਹਾ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਕੇਂਦਰੀ ਜੇਲ੍ਹ ਦੇ ਪਿੱਛੇ ਪੁੱਡਾ ਗਰਾਊਂਡ ’ਚ ਉਸ ਦੀ ਕਾਰ ਨੂੰ ਘੇਰ ਕੇ ਉਸ ਪਾਸੋਂ ਮੋਬਾਈਲ ਫੋਨਾਂ ਨਾਲ ਭਰੀ ਕਿੱਟ ਝਪਟ ਮਾਰ ਕੇ ਖੋਹ ਕੇ ਫਰਾਰ ਹੋ ਗਏ। ਇਸ ਇਤਲਾਹ ਅਨੁਸਾਰ ਮੁਕੱਦਮਾ ਨੰਬਰ 405 ਮਿਤੀ 18 ਅਕਤੂਬਰ 2022 ਨੂੰ 379-ਬੀ . ਆਈ ਪੀ ਸੀ ਤਹਿਤ ਥਾਣਾ ਸਿਟੀ ਫਿਰੋਜ਼ਪੁਰ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਸੁਰਿੰਦਰ ਪਾਲ ਬਾਂਸਲ ਪੀਪੀਐਸ ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਸ਼ਹਿਰੀ ਫਿਰੋਜਪੁਰ ਦੀ ਸੁਪਰਵੀਜਨ ਵਿਚ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਫਿਰੋਜ਼ਪੁਰ , ਸੀਆਈਏ ਸਟਾਫ ਫਿਰੋਜ਼ਪੁਰ ਅਤੇ ਹੋਰ ਵੀ ਟੀਮਾਂ ਬਣਾਈਆਂ ਗਈਆਂ ਸਨ।
ਇਨ੍ਹਾਂ ਟੀਮਾਂ ਦੀ ਮਿਹਨਤ ਸਦਕਾ ਟੈਕਨੀਕਲ ਸਾਧਨਾਂ ਅਤੇ ਸੋਰਸਾਂ ਦੀ ਮਦਦ ਨਾਲ ਪੁਲਿਸ ਵੱਲੋਂ 48 ਘੰਟਿਆਂ ਦੇ ਅੰਦਰ ਦੋਸ਼ੀਆਂ ਨੂੰ ਟਰੇਸ ਕੀਤਾ ਗਿਆ, ਜਿਨ੍ਹਾਂ ਦੀ ਪਹਿਚਾਣ ਕੋਮਲਪ੍ਰੀਤ ਸਿੰਘ ਵਾਸੀ ਪਿੰਡ ਸੋਢੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ, ਗੁਰਜਿੰਦਰ ਸਿੰਘ ਉਰਫ ਜਸ਼ਨ ਵਾਸੀ ਪਿੰਡ ਹਸਨ ਟੁੱਟ ਜ਼ਿਲ੍ਹਾ ਫਿਰੋਜ਼ਪੁਰ, ਕਰਨਪ੍ਰੀਤ ਸਿੰਘ ਉਰਫ ਕਰਨ ਵਾਸੀ ਦੁਲਚੀ ਕੇ ਅਤੇ ਸੁਖਮਨਪ੍ਰੀਤ ਵਾਸੀ ਪਿੰਡ ਅਲੀ ਕੇ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ।
ਇਨ੍ਹਾਂ ’ਚੋਂ ਕੋਮਲਪ੍ਰੀਤ ਸਿੰਘ ਅਤੇ ਗੁਰਜਿੰਦਰ ਸਿੰਘ ਉਰਫ ਜ਼ਸਨ ਨੂੰ 19 ਅਕਤੂਬਰ 2022 ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵੱਲੋਂ ਖੋਹ ਕੀਤੇ ਗਏ ਮੋਬਾਈਲ ਫੋਨਾਂ ’ਚੋਂ 22 ਮੋਬਾਈਲ (ਆਈ-ਫੋਨ) ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਰਿਕਵਰ ਕੀਤੇ ਜਾ ਚੁੱਕੇ ਹਨ। ਜਦਕਿ 2 ਦੋਸ਼ੀਆਨ ਦੀ ਗਿ੍ਫਤਾਰੀ ਬਾਕੀ ਹੈ। ਗ੍ਰਿਫ਼ਤਾਰ ਕੀਤੇ ਮੁਲਜਮਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।