ਬਟਾਲਾ ਨੇੜੇ ਪਿੰਡਾਂ ’ਚ ਪੁਲਿਸ ਅਤੇ ਗੈਂਗਸਟਰ ਦਰਮਿਆਨ ਮੁਕਾਬਲਾ ਜਾਰੀ
ਬਟਾਲਾ, 8 ਅਕਤੂਬਰ : ਬਟਾਲਾ ਨੇੜਲੇ ਕਸਬਾ ਪਿੰਡ ਕੋਟਲਾ ਬੋਝਾ ਸਿੰਘ ਅਤੇ ਸੁੱਖਾ ਚਿੜਾ ’ਚ ਗੈਂਗਸਟਰ ਅਤੇ ਪੁਲਿਸ ਵਿਚਕਾਰ ਹੋਏ ਮੁਕਾਬਲੇ ਦੀ ਖ਼ਬਰ ਹੈ। ਪੁਲਿਸ ਨੇ ਗੈਂਗਸਟਰ ਬਬਲੂ ਦੀ ਪਤਨੀ ਤੇ ਬੱਚੇ ਨੂੰ ਹਿਰਾਸਤ ’ਚ ਲੈ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਗੈਂਗਸਟਰ ’ਤੇ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਗੈਂਗਸਟਰ ਅਤੇ ਪੁਲਿਸ ਵਿਚਕਾਰ ਗੋਲੀਬਾਰੀ ਵੀ ਹੋਈ ਹੈ ਅਤੇ ਮੁਲਜਮ ਕਮਾਦ ’ਚ ਲੁਕਿਆ ਹੋਇਆ ਹੈ। ਬਟਾਲਾ ਪੁਲਿਸ ਨੇ ਕਾਮਾਦ ਦੇ ਖੇਤਾਂ ਨੂੰ ਚੁਫੇਰਿਓਂ ਘੇਰਾ ਪਾਇਆ ਹੋਇਆ ਹੈ। ਪੁਲਿਸ ਨੇ ਬੁਲਟ ਪਰੂਫ ਗੱਡੀਆਂ ਮੰਗਵਾਈਆਂ ਹਨ। ਐਸਐਸਪੀ ਬਟਾਲਾ ਸਤਿੰਦਰ ਸਿੰਘ ਗੈਂਗਸਟਰ ਬਬਲੂ ਨੂੰ ਆਤਮ ਸਮਰਪਣ ਕਰਨ ਲਈ ਵਾਰ-ਵਾਰ ਅਨਾਊਂਸਮੈਂਟ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਹੱਥਾਂ ’ਚ ਦੋ ਪਿਸਤੌਲਾਂ ਫੜੀ ਇਕ ਗੈਂਗਸਟਰ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਸੀ। ਪੁਲਿਸ ਦੀ ਕਾਰ ਨੂੰ ਦੇਖ ਕੇ ਸੱਕੀ ਗੈਂਗਸਟਰ ਸਾਈਡ ਤੋਂ ਆਪਣੀ ਕਾਰ ਭਜਾ ਕੇ ਲੈ ਗਿਆ। ਇਸ ਤੋਂ ਬਾਅਦ ਪੁਲਿਸ ਨੇ ਸੱਕ ਦੇ ਆਧਾਰ ’ਤੇ ਉਸ ਦਾ ਪਿੱਛਾ ਕੀਤਾ ਤਾਂ ਅਣਪਛਾਤਾ ਗੈਂਗਸਟਰ ਆਪਣੀ ਪਤਨੀ ਤੇ ਬੱਚੇ ਸਮੇਤ ਖੇਤਾਂ ’ਚ ਦਾਖਲ ਹੋ ਗਿਆ।
ਪੁਲਿਸ ਨੇ ਖੇਤਾਂ ਦੀ ਘੇਰਾਬੰਦੀ ਕਰ ਲਈ ਹੈ। ਫਿਲਹਾਲ ਉਕਤ ਗੈਂਗਸਟਰ ਦੀ ਪਤਨੀ ਅਤੇ ਬੱਚੇ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਜਦਕਿ ਆਪ ਉਹ ਅਜੇ ਪੁਲਿਸ ਦੀ ਗਿ੍ਰਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਇਸ ਸਬੰਧੀ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਰਹੀ ਹੈ।