ਜਿੰ ਦਗੀ ਵਿੱਚ ਮੁਸਕਰਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ। ਮੁਸਕਰਾਉਣਾ ਹਰ ਇਨਸਾਨ ਦਾ ਗਹਿਣਾ ਹੈ। ਜੋਂ ਲੋਕ ਮੁਸਕਰਾਉਂਦੇ ਰਹਿੰਦੇ ਹਨ ਉਹ ਨਾ ਸਿਰਫ ਖੁਦ ਮਾਨਸਿਕ ਤਨਾਅ ਤੋਂ ਦੂਰ ਰਹਿੰਦੇ ਹਨ ਉੱਥੇ ਇੱਕ ਚੰਗੀ ਜਿੰਦਗੀ ਬਤੀਤ ਕਰਦੇ ਹਨ ਉਹ ਆਪਣੇ ਆਸ ਪਾਸ ਦੇ ਵਾਤਾਵਰਣ ਨੂੰ ਵੀ ਸਕਾਰਾਤਮਕ ਬਣਾ ਕੇ ਰੱਖਦੇ ਹਨ ।
ਮੁਸਕਰਾਹਟ ਉਹ ਹੁੰਦੀ ਹੈ ਜੋਂ ਕਿ ਇੱਕ ਨਵੀਂ ਦੋਸਤੀ ਦੀ ਸ਼ੁਰੂਆਤ ਅਤੇ ਪੁਰਾਣੀ ਕੜਵਾਹਟ ਨੂੰ ਖਤਮ ਕਰਨ ਦਾ ਕੰਮ ਕਰਦੀ ਹੈ । ਮੁਸਕਰਾਹਟ ਵਿਅਕਤੀ ਦੇ ਜੀਵਨ ਨੂੰ ਬਦਲਣ ਦਾ ਕੰਮ ਕਰਦੀ ਹੈ । ਇਸ ਲਈ ਸਾਨੂੰ ਜਿੰਨਾ ਜ਼ਿਆਦਾ ਹੋ ਸਕੇ ਆਪਣੀ ਮੁਸਕਰਾਹਟ ਨੂੰ ਆਪਣਿਆਂ ਦੇ ਨਾਲ ਸ਼ੇਅਰ ਕਰਨਾ ਚਾਹੀਦਾ ਹੈ ਇਹ ਦੋਸਤੀ ਤੇ ਸ਼ਾਂਤੀ ਦਾ ਪ੍ਰਤੀਕ ਹੈ।
ਮੁਸਕਰਾਹਟ ਜੀਵਨ ਨੂੰ ਸਰਲ ਬਣਾਉਣ ਦਾ ਕੰਮ ਕਰਦੀ ਹੈ। ਜੋ ਵਿਅਕਤੀ ਗੁੱਸਾ ਕਰਨ ਦੀ ਬਜਾਏ ਖੁਸ਼ ਰਹਿੰਦਾ ਹੈ ਹੱਸਦਾ ਰਹਿੰਦਾ ਹੈ ਉਹ ਸਹੀ ਮਾਅਨਿਆਂ ਵਿੱਚ ਮਜ਼ਬੂਤ ਮੰਨਿਆਂ ਜਾਂਦਾ ਹੈ। ਜੋ ਇਨਸਾਨ ਹਮੇਸ਼ਾ ਖੁਸ਼ ਰਹਿੰਦਾ ਹੈ, ਦੂਸਰਿਆਂ ਨੂੰ ਖੁਸ਼ ਰਹਿਣ ਲਈ ਕਹਿੰਦਾ ਹੈ ਉਸਨੂੰ ਜੀਵਣ ਵਿੱਚ ਚੰਗੇ ਨਤੀਜੇ ਮਿਲਦੇ ਹਨ। ਭਾਵ ਉਸਦਾ ਮਾਨ ਸਨਮਾਨ ਵੀ ਵੱਧਦਾ ਹੈ।
ਸਾਨੂੰ ਆਪਣੀਆਂ ਖੁਸ਼ੀਆਂ ਆਪਣੇ ਚੰਗੇ ਦੋਸਤਾਂ ਨਾਲ ਸਾਂਝੀਆ ਕਰਨੀਆਂ ਚਾਹੀਦੀਆਂ ਹਨ। ਚੰਗੇ ਦੋਸਤਾਂ ਦੀ ਗਿਣਤੀ ਇੱਕ ਜਾਂ ਜ਼ਿਆਦਾ ਵੀ ਹੋ ਸਕਦੀ ਹੈ। ਸਾਨੂੰ ਉਹਨਾਂ ਤੱਕ ਆਪਣੇ ਦੁੱਖ ਤਕਲੀਫਾਂ ਦੇ ਨਾਲ ਖੁਸ਼ੀਆਂ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਕਿਸੇ ਮਹਾਨ ਵਿਅਕਤੀ ਨੇ ਕਿਹਾ ਹੈ,ਮੁਸਕਰਾਹਟ ਉਹ ਗਹਿਣਾ ਜਿਸਨੂੰ ਅਸੀ ਬਿਨਾਂ ਖਰੀਦੇ ਕੇ ਪਾ ਸਕਦੇ ਹਾਂ ਅਤੇ ਜਿਸ ਇਨਸਾਨ ਕੋਲ ਇਹ ਗਹਿਣਾ ਹੈ, ਉਸਨੂੰ ਸੁੰਦਰ ਦਿਖਣ ਲਈ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੈ। ਮੈਂ ਆਪਣਿਆਂ ਦੇ ਚੇਹਰਿਆਂ ਤੇ ਖੁਸ਼ੀ ਦੇਖਣ ਲਈ ਇੱਕੋ ਅਰਦਾਸ ਕਰਦਾ ਹਾਂ।
“ਨਾ ਕੋਈ ਰਾਹ ਅਸਾਨ ਚਾਹੀਦੀ ਹੈ, “ਨਾ ਕੋਈ ਪਹਿਚਾਣ ਚਾਹੀਦੀ ਹੈ,
“ਰੱਬ ਤੋਂ ਆਪਣਿਆਂ ਦੇ ਚੇਹਰਿਆਂ ਤੇ, ਮੁਸਕਾਨ ਚਾਹੀਦੀ ਹੈ।
ਇਨਸਾਨ ਅਤੇ ਸੰਸਾਰ ਦੇ ਬਾਕੀ ਜੀਵ ਜੰਤੂਆਂ ਵਿੱਚ ਮੁੱਖ ਵੇਖਰੇਵਾਂ ਇਹ ਹੈ ਕਿ ਇਨਸਾਨ ਕੋਲ ਬਾਣੀ ਅਤੇ ਹੱਸਣ ਦੀ ਸ਼ਕਤੀ ਹੈ ਜਦੋਂ ਕਿ ਬਾਕੀ ਜੀਵ ਜੰਤੂ ਇਨ੍ਹਾਂ ਗੁਣਾਂ ਤੋਂ ਵਿਹੂਣੇ ਹਨ। ਬਾਣੀ ਦੀ ਸ਼ਕਤੀ ਨਾਲ ਹੀ ਰਿਸ਼ਤਿਆਂ ਦੀ ਪਹਿਚਾਣ ਹੋਈ ਹੈ ਤੇ ਸਮਾਜ ਹੋਂਦ ਵਿੱਚ ਆਇਆ । ਮੁਸਕਰਾਹਟ ਤੇ ਹੱਸਣ ਨਾਲ ਆਪਸੀ ਪਿਆਰ ਵਿੱਚ ਵਾਧਾ ਹੋਇਆ ਤੇ ਰਿਸ਼ਤੇ ਮਜ਼ਬੂਤ ਹੋਏ।
ਵਿਗਿਆਨਿਕ ਵਿਕਾਸ ਨਾਲ ਜਿੱਥੇ ਸੁੱਖ ਸਹੂਲਤਾਂ ਵਿੱਚ ਵਾਧਾ ਹੋਇਆ ਉਥੇ ਇੱਕ ਦੂਜੇ ਉਪਰ ਨਿਰਭਰਤਾ ਘੱਟ ਗਈ। ਸੰਸਾਰ ਵਿੱਚ ਪੈਸਾ ਪ੍ਰਧਾਨ ਹੋ ਗਿਆ। ਹੁਣ ਸਾਂਝੇ ਪਰਿਵਾਰ ਟੁੱਟ ਰਹੇ ਹਨ ਰਲਮਿਲ ਕੇ ਕੰਮ ਕਰਨ ਦੀ ਲੋੜ ਖਤਮ ਹੋ ਰਹੀ ਹੈ। ਮਾਇਆ ਦੀ ਦੌੜ ਵਿੱਚ ਇਨਸਾਨ ਇਨ੍ਹਾਂ ਰੁੱਝ ਗਿਆ ਕਿ ਪਰਿਵਾਰਿਕ ਮੈਂਬਰਾਂ ਨਾਲ ਬੈਠ ਕੇ ਹੱਸਣ ਖੇਡਣ ਦਾ ਸਮਾਂ ਨਹੀ ਮਿਲ ਰਿਹਾ। ਇੰਝ ਜੀਵਣ ਵਿੱਚੋਂ ਹਾਸਾ ਗਾਇਬ ਹੋ ਰਿਹਾ ਹੈ। ਇਨਸਾਨਾਂ ਅੰਦਰ ਵੱਧ ਰਹੀਆ ਬਿਮਾਰੀਆਂ ਦਾ ਇੱਕ ਮੁੱਖ ਕਾਰਨ ਇੱਕਲਤਾ, ਘੁੱਟਣ ਅਤੇ ਖੁੱਲ ਕੇ ਹੱਸਣ ਦਾ ਮਨਫੀ ਹੋਣਾ ਹੈ।
ਅੱਜ ਦੇ ਸਮੇਂ ਵਿੱਚ ਜੇਕਰ ਕੋਈ ਤਰੱਕੀ ਕਰਦਾ ਹੈ ਉਸਦਾ ਦਾਇਰਾ ਤੇ ਸੰਪਰਕ ਵੀ ਜ਼ਿਆਦਾ ਲੋਕਾਂ ਨਾਲ ਹੈ,ਉਸਦੇ ਚਿਹਰੇ ਤੇ ਮੁਸਕਰਾਹਟ ਹੈ ਤਾਂ ਲੋਕ ਉਸਨੂੰ ਜੀਣ ਨਹੀ ਦਿੰਦੇ। ਲੋਕ ਉਸ ਨਾਲ ਈਰਖਾ ਰੱਖਣ ਲੱਗ ਪੈਂਦੇ ਹਨ, ਉਸ ਦੀਆ ਕਮਜ਼ੋਰੀਆਂ, ਕਮੀਆਂ ਲੱਭਣ ਲੱਗ ਪੈਂਦੇ ਹਨ ,ਉਸ ਦੀਆਂ ਲੱਤਾਂ ਖਿੱਚਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ। ਤਰੱਕੀ ਕਰ ਰਹੇ ਵਿਅਕਤੀ ਦੇ ਸੰਘਰਸ਼ ਤੇ ਉਸਦੇ ਪਿਛੋਕੜ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਉਸਦੀ ਨਿੰਦਿਆ ਚੁਗਲੀ ਕਰਨ ਲਈ ਕੋਈ ਸਮਾਂ ਤੱਕ ਨਹੀ ਦੇਖਿਆ ਜਾਂਦਾ। ਅਜਿਹੀ ਮਾਨਸਿਕ ਸਥਿਤੀ ਵਿੱਚ ਉਸਦੇ ਬੁੱਲਾਂ ਤੇ ਮੁਸਕਰਾਹਟ ਕਿਵੇਂ ਆ ਸਕਦੀ ਹੈ । ਸਾਨੂੰ ਇੱਕ ਦੂਜੇ ਨਾਲ ਈਰਖਾ, ਨਿੰਦਿਆ,ਚੁਗਲੀ ਛੱਡ ਕੇ ਅੱਗੇ ਵੱਧਣਾ ਚਾਹੀਦਾ ਹੈ। ਅੱਜ ਸਮੇਂ ਵਿੱਚ ਅਜਿਹਾ ਦੋਸਤ ਬਣਾਉਣਾ ਚਾਹੀਦਾ ਹੈ ਜਿਸ ਨਾਲ ਤੁਸੀਂ ਆਪਣੀਆਂ ਸਾਰੀਆ ਗੱਲਾਂ ਕਰ ਸਕੋਂ ਭਾਵ ਉਹ ਤੁਹਾਡੇ ਦੁੱਖ ਸੁੱਖ ਦਾ ਭਾਗੀਦਾਰ ਹੋਵੇ। ਤੁਸੀ ਉਸ ਨਾਲ ਬੇਝਿਜਕ ਆਪਣੀ ਗੱਲ ਕਰ ਸਕੋ। ਉਹ ਤੁਹਾਡੇ ਬੁੱਲਾਂ ਤੇ ਮੁਸਕਰਾਹਟ ਲਿਆ ਸਕਦਾ ਹੋਵੇ। ਉਹ ਹਰ ਸਮੇਂ ਤੁਹਾਡੀ ਖੁਸ਼ੀ ਨੂੰ ਦੁੱਗਣਾ ਚੌਗਣਾ ਕਰਨਾ ਚਾਹੁੰਦਾ ਹੋਵੇ। ਮੈਂ ਆਪਣੇਂ ਇੱਕ ਖਾਸ ਦੋਸਤ ਲਈ ਇਹੋ ਸਾਰੀਆਂ ਗੱਲਾਂ ਤੇ ਖਰਾ ਉਤਰਨ ਲਈ ਤਤਪਰ ਹਾਂ ਪਰ ਉਹ ਦੋਸਤ ਹੀ ਇਹ ਦੱਸ ਸਕਦਾ ਕਿ ਹੁਣ ਤੱਕ ਮੈਂ ਉਸਦੀ ਮੁਸਕਰਾਹਟ ਨੂੰ ਵਧਾ ਸਕਿਆ ਜਾਂ ਨਾ।
ਸਾਨੂੰ ਕਿਸੇ ਦੀ ਬੇਵਸੀ, ਲਾਚਾਰੀ ਤੇ ਨਹੀ ਹੱਸਣਾ ਚਾਹੀਦਾ। ਮੁਸਕਰਾਹਟ ਤੁਹਾਡੇ ਸਫਲ ਜੀਵਨ ਦੀ ਨੀਂਹ ਰੱਖਦੀ ਹੈ। ਸਾਨੂੰ ਇੱਕ ਦੂਜੇ ਨਾਲ ਹੱਸ ਕੇ,ਖੁਸ਼ੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਅੱਜ ਕੱਲ੍ਹ ਹੱਸਣ ਦੀ ਘਾਟ ਨੂੰ ਪੂਰਾ ਕਰਨ ਲਈ ਲੋਕ ਪਾਰਕਾਂ ਕਲੱਬਾਂ ਵਿੱਚ ਜਾ ਰਹੇ ਨੇ ਜਿੱਥੇ ਸੈਂਕੜੇ ਮੈਂਬਰ ਇੱਕਠੇ ਹੋ ਕੇ ਉੱਚੀ ਉੱਚੀ ਹੱਸ ਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਪੈਸੇ ਖਰਚਦੇ ਨਜ਼ਰ ਆਉਂਦੇ ਹਨ। ਕੁਦਰਤੀ ਹਾਸਾ ਹੱਸਿਆ ਜਾਵੇ। ਮੁਸਕਰਾਹਟ ਤੁਹਾਡੇ ਬੁੱਲਾਂ ਤੇ ਹੋਣੀ ਚਾਹੀਦੀ ਹੈ। ਤੁਸੀ ਦਫ਼ਤਰ ਜਾਉ ਜਾਂ ਕਿਸੇ ਮੀਟਿੰਗ ਵਿੱਚ ਤਾਂ ਮੁਸਕਰਾਹਟ ਤੁਹਾਡੇ ਚਿਹਰੇ ਤੇ ਹੋਵੇ। ਸਾਰਿਆਂ ਨਾਲ ਖਿੜ੍ਹੇ ਮੱਥੇ ਗੱਲ ਕਰੋ। ਹਰ ਕਿਸੇ ਦੀ ਮਦਦ ਕਰੋ। ਹਰ ਕੰਮ ਨੂੰ ਖੁਸ਼ੀ ਖੁਸ਼ੀ ਸ਼ੁਰੂ ਕਰਕੇ ਨੇਪਰੇ ਚਾੜ੍ਹਿਆ ਜਾਵੇ। ਇੰਝ ਸਾਰੇ ਪਾਸੇ ਵਧੀਆ ਮਾਹੌਲ ਹੋ ਜਾਵੇਗਾ।
“ਮੁਸਕਾਨ ਨੂੰ ਉਦੋਂ ਹੀ ਰੋਕੋ ,
“ਜਦੋਂ ਉਹ ਕਿਸੇ ਨੂੰ ਜ਼ਖਮ ਦੇ ਸਕਦੀ ਹੈ ,
“ਨਹੀਂ ਤਾਂ ਖਿੜ ਖਿੜਾ ਕੇ ਹੱਸੋ।