ਪਰਿਵਾਰ ਦੇ ਮੈਂਬਰਾਂ ਨੂੰ ਕੀਤਾ ਗੰਭੀਰ ਰੂਪ ਜ਼ਖ਼ਮੀ
ਜ਼ੀਰਾ/ ਫਿਰੋਜ਼ਪੁਰ 9 ਦਸੰਬਰ ( ਰਾਖਾ ਪ੍ਰਭ ਬਿਉਰੋ ) ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਲੁਟਾ ਖੋਹਾ ਅਤੇ ਨਸ਼ਾ ਤਸਕਰਾਂ ਦੇ ਗੁਰਗਿਆਂ ਦੀ ਗੁੰਡਾ ਗਰਦੀ ਅੱਗੇ ਆਮ ਆਦਮੀ ਦੀ ਸੁਰੱਖਿਆ ਰੱਬ ਆਸਰੇ ਜਾਪਦੀ ਹੈ। ਜਿਸ ਦੀ ਤਾਜ਼ਾ ਮਿਸਾਲ ਇੱਕ ਕਨੂੰਨ ਦੇ ਰਾਖੇ ਵਕੀਲ ਅਤੇ ਅਖਬਾਰ ਦੇ ਮੁੱਖ ਸੰਪਾਦਕ ਦੇ ਘਰ ਵਿਆਹ ਸਮਾਗਮ ਦੌਰਾਨ ਲੁਟੇਰੇ ਗ੍ਰੋਹ ਵੱਲੋਂ ਢੇਡ ਲੱਖ ਰੁਪਏ ਤੋਂ ਵੱਧ ਸ਼ਗਨ ਦੇ ਪੈਸਿਆਂ ਵਾਲਾ ਬੈਗ ਲੁੱਟ ਖੋਹ ਕਰਨ ਬਾਅਦ ਪਰਿਵਾਰ ਦੇ ਮੁਖੀ ਸਮੇਤ ਤਿੰਨ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਜ਼ਖ਼ਮੀ ਕਰਨ ਦਾ ਦਿਲ ਦਹਿਲਾਉਣ ਵਾਲਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰਾਖਾ ਪ੍ਰਭ ਅਖਬਾਰ ਦੇ ਮੁੱਖ ਸੰਪਾਦਕ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਛੋਟੇ ਭਰਾ ਲਵਪ੍ਰੀਤ ਸਿੰਘ ਸਿੱਧੂ ਜੋ ਪੇਸ਼ੇ ਵਜੋਂ ਵਕੀਲ ਹੈ ਦੀ ਸ਼ਾਦੀ 8 ਦਸੰਬਰ 2023 ਨੂੰ ਸੀ ਅਤੇ ਉਹ 9 ਦਸੰਬਰ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਤੋਰਨ ਬਾਅਦ ਖੁਦ ਘਰ ਸਨ ਅਤੇ ਲਾੜਾ ਅਤੇ ਲਾੜੀ ਸਮੇਤ ਘਰ ਦੀਆਂ ਔਰਤਾਂ ਮਾਂ ਕਾਲਕਾ ਧਾਮ ਮੰਦਰ ਜ਼ੀਰਾ ਵਿਖੇ ਮੱਥਾ ਟੇਕਣ ਗਿਆ ਹੋਇਆ ਸੀ। ਉਨ੍ਹਾਂ ਅੱਗੇ ਦੱਸਿਆ ਕਿ 9 ਦਸੰਬਰ ਦੀ ਸ਼ਾਮ ਕਰੀਬ 8 :30 ਵਜੇ ਦੇ ਲੱਗਭਗ ਉਸਦੇ ਪਿਤਾ ਦੇ ਕਮਰੇ ਜਿਥੇ ਅਲਮਾਰੀ ਪਈ ਹੋਈ ਸੀ ਅਤੇ ਉਸ ਵਿੱਚ ਲਾੜੇ ਦੇ ਸ਼ਗਨ ਵਾਲੇ ਡੇਢ ਲੱਖ ਰੁਪਏ ਦੇ ਕਰੀਬ ਪੈਸੇ ਪਏ ਸਨ ਦੇ ਖੜਕਣ ਦੀ ਅਵਾਜ਼ ਆਈ ਤਾਂ ਉਸਦੇ ਪਿਤਾ ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪ ਸ ਸ ਫ ਵੇਖਣ ਲਈ ਗਏ ਤਾਂ ਸਾਹਮਣੇ ਅਲਮਾਰੀ ਖੁੱਲੀ ਵੇਖ ਕੇ ਰੋਲਾ ਪਾਉਂਣ ਲੱਗ ਪਏ ਤਾਂ ਦੋ ਲੁਟੇਰੇ ਜੋ ਅੰਦਰ ਚੋਰੀ ਕਰਕੇ ਪੈਸਿਆਂ ਵਾਲਾ ਬੈਗ ਲੈ ਕੇ ਭੱਜ ਰਹੇ ਸਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਿਚੋਂ ਇੱਕ ਲੁਟੇਰੇ ਨੇ ਉਨ੍ਹਾਂ ਨੂੰ ਧੱਕਾ ਮਾਰ ਕੇ ਬੈਡ ਉਪਰ ਸੁੱਟ ਦਿੱਤਾ ਅਤੇ ਪਿਛੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਕਿਹਾ ਜਦੋਂ ਉਸਦੇ ਤਾਏ ਦੇ ਲੜਕੇ ਮਨਪ੍ਰੀਤ ਸਿੰਘ ਅਤੇ ਖ਼ੁਦ ਵੱਲੋਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਬਾਹਰ ਅੱਧੀ ਦਰਜਨ ਤੋਂ ਹਥਿਆਰ ਬੰਦ ਲੁਟੇਰਿਆਂ ਵੱਲੋਂ ਉਨ੍ਹਾਂ ਉਪਰ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਪਰ ਮਹੱਲਾ ਵਾਸੀਆਂ ਨੂੰ ਪਤਾ ਲੱਗਣ ਤੇ ਪਿਛਾ ਕੀਤਾ ਗਿਆ ਪਰ ਉਹ ਹਨੇਰੇ ਦਾ ਫਾਇਦਾ ਉਠਾਉਂਦੇ ਫਰਾਰ ਹੋ ਗਏ। ਜਦੋਂ ਕਿ ਪਰਿਵਾਰ ਵੱਲੋਂ ਮਹੱਲਾ ਵਾਸੀਆਂ ਦੇ ਸਹਿਯੋਗ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਅਧੀਨ ਲਿਆਂਦਾ ਗਿਆ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਉਧਰ ਪੁਲਿਸ ਪ੍ਰਸ਼ਾਸਨ ਵਲੋਂ ਕਾਰਵਾਈ ਕਰਦਿਆਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤਾ ਹੈ।