ਤਲਵੰਡੀ ਭਾਈ 11 ਜੂਨ (ਰਾਖਾ ਪ੍ਰਭ ਬਿਉਰੋ ): ਸੰਤ ਨਿਰੰਕਾਰੀ ਸਤਿਸੰਗ ਭਵਨ ਤਲਵੰਡੀ ਭਾਈ ( ਫਿਰੋਜ਼ਪੁਰ) ਵਿਖੇ ਸੰਤ ਨਿੰਰਕਾਰੀ ਮੰਡਲ ਦਿੱਲੀ ਦੇ ਮੁੱਖੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੇ ਆਦੇਸ਼ਾਂ ਸਦਕਾ ਜ਼ੋਨ ਫਿਰੋਜ਼ਪੁਰ ਦਾ ਜ਼ੋਨਲ ਮਹਿਲਾ ਨਿਰੰਕਾਰੀ ਸੰਤ ਸਮਾਗਮ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਸਮਾਗਮ ਵਿੱਚ ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਸ਼੍ਰੀ ਮੁਕਤਸਰ ਸਾਹਿਬ ਦੀਆਂ 27 ਬ੍ਰਾਂਚਾਂ ਦੀਆਂ ਸੰਗਤਾਂ ਵੱਲੋਂ ਮਹਿਲਾ ਭੈਣਾਂ ਨੇ ਪਹੁੰਚ ਕੇ ਸਮਾਗਮ ਦਾ ਆਨੰਦ ਮਾਣਿਆ।ਇਸ ਸਮਾਗਮ ਵਿੱਚ ਫ਼ਿਰੋਜ਼ਪੁਰ ਜ਼ੋਨ ਦੀਆਂ ਸਾਰੀਆਂ ਬ੍ਰਾਂਚਾਂ ਤੋਂ ਮਹਿਲਾ ਸੰਗਤ ਦੀਆਂ ਭੈਣਾਂ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਤਿਆਰੀ ਕਰਕੇ ਸਮੂਹ-ਗਾਣ, ਕਵਿਤਾਵਾਂ, ਸਕਿੱਟਾਂ ਅਤੇ ਵਿਚਾਰਾਂ ਰਾਹੀਂ ਆਪੋ ਆਪਣੇ ਭਾਵ ਪ੍ਰਗਟ ਕੀਤੇ। ਇਸ ਸਮਾਗਮ ਦੀ ਅਗਵਾਈ ਕਰਦਿਆਂ ਪ੍ਰਚਾਰਕ ਭੈਣ ਏਕਤਾ ਜੀ ਕਪੂਰਥਲਾ ਵਾਲਿਆਂ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦਾ ਸੰਦੇਸ਼ ਦਿੰਦੇ ਕਿਹਾ ਕਿ ਹਰ ਮਹਿਲਾ ਘਰ ਦਾ ਸ਼ਿੰਗਾਰ ਹੁੰਦੀ ਹੈ, ਅਗਰ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਹਰ ਸੱਸ ਨੂੰਹ ਨੂੰ ਧੀ ਸਮਝੇ ਅਤੇ ਨੂੰਹ ਸੱਸ ਨੂੰ ਮਾਂ ਸਮਝੇ ਤਾਂ ਉਹ ਆਪਣੇ ਪਰਿਵਾਰ ਨੂੰ ਸਵਰਗ ਬਣਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਭੈਣਾਂ ਵਿੱਚ ਹਰ ਇੱਕ ਨਾਲ ਮਿਲਵਰਤਨ ਰੱਖਣ ਦੀ, ਸਭ ਨੂੰ ਪਿਆਰ ਕਰਨ ਦੀ, ਸਤਿਕਾਰ ਕਰਨ ਦੀ, ਬੱਚਿਆਂ ਨੂੰ ਸਿੱਖਿਆ ਦੇਣ ਦੀ, ਪਾਲਣ ਪੋਸ਼ਣ ਕਰਨ ਦੀ, ਘਰ ਨੂੰ ਸਾਂਭਣ ਦੀ ਕਲਾ ਹੁੰਦੀ ਹੈ, ਇਸ ਕਲਾ ਸਦਕਾ ਪਰਮਾਤਮਾ ਦੀ ਜਾਣਕਾਰੀ ਪ੍ਰਾਪਤ ਕਰਕੇ ਮਹਿਲਾਵਾਂ ਪਰਿਵਾਰਾਂ ਵਿੱਚ ਪਿਆਰ, ਨਿਮਰਤਾ, ਸਹਿਣਸ਼ੀਲਤਾ, ਵਿਸ਼ਾਲਤਾ, ਭਾਈਚਾਰਾ ਅਸਾਨੀ ਨਾਲ ਪੈਦਾ ਕਰ ਸਕਦੀਆਂ ਹਨ। ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਤਿਸੰਗ ਨਾਲ ਜੋੜ ਕੇ ਚੰਗੀ ਸਿੱਖਿਆ ਦੇ ਸਕਦੀਆਂ ਹਨ। ਹਰ ਇੱਕ ਭੈਣ ਨੇ ਆਪਣੇ ਪਰਿਵਾਰ ਲਈ ਇਹ ਕਰਮ ਕਰਨ ਲਈ ਖੁਦ ਨੂੰ ਸਮਰਪਿਤ ਕਰਨਾ ਹੈ। ਉਹਨਾਂ ਅੱਗੇ ਫਰਮਾਇਆ ਕਿ ਸਾਨੂੰ ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ, ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ, ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਪਰਮਾਤਮਾ ਨਾਲ ਕਦੇ ਕੋਈ ਸ਼ਿਕਵਾ ਨਹੀਂ ਕਰਨਾ ਚਾਹੀਦਾ ਸਗੋਂ ਹਮੇਸ਼ਾ ਨਿਰੰਕਾਰ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਜੋ ਵੀ ਕਰਦਾ ਹੈ ਉਹ ਸਾਡੇ ਭਲੇ ਲਈ ਹੀ ਕਰਦਾ ਹੈ। ਉਹਨਾਂ ਸਮਝਾਇਆ ਕੇ ਸਾਨੂੰ ਸਤਿਗੁਰੂ ਤੋਂ ਹਮੇਸ਼ਾ ਭਗਤੀ ਅਤੇ ਪਿਆਰ ਹੀ ਮੰਗਣਾ ਚਾਹੀਦਾ ਹੈ ਕਿਉਂਕਿ ਜਿਸ ਕੋਲ ਭਗਤੀ ਤੇ ਪਿਆਰ ਆ ਜਾਂਦਾ ਹੈ ਉਸ ਕੋਲ ਸਭ ਖ਼ੁਸ਼ੀਆਂ ਆਪਣੇ-ਆਪ ਹੀ ਆ ਜਾਂਦੀਆਂ ਹਨ। ਸਭ ਨੇ ਸਤਿਗੁਰੂ ਨੂੰ ਹੀ ਆਪਣਾ ਆਦਰਸ਼ ਬਣਾ ਕੇ ਉਨ੍ਹਾਂ ਦੀਆਂ ਸਿੱਖਿਆਵਾਂ, ਸੇਵਾ, ਸਿਮਰਨ ਅਤੇ ਸਤਿਸੰਗ ਆਦਿ ਨੂੰ ਹੀ ਪਹਿਲ ਦੇਣੀ ਹੈ। ਸਭਨੇ ਸਾਰੇ ਕੰਮ ਹਮੇਸ਼ਾ ਖੁਸ਼ ਰਹਿ ਕੇ ਹੀ ਕਰਨੇ ਹਨ, ਕਦੇ ਚਿੰਤਾ ਨਹੀਂ ਕਰਨੀ ਸਗੋਂ ਸਤਿਗੁਰੂ ਮਾਤਾ ਜੀ ਦਾ ਚਿੰਤਨ ਹੈ। ਅੰਤ ਵਿੱਚ ਜ਼ੋਨਲ ਇੰਚਾਰਜ ਫਿਰੋਜ਼ਪੁਰ ਐੱਨ ਐੱਸ ਗਿੱਲ ਜੀ ਅਤੇ ਸਥਾਨਕ ਸੰਯੋਜਕ ਦਰਸ਼ਨ ਸਿੰਘ ਕੰਡਾ ਜੀ ਨੇ ਮੁੱਖ ਮਹਿਮਾਨ ਭੈਣ ਏਕਤਾ ਅਹੂਜਾ ਜੀ, ਸਾਰੀਆਂ ਬ੍ਰਾਂਚਾਂ ਤੋਂ ਆਈਆਂ ਹੋਈਆਂ ਸੰਗਤਾਂ, ਵੱਖ ਵੱਖ ਬ੍ਰਾਂਚਾਂ ਦੇ ਇੰਚਾਰਜਾਂ, ਸੇਵਾਦਾਰਾਂ, ਸਥਾਨਕ ਪ੍ਰਬੰਧਕਾਂ ਆਦਿ ਦਾ ਨਿੱਘਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ।