ਅੰਮ੍ਰਿਤਸਰ 25 ਜੂਨ ( ਰਾਖਾ ਪ੍ਰਭ ) ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀਆਂ ਵੱਧ ਰਹੀਆਂ ਘਟਨਾਵਾਂ ’ਤੇ ਭਾਰੀ ਦੁੱਖ ਅਤੇ ਚਿੰਤਾ ਜਤਾਈ ਹੈ। ਉਨ੍ਹਾਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਨੂੰ ਪਾਕਿਸਤਾਨ ’ਚ ਸਿੱਖ ਅਤੇ ਹਿੰਦੂਆਂ ਦੀ ਜਾਨ ਮਾਲ ਦੀ ਰਾਖੀ ਲਈ ਵਿਦੇਸ਼ ਮੰਤਰਾਲੇ ਕੋਲ ਮਾਮਲਾ ਉਠਾਉਣ ਦੀ ਗੁਹਾਰ ਲਗਾਈ ਹੈ।
ਸ: ਲਾਲਪੁਰਾ ਨੂੰ ਲਿਖੇ ਗਏ ਪੱਤਰ ਵਿਚ ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਖ਼ੈਬਰ-ਪਖਤੂਨਖਵਾ ਸੂਬੇ ਦੇ ਸ਼ਹਿਰ ਪੇਸ਼ਾਵਰ ਵਿਚ ਦੋ ਦਿਨਾਂ ਵਿਚ ਹੀ ਦੋ ਵੱਖ ਵੱਖ ਹਮਲਿਆਂ ’ਚ ਦੋ ਸਿੱਖਾਂ ਨੂੰ ਗੋਲੀਆਂ ਮਾਰੀਆਂ ਗਈਆਂ ਜਿਸ ਵਿਚ ਇਕ 34 ਸਾਲਾ ਨੌਜਵਾਨ ਕਾਰੋਬਾਰੀ ਮਨਮੋਹਨ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਜਿਸ ’ਤੇ ਯਕਾਤੂਤ ਇਲਾਕੇ ’ਚ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਫਾਇਰਿੰਗ ਕੀਤੀ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੇਸ਼ਾਵਰ ਦੇ ਹੀ ਰਸ਼ੀਦ ਗੜ੍ਹੀ ਇਲਾਕੇ ‘ਚ ਸਿੱਖ ਦੁਕਾਨਦਾਰ ਤਰਲੋਕ ਸਿੰਘ ਨੂੰ ਵੀ ਗੋਲ਼ੀਆਂ ਮਾਰਦਿਆਂ ਗੰਭੀਰ ਜ਼ਖ਼ਮੀ ਕੀਤਾ ਗਿਆ। ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਏ ਜਾਣ ਕਾਰਨ ਉਸ ਦੀ ਜਾਨ ਬਚ ਗਈ। ਹਮਲਿਆਂ ਦੀ ਜ਼ਿੰਮੇਵਾਰੀ ਕੱਟੜਪੰਥੀ ਇਸਲਾਮਿਕ ਸਟੇਟ ਖੁਰਾਸਾਨ (ISKP) ਨੇ ਲਈ ਦਸੀ ਜਾ ਰਹੀ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਬੜੇ ਦੁੱਖ ਅਤੇ ਚਿੰਤਾ ਦੀ ਗੱਲ ਹੈ ਕਿ ਪਿਛਲੇ ਸਮੇਂ ਵਿੱਚ ਘੱਟ ਗਿਣਤੀਆਂ ਦੀਆਂ ਧਾਰਮਿਕ ਸੰਸਥਾਵਾਂ ’ਤੇ ਹੋਏ ਹਮਲਿਆਂ ਤੋਂ ਬਾਅਦ ਹੁਣ ਕੱਟੜਪੰਥੀ ਸੋਚ ਵਾਲੀਆਂ ਇਸਲਾਮੀ ਸੰਗਠਨਾਂ ਟਾਰਗੇਟ ਕਿਲਿੰਗ ’ਤੇ ਉਤਰ ਆਏ ਹਨ । ਅਫ਼ਸੋਸ ਕਿ ਪਾਕਿਸਤਾਨ ਸਰਕਾਰ ਘੱਟ ਗਿਣਤੀਆਂ ਦੀ ਰਾਖੀ ਕਰਨ ’ਚ ਦਿਲਚਸਪੀ ਨਹੀਂ ਲੈ ਰਹੀ ਹੈ। ਜਦਕਿ ਹਾਲ ਹੀ ਵਿਚ ਪਾਕਿਸਤਾਨ ਦੇ ਸੂਬਾ ਪੰਜਾਬ ’ਚ ਹਿੰਦੂਆਂ ਦੇ ਧਾਰਮਿਕ ਸਥਾਨਾਂ ’ਤੇ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਕੁਝ ਵਿਅਕਤੀ ਗੋਲਾ- ਬਾਰੂਦ ਸਮੇਤ ਫੜੇ ਗਏ ਸਨ। ਜਿਨ੍ਹਾਂ ਦਾ ਮਕਸਦ ਸੂਬੇ ’ਚ ਹਿੰਦੂ ਮੰਦਰਾਂ ’ਤੇ ਹਮਲੇ ਕਰਕੇ ਤਣਾਅ ਦਾ ਮਾਹੌਲ ਪੈਦਾ ਕਰਨਾ ਸੀ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪਾਕਿਸਤਾਨ ’ਚ ਪਹਿਲਾਂ ਵੀ ਕਈ ਵਾਰ ਹਿੰਦੂ ਤੇ ਸਿੱਖਾਂ ’ਤੇ ਹਮਲੇ ਹੋ ਚੁੱਕੇ ਹਨ। ਹਿੰਦੂ ਤੇ ਸਿੱਖਾਂ ਦੀਆਂ ਲੜਕੀਆਂ ਨੂੰ ਅਗਵਾ ਕਰਦਿਆਂ ਜਬਰੀ ਧਰਮ ਪਰਿਵਰਤਨ ਕਰਾ ਕੇ ਉਨ੍ਹਾਂ ਦੀ ਇੱਛਾ ਵਿਰੁੱਧ ਜਬਰੀ ਵਿਆਹ ਕਰਾ ਦਿੱਤੇ ਜਾਂਦੇ ਹਨ। ਇਕ ਤਰਾਂ ਨਾਲ ਇਸਲਾਮਿਕ ਕੱਟੜਪੰਥੀਆਂ ਵੱਲੋਂ ਹਿੰਦੂ ਅਤੇ ਸਿੱਖਾਂ ਲਈ ਆਮ ਜੀਵਨ ਜਿਊਣਾ ਬੇਹੱਦ ਔਖਾ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੱਟੜਪੰਥੀਆਂ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਕਾਰਨ ਸਿਰਫ਼ ਦੋ ਦਹਾਕਿਆਂ ਵਿੱਚ ਪਾਕਿਸਤਾਨ ’ਚ ਸਿੱਖਾਂ ਦੀ ਆਬਾਦੀ ਵਿੱਚ ਲਗਭਗ 80 ਫ਼ੀਸਦੀ ਦੀ ਕਮੀ ਆ ਚੁੱਕੀ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਤਾਜ਼ੀਆਂ ਘਟਨਾਵਾਂ ਨਾਲ ਪਾਕਿਸਤਾਨ ਵਿਚ ਹਿੰਦੂ ਅਤੇ ਸਿੱਖਾਂ ਵਿਚ ਸਹਿਮ ਦਾ ਮਾਹੌਲ ਹੈ। ਜਾਨ ਮਾਲ ਦੀ ਸੁਰੱਖਿਆ ਯਕੀਨੀ ਨਾ ਹੋਣ ਕਾਰਨ ਉਹ ਲੋਕ ਪਾਕਿਸਤਾਨ ਛੱਡਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਵਲ ਧਿਆਨ ਨਾ ਦਿੱਤਾ ਗਿਆ ਅਤੇ ਪਾਕਿਸਤਾਨ ਦੇ ਸਿੱਖ ਵੀ ਅਫ਼ਗ਼ਾਨਿਸਤਾਨ ਦੇ ਸਿੱਖਾਂ ਵਾਂਗ ਪਲਾਇਣ ਕਰਨ ਲੱਗੇ ਤਾਂ ਉੱਥੇ ਸਾਡੀਆਂ ਵਿਰਾਸਤੀ ਧਾਰਮਿਕ ਅਸਥਾਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੋਵੇਗਾ। ਜੋ ਪਹਿਲਾਂ ਤੋਂ ਹੀ ਖ਼ੁਰਦ ਬੁਰਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੂੰ ਇਸ ਮਾਮਲੇ ਨੂੰ ਵਿਦੇਸ਼ ਮੰਤਰਾਲੇ ਕੋਲ ਉਠਾਉਣ ਅਤੇ ਪਾਕਿਸਤਾਨ ’ਤੇ ਕੌਮਾਂਤਰੀ ਦਬਾਅ ਬਣਾਉਣ ਦੀ ਅਪੀਲ ਕੀਤੀ ਹੈ।
ਪਾਕਿਸਤਾਨ ਦੇ ਹਿੰਦੂ ਤੇ ਸਿੱਖ ਵੀ ਪਲਾਇਣ ਕਰ ਗਏ ਤਾਂ ਸਾਡੀਆਂ ਧਾਰਮਿਕ ਵਿਰਾਸਤਾਂ ਨੂੰ ਸੰਭਾਲਣ ਵਾਲਾ ਉੱਥੇ ਕੋਈ ਨਹੀਂ ਰਹੇਗਾ : ਪ੍ਰੋ: ਸਰਚਾਂਦ ਸਿੰਘ ਖਿਆਲਾ।
ਐਨ. ਸੀ. ਐਮ. ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਨੂੰ ਪਾਕਿਸਤਾਨ ’ਚ ਸਿੱਖਾਂ ਦੇ ਕਤਲ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਵਿਦੇਸ਼ ਮੰਤਰਾਲੇ ਕੋਲ ਉਠਾਉਣ ਦੀ ਕੀਤੀ ਅਪੀਲ ।
previous post