Home » ਫ਼ੌਜਾ ਸਿੰਘ ਸਰਾਰੀ ਦਾ ਆਡੀਓ ਕਲਿੱਪ ਲੀਕ ਮਾਮਲਾ, ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਵੱਡੀ ਗੱਲ

ਫ਼ੌਜਾ ਸਿੰਘ ਸਰਾਰੀ ਦਾ ਆਡੀਓ ਕਲਿੱਪ ਲੀਕ ਮਾਮਲਾ, ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਵੱਡੀ ਗੱਲ

by Rakha Prabh
112 views

ਫ਼ੌਜਾ ਸਿੰਘ ਸਰਾਰੀ ਦਾ ਆਡੀਓ ਕਲਿੱਪ ਲੀਕ ਮਾਮਲਾ, ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਵੱਡੀ ਗੱਲ
ਚੰਡੀਗੜ੍ਹ, 21 ਅਕਤੂਬਰ : ਭਗਵੰਤ ਮਾਨ ਨੇ 16 ਮਾਰਚ ਨੂੁੰ ਖਟਕੜ ਕਲਾਂ ’ਚ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ, ਉਸੇ ਥਾਂ ’ਤੇ ਕਾਂਗਰਸ ਨੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਕਾਂਗਰਸ ਦੀ ਮੰਗ ਹੈ ਕਿ ਮੰਤਰੀ ਫ਼ੌਜਾ ਸਿੰਘ ਸਰਾਰੀ ਦਾ ਆਡੀਓ ਕਲਿੱਪ ਲੀਕ ਹੋਣ ਮਗਰੋਂ ਉਨ੍ਹਾਂ ਨੂੰ ਮੰਤਰੀ ਮੰਡਲ ’ਚੋਂ ਬਰਖ਼ਾਸਤ ਕੀਤਾ ਜਾਵੇ। ਓਧਰ, ਮੁੱਖ ਮੰਤਰੀ ਨੇ ਕਿਹਾ ਹੈ ਕਿ ਸਰਾਰੀ ਨੂੰ ਦੀਵਾਲੀ ਮਨਾ ਲੈਣ ਦਿਓ।

ਮੁੱਖ ਮੰਤਰੀ ਨੇ ਇਹ ਪ੍ਰਤੀਕਿਰਿਆ ਸੂਬੇ ’ਚ ‘ਆਪ’ ਸਰਕਾਰ ਬਣਨ ਮਗਰੋਂ ਮੀਡੀਆ ਨਾਲ ਪਹਿਲੀ ਗ਼ੈਰ ਰਸਮੀ ਗੱਲਬਾਤ ਦੌਰਾਨ ਕੀਤੀ। ਇਕ ਪ੍ਰਸ਼ਨ ਦੇ ਉੱਤਰ ’ਚ ਮੁੱਖ ਮੰਤਰੀ ਮਾਨ ਨੇ ਕਿਹਾ, ‘ਤੁਸੀਂ ਦੀਵਾਲੀ ਮਨਾਓ ਅਤੇ ਉਨ੍ਹਾਂ ਨੂੰ ਵੀ ਦੀਵਾਲੀ ਮਨਾ ਲੈਣ ਦਿਓ’’। ਯਾਦ ਰਹੇ ਸਰਾਰੀ ਦਾ ਆਡੀਓ ਕਲਿਪ ਲੀਕ ਹੋਇਆ ਸੀ ਜਿਸ ’ਚ ਉਹ ਕਥਿਤ ਤੌਰ ’ਤੇ ਅਨਾਜ ਦੀ ਟਰਾਂਸਪੋਰਟੇਸ਼ਨ ਲਈ ਕਿਰਾਏ ’ਤੇ ਲਏ ਗਏ ਕੁਝ ਠੇਕੇਦਾਰਾਂ ਨੂੰ ਫਸਾਉਣ ਦੀ ਯੋਜਨਾ ’ਤੇ ਚਰਚਾ ਕਰਦੇ ਸੁਣਾਈ ਪਏ ਸਨ।

ਇਹ ਕਲਿੱਪ 11 ਸਤੰਬਰ ਨੂੰ ਉਨ੍ਹਾਂ ਦੇ ਓਐਸਡੀ ਤਰਸੇਮ ਕਪੂਰ ਵੱਲੋਂ ਲੀਕ ਜਾਣ ਮਗਰੋਂ ਵਾਇਰਲ ਹੋਈ ਸੀ। ਜੋ ਕਿ ਕਥਿਤ ਤੌਰ ’ਤੇ ਆਪਣੇ ਰਿਸ਼ਤੇਦਾਰ ਦਾ ਬਚਾਅ ਨਾ ਕਰਨ ’ਤੇ ਮੰਤਰੀ ਨਾਲ ਨਾਰਾਜ਼ ਸਨ। ਮਾਨ ਨੇ 28 ਸਤੰਬਰ ਨੂੰ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਸਰਾਰੀ ਨੂੰ ਨੋਟਿਸ ਜਾਰੀ ਕੀਤਾ ਹੈ। ਫਿਰ ਉਸ ਮਗਰੋਂ ਕੋਈ ਕਾਰਵਾਈ ਨਹੀਂ ਹੋਈ ਸੀ।

ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀ ਧਿਰ ਨੇ ਸਰਾਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਦੁਹਰਾਈ ਸੀ ਪਰ ਮੁੱਖ ਮੰਤਰੀ ਚੁੱਪ ਰਹੇ ਸਨ। ਉਥੇ ਹੁਣ ਕਾਂਗਰਸ ਨੇ ਇਸ ਲੜਾਈ ਨੂੰ ਸੜਕ ’ਤੇ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਹੈ। ਕਾਂਗਰਸ, ਸ਼ੁੱਕਰਵਾਰ ਨੂੰ ਖਟਕਡ ਕਲਾਂ ’ਚ ਧਰਨਾ ਦੇਵੇਗੀ। ਇਸ ’ਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਸੀਨੀਅਰ ਆਗੂ ਪੁੱਜਣਗੇ।

ਕਾਂਗਰਸੀ ਸੂਤਰਾਂ ਮੁਤਾਬਕ ‘ਆਪ’ ਮੰਤਰੀ ਸਰਾਰੀ ਖਿਲਾਫ਼ ਕਾਰਵਾਈ ਕਰਨ ਦੇ ਰੌਂਅ ’ਚ ਨਹੀਂ ਹੈ। ‘ਆਪ’ ਸਰਕਾਰ ਵਿਰੋਧੀ ਧਿਰ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਸਰਕਾਰ ਨੂੰ ਝੁਕਣ ਲਈ ਮਜਬੂਰ ਨਹੀਂ ਕਰ ਸਕਦੀ। ਨਾਲ ਹੀ ਸਰਾਰੀ ਦੀ ਆਡੀਓ ਕਲਿੱਪ ਦਾ ਖ਼ਾਸ ਅਰਥ ਨਹੀਂ ਸੀ। ਇਹ ਮਹਿਜ਼ ਗੱਲਬਾਤ ਸੀ। ਉਹ ਕਦੇ ਵੀ ਰੰਗਦਾਰੀ ਮੰਗਣ ਲਈ ਨਹੀਂ ਆਏ ਸਨ, ਪੈਸੇ ਦੀ ਜਬਰੀ ਵਸੂਲੀ ਨਹੀਂ ਕੀਤੀ ਗਈ ਸੀ।

ਅਜਿਹੇ ’ਚ ਉਨ੍ਹਾਂ ਨੂੰ ਕੈਬਨਿਟ ਵਿੱਚੋਂ ਕਿਉਂ ਬਰਖ਼ਾਸਤ ਕੀਤਾ ਜਾਵੇ? ਸਰਕਾਰ ਦੇ ਉੱਚ ਪੱਧਰੀ ਸੂਤਰ ਦੱਸਦੇ ਹਨ ਕਿ ਸਰਕਾਰ ਗੁਜਰਾਤ ’ਚ ਚੋਣਾਂ ’ਤੇ ਧਿਆਨ ਕੇਂਦਰਤ ਕਰ ਰਹੀ ਹੈ। ਉਥੇ ਇਨ੍ਹਾਂ ਮੁੱਦਿਆਂ ਨੂੰ ਸੁਲਝਾਉਣ ਲਈ ਊਰਜਾ ਖ਼ਰਚ ਨਹੀਂ ਕਰਨਾ ਚਾਹੁੰਦੀ। ਕੈਬਨਿਟ ਇਵੇਂ ਹੀ ਚੱਲਦੀ ਰਹੇਗੀ। ਦੇਖਣਾ ਹੋਵੇਗਾ ਕਿ ਚੋਣਾਂ ਮਗਰੋਂ ਕੀ ਹੁੰਦਾ ਹੈ। ਉਥੇ ਵਿਰੋਧੀ ਧਿਰ ਇਸ ਮੁੱਦੇ ’ਤੇ ਸਰਕਾਰ ਨੂੰ ਛੱਡਣ ਦੇ ਰੌਂਅ ’ਚ ਨਹੀਂ ਹੈ।

Related Articles

Leave a Comment