ਰੂਸ ਦੇ ਯੂਕਰੇਨ ਉੱਪਰ ਹਮਲੇ ਹੋਏ ਨੂੰ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਤੇ ਇਹ ਦੂਸਰੀ ਸੰਸਾਰ ਜੰਗ ਤੋਂ ਬਾਅਦ ਯੂਰਪ ਦਾ ਸਭ ਤੋਂ ਭਿਆਨਕ ਯੁੱਧ ਬਣ ਗਿਆ ਹੈ। ਰੂਸ ਦੀ ਹਾਲਤ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਰਗੀ ਹੋ ਗਈ ਹੈ, ਨਾ ਖਾਣ ਜੋਗਾ ਤੇ ਨਾ ਛੱਡਣ ਜੋਗਾ। ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਮਾਲ ਦੀ ਬਹਾਦਰੀ ਅਤੇ ਸਿਰੜ ਦਾ ਵਿਖਾਵਾ ਕੀਤਾ ਹੈ। ਪੱਛਮੀ ਦੇਸ਼ਾਂ ਦੀ ਸਲਾਹ ਦੇ ਉਲਟ ਉਹ ਕੀਵ ਵਿਖੇ ਡਟਿਆ ਹੋਇਆ ਹੈ ਤੇ ਆਪਣੀਆਂ ਫ਼ੌਜਾਂ ਦੀ ਦਲੇਰੀ ਨਾਲ ਅਗਵਾਈ ਕਰ ਰਿਹਾ ਹੈ।
ਰੂਸ ਨੇ ਯੂਕਰੇਨ ਦਾ ਲੱਕ ਤੋੜਨ ਲਈ ਆਮ ਗੋਲਾ-ਬਾਰੂਦ ਤੋਂ ਇਲਾਵਾ ਆਪਣੇ ਸਭ ਤੋਂ ਆਧੁਨਿਕ ਹਥਿਆਰਾਂ ਜਿਵੇਂ ਫਾਸਫੋਰਸ, ਕਲੱਸਟਰ ਅਤੇ ਥਰਮੋਬਾਰਿਕ ਬੰਬ, ਕਿੰਜਲ ਹਾਈਪਰਸੋਨਿਕ ਅਤੇ ਇਸਕੰਦਰ ਮਿਜ਼ਾਈਲਾਂ ਆਦਿ ਦੀ ਵਰਤੋਂ ਕਰ ਕੇ ਵੇਖ ਲਈ ਹੈ ਪਰ ਕੋਈ ਫ਼ਾਇਦਾ ਨਹੀਂ ਹੋਇਆ। ਕੀਵ, ਲਵੀਵ, ਉਡੇਸਾ, ਮਾਰੀਉਪੋਲ ਅਤੇ ਖਾਰਕੀਵ ਵਰਗੇ ਘੁੱਗ ਵੱਸਦੇ ਖ਼ੂਬਸੂਰਤ ਸ਼ਹਿਰ ਮਲਬੇ ਦਾ ਢੇਰ ਬਣ ਗਏ ਹਨ। ਪਹਿਲਾਂ ਰੂਸ ਨੇ ਕਿਹਾ ਸੀ ਕਿ ਉਹ ਸਿਰਫ਼ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਏਗਾ ਪਰ ਯੂਕਰੇਨ ਦੀ ਦ੍ਰਿੜ੍ਹਤਾ ਅਤੇ ਟਾਕਰੇ ਦੀ ਇੱਛਾ ਸ਼ਕਤੀ ਤੋਂ ਖਿਝੇ ਹੋਏ ਪੁਤਿਨ ਨੇ ਹੁਣ ਘਰਾਂ, ਹਸਪਤਾਲਾਂ, ਸਕੂਲਾਂ ਅਤੇ ਸਿਵਲ ਸਰਕਾਰੀ ਇਮਾਰਤਾਂ ਨੂੰ ਵੀ ਢਹਿ-ਢੇਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਪੈਂਤੀ ਲੱਖ ਤੋਂ ਵੱਧ ਯੂਕਰੇਨੀ ਆਪਣਾ ਘਰ-ਬਾਰ ਛੱਡ ਕੇ ਗੁਆਂਢੀ ਦੇਸ਼ਾਂ ਵਿਚ ਰਫਿਊਜੀਆਂ ਵਾਲਾ ਜੀਵਨ ਬਤੀਤ ਕਰ ਰਹੇ ਹਨ ਪਰ ਰੂਸ ਨੂੰ ਸਬਕ ਸਿਖਾਉਣ ਅਤੇ ਮਾਤ ਭੂਮੀ ਦੀ ਰਾਖੀ ਲਈ ਹਜ਼ਾਰਾਂ ਆਮ ਯੂਕਰੇਨੀ ਨਾਗਰਿਕ ਹਥਿਆਰ ਚੁੱਕ ਕੇ ਆਪਣੀ ਫ਼ੌਜ ਦਾ ਸਾਥ ਦੇ ਰਹੇ ਹਨ। ਛਾਪਾਮਾਰ ਜੰਗ ਤੋਂ ਡਰਦੀ ਮਾਰੀ ਰੂਸੀ ਫ਼ੌਜ ਅਜੇ ਤਕ ਕਿਸੇ ਵੀ ਅਹਿਮ ਸ਼ਹਿਰ ਵਿਚ ਦਾਖ਼ਲ ਨਹੀਂ ਹੋ ਸਕੀ। ਰੂਸ ਤੋਂ ਪਹਿਲਾਂ ਵੀ ਕਈ ਮਹਾ-ਸ਼ਕਤੀਆਂ ਦੁਸ਼ਮਣ ਦੇਸ਼ ਨੂੰ ਕਮਜ਼ੋਰ ਸਮਝ ਕੇ ਸ਼ਰਮਿੰਦਗੀ ਭਰੀ ਹਾਰ ਦਾ ਸਾਹਮਣਾ ਕਰ ਚੁੱਕੀਆਂ ਹਨ। ਫਰਾਂਸ ਦਾ ਬਾਦਸ਼ਾਹ ਨੈਪੋਲੀਆਨ (ਸ਼ਾਸਨ ਮਈ 1804 ਤੋਂ ਅਪ੍ਰੈਲ 1814) ਸੰਸਾਰ ਦੇ ਚੋਟੀ ਦੇ ਜੇਤੂਆਂ ਵਿਚ ਆਉਂਦਾ ਹੈ। ਉਸ ਨੇ ਇੰਗਲੈਂਡ ਅਤੇ ਰੂਸ ਨੂੰ ਛੱਡ ਕੇ ਤਕਰੀਬਨ ਸਾਰੇ ਯੂਰਪ ’ਤੇ ਕਬਜ਼ਾ ਜਮਾ ਲਿਆ ਸੀ। ਰੂਸ ਉਸ ਵੇਲੇ ਯੂਰਪ ਦੇ ਕਮਜ਼ੋਰ ਦੇਸ਼ਾਂ ਵਿਚ ਗਿਣਿਆ ਜਾਂਦਾ ਸੀ ਤੇ ਨੈਪੋਲੀਅਨ ਹੱਥੋਂ ਕਈ ਵਾਰ ਹਾਰ ਖਾਣ ਦੇ ਬਾਵਜੂਦ ਤਤਕਾਲੀ ਬਾਦਸ਼ਾਹ ਜ਼ਾਰ ਅਲੈਗਜ਼ੈਂਡਰ ਨੇ ਗੋਡੇ ਨਹੀਂ ਸਨ ਟੇਕੇ। ਰੂਸ ਨੂੰ ਸਬਕ ਸਿਖਾਉਣ ਲਈ ਨੈਪੋਲੀਅਨ ਨੇ 24 ਜੂਨ 1812 ਨੂੰ ਸਾਢੇ ਛੇ ਲੱਖ ਫ਼ੌਜ ਲੈ ਕੇ ਰੂਸ ’ਤੇ ਚੜ੍ਹਾਈ ਕਰ ਦਿੱਤੀ।ਫਰਾਂਸ ਦੀਆਂ ਰੂਸ ਨਾਲ ਬੋਰੋਦੀਨੋ, ਸਮਾਲੈਂਸਕ, ਮਲੋਆਸਵੈਤ, ਕਰਾਸਨੋਈ ਦੇ ਸਥਾਨ ’ਤੇ ਵੱਡੀਆਂ ਜੰਗਾਂ ਹੋਈਆਂ ਤੇ 14 ਸਤੰਬਰ ਨੂੰ ਨੈਪੋਲੀਅਨ ਨੇ ਮਾਸਕੋ ’ਤੇ ਕਬਜ਼ਾ ਕਰ ਲਿਆ ਸੀ। ਰੂਸੀਆਂ ਨੇ ਮਾਸਕੋ ਅਤੇ ਆਸ-ਪਾਸ ਦੇ ਸ਼ਹਿਰਾਂ, ਪਿੰਡਾਂ, ਅਨਾਜ ਦੇ ਗੋਦਾਮਾਂ ਅਤੇ ਖੇਤ-ਖਲਿਹਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਕਾਰਨ ਫਰਾਂਸੀਸੀ ਫ਼ੌਜ ’ਚ ਭੁੱਖਮਰੀ ਫੈਲ ਗਈ। ਉੱਪਰੋਂ ਰੂਸ ਦੀ ਜਬਰਦਸਤ ਠੰਡ, ਬਿਮਾਰੀਆਂ ਅਤੇ ਛਾਪਾਮਾਰ ਜੰਗ ਨੇ ਫਰਾਂਸੀਸੀਆਂ ਦੀ ਜਾਨ ਤੰਗ ਕਰ ਦਿੱਤੀ ਤੇ ਉਹ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਮਰਨ ਲੱਗ ਪਏ। ਰੂਸੀ ਬਾਦਸ਼ਾਹ ਨੇ ਨੈਪੋਲੀਅਨ ਦੀ ਕੋਈ ਵੀ ਸ਼ਰਤ ਮੰਨਣ ਤੋਂ ਇਨਕਾਰ ਕਰ ਦਿੱਤਾ। ਆਖ਼ਰ ਮਜਬੂਰ ਹੋ ਕੇ ਨੈਪੋਲੀਅਨ ਨੇ ਦਸੰਬਰ 1812 ’ਚ ਵਾਪਸ ਚਾਲੇ ਪਾ ਦਿੱਤੇ। ਉਸ ਦੀ ਸਾਢੇ ਛੇ ਲੱਖ ਫ਼ੌਜ ਵਿੱਚੋਂ ਸਿਰਫ਼ 10000 ਸੈਨਿਕ ਹੀ ਜਿੰਦਾ ਫਰਾਂਸ ਪਹੁੰਚ ਸਕੇ। ਨੈਪੋਲੀਅਨ ਫਿਰ ਕਦੇ ਇਸ ਨੁਕਸਾਨ ਤੋਂ ਉੱਭਰ ਨਾ ਸਕਿਆ ਤੇ 19 ਅਕਤੂਬਰ 1813 ਨੂੰ ਰੂਸ, ਇੰਗਲੈਂਡ, ਜਰਮਨੀ ਅਤੇ ਆਸਟਰੀਆ ਦੀਆਂ ਸਾਂਝੀਆਂ ਫ਼ੌਜਾਂ ਨੇ ਉਸ ਨੂੰ ਲੀਪਜ਼ਿਗ ਦੀ ਜੰਗ ਵਿਚ ਹਰਾ ਕੇ ਤਖਤ-ਬਰਦਾਰ ਕਰ ਦਿੱਤਾ। ਨੈਪੋਲੀਅਨ ਵਾਲੀ ਗ਼ਲਤੀ ਹਿਟਲਰ ਨੇ ਵੀ ਕੀਤੀ ਸੀ। ਦੂਸਰੇ ਸੰਸਾਰ ਯੁੱਧ ਦੌਰਾਨ ਉਸ ਨੇ ਸਾਰੇ ਯੂਰਪ ’ਤੇ ਕਬਜ਼ਾ ਜਮਾ ਲਿਆ ਤੇ ਹਵਾਈ ਬੰਬਾਰੀ ਨਾਲ ਇੰਗਲੈਂਡ ਦਾ ਲੱਕ ਤੋੜ ਕੇ ਰੱਖ ਦਿੱਤਾ ਸੀ। ਹਿਟਲਰ ਕਮਿਊਨਿਸਟਾਂ ਨੂੰ ਬੇਹੱਦ ਨਫ਼ਰਤ ਕਰਦਾ ਸੀ। ਇਸ ਕਾਰਨ 22 ਜੂਨ 1941 ਨੂੰ ਉਸ ਨੇ ਬਿਨਾਂ ਕਿਸੇ ਕਾਰਨ ਰੂਸ ’ਤੇ ਹਮਲਾ ਬੋਲ ਦਿੱਤਾ। ਉਹ ਪੋਲੈਂਡ ’ਤੇ ਕਬਜ਼ਾ ਕਰ ਕੇ ਰੂਸ ਦੇ ਵਿਸ਼ਾਲ ਇਲਾਕਿਆਂ ਨੂੰ ਰੌਂਦਦਾ ਹੋਇਆ ਮਾਸਕੋ ਦੇ ਨਜ਼ਦੀਕ ਪਹੁੰਚ ਗਿਆ ਪਰ ਸ਼ੁਰੂਆਤੀ ਕਾਮਯਾਬੀ ਦੇ ਬਾਵਜੂਦ ਜਰਮਨ ਫ਼ੌਜ ਮਾਸਕੋ ਨੂੰ ਜਿੱਤ ਨਾ ਸਕੀ। ਰੂਸੀ ਫ਼ੌਜ ਦੇ ਕਰੜੇ ਵਿਰੋਧ ਕਾਰਨ ਹਿਟਲਰ ਨੇ ਮਾਸਕੋ ਦੀ ਬਜਾਏ ਰੂਸ ਦੇ ਦੱਖਣ ਵੱਲ ਹਮਲਾ ਕਰਨ ਦਾ ਫ਼ੈਸਲਾ ਕਰ ਲਿਆ।ਉਸ ਦਾ ਮਕਸਦ ਸਟਾਲਿਨਗਰਾਦ ’ਤੇ ਕਬਜ਼ਾ ਜਮਾ ਕੇ ਵੋਲਗਾ ਦਰਿਆ ਜੋ ਕੈਸਪੀਅਨ ਸਾਗਰ ਤੋਂ ਕੇਂਦਰੀ ਰੂਸ ਵੱਲ ਇਕ ਅਹਿਮ ਜਲ ਮਾਰਗ ਸੀ, ਨੂੰ ਬੰਦ ਕਰਨਾ ਸੀ ਜਿਸ ਨਾਲ ਮਾਸਕੋ ਅਤੇ ਕੇਂਦਰੀ ਰੂਸ ਵੱਲ ਹਥਿਆਰਾਂ ਅਤੇ ਰਸਦ ਦੀ ਸਪਲਾਈ ਬੰਦ ਹੋ ਜਾਣੀ ਸੀ। ਸਟਾਲਿਨਗਰਾਦ ਦੀ ਲੜਾਈ 23 ਅਗਸਤ 1942 ਤੋਂ 2 ਫਰਵਰੀ 1943 ਤਕ ਚੱਲੀ ਤੇ ਜਰਮਨ ਫ਼ੌਜ ਇੱਥੇ ਬੁਰੀ ਤਰ੍ਹਾਂ ਫਸ ਗਈ। ਸਿਰਫ਼ ਛੇ ਮਹੀਨਿਆਂ ਵਿਚ ਹੀ 8 ਲੱਖ ਦੇ ਕਰੀਬ ਜਰਮਨ ਅਤੇ 11 ਲੱਖ ਦੇ ਲਗਪਗ ਰੂਸੀ ਸੈਨਿਕ ਮਾਰੇ ਗਏ। ਆਖ਼ਰ ਜਰਮਨੀ ਨੂੰ ਸ਼ਹਿਰ ਖ਼ਾਲੀ ਕਰਨਾ ਪਿਆ। ਇਸ ਜੰਗ ਤੋਂ ਬਾਅਦ ਦੁਬਾਰਾ ਜਰਮਨੀ ਦੇ ਪੈਰ ਨਾ ਲੱਗੇ ਤੇ 2 ਸਤੰਬਰ 1945 ਨੂੰ ਰੂਸ, ਅਮਰੀਕਾ, ਇੰਗਲੈਂਡ ਅਤੇ ਫਰਾਂਸ ਦੀਆਂ ਸਾਂਝੀਆਂ ਫ਼ੌਜਾਂ ਨੇ ਬਰਲਿਨ ’ਤੇ ਕਬਜ਼ਾ ਕਰ ਲਿਆ ਅਤੇ ਜਰਮਨੀ ਨੂੰ ਪੂਰਬੀ ਅਤੇ ਪੱਛਮੀ ਜਰਮਨੀ ਵਿਚ ਵੰਡ ਦਿੱਤਾ ਗਿਆ। ਵੀਅਤਨਾਮ ਦੀ ਜੰਗ ’ਚ ਅਮਰੀਕਾ ਵਰਗੀ ਸੁਪਰ ਪਾਵਰ ਨੂੰ ਵੀਅਤਨਾਮ ਵਰਗੇ ਛੋਟੇ ਜਿਹੇ ਦੇਸ਼ ਤੋਂ ਮੂੰਹ ਦੀ ਖਾਣੀ ਪਈ ਸੀ। ਮਈ 1954 ਵਿਚ ਫਰਾਂਸ ਨੇ ਵੀਅਤਨਾਮ ਨੂੰ ਆਜ਼ਾਦ ਕਰ ਕੇ ਕਮਿਊਨਿਸਟ ਉੱਤਰੀ ਵੀਅਤਨਾਮ ਅਤੇ ਪੱਛਮ ਪੱਖੀ ਦੱਖਣੀ ਵੀਅਤਨਾਮ ਵਿਚ ਵੰਡ ਦਿੱਤਾ। ਦੱਖਣੀ ਵੀਅਤਨਾਮ ਦੀ ਸੁਰੱਖਿਆ ਅਮਰੀਕਾ ਨੇ ਸੰਭਾਲ ਲਈ ਤਾਂ ਜੋ ਏਸ਼ੀਆ ਵਿਚ ਰੂਸ ਅਤੇ ਚੀਨ ਦੇ ਪ੍ਰਭਾਵ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਦਾ ਟਾਕਰਾ ਕਰਨ ਲਈ ਰੂਸ ਤੇ ਚੀਨ ਨੇ ਉੱਤਰੀ ਵੀਅਤਨਾਮ ਨੂੰ ਭਾਰੀ ਆਰਥਿਕ ਅਤੇ ਸੈਨਿਕ ਮਦਦ ਭੇਜਣੀ ਸ਼ੁਰੂ ਕਰ ਦਿੱਤੀ।
ਇਸ ’ਤੇ ਅਮਰੀਕਾ ਨੇ 1 ਨਵੰਬਰ 1955 ਨੂੰ ਉੱਤਰੀ ਵੀਅਤਨਾਮ ’ਤੇ ਹਮਲਾ ਕਰ ਦਿੱਤਾ। ਜਵਾਬ ਵਿਚ ਉੱਤਰੀ ਵੀਅਤਨਾਮ ਨੇ ਗੁਰੀਲਾ ਜੰਗ ਸ਼ੁਰੂ ਕਰ ਦਿੱਤੀ ਜੋ 30 ਅਪ੍ਰੈਲ 1975 ਤਕ ਲਗਾਤਾਰ 19 ਸਾਲ 6 ਮਹੀਨੇ ਚੱਲਦੀ ਰਹੀ। ਇਸ ’ਚ ਲਗਪਗ ਦੋ ਲੱਖ ਉੱਤਰੀ ਵੀਅਤਨਾਮੀ ਤੇ 60000 ਦੇ ਕਰੀਬ ਅਮਰੀਕੀ ਸੈਨਿਕ ਮਾਰੇ ਗਏ। ਇਸ ਜੰਗ ਵਿਚ ਹੋਈ ਸ਼ਰਮਨਾਕ ਹਾਰ ਕਾਰਨ ਅੰਤਰਰਾਸ਼ਟਰੀ ਪੱਧਰ ’ਤੇ ਅਮਰੀਕਾ ਦੀ ਇੱਜ਼ਤ ਮਿੱਟੀ ਵਿਚ ਮਿਲ ਗਈ। ਅਮਰੀਕਾ ਦੇ ਭੱਜਣ ਤੋਂ ਕੁਝ ਕੁ ਦਿਨਾਂ ਬਾਅਦ ਹੀ ਉੱਤਰੀ ਵੀਅਤਨਾਮ ਨੇ ਦੱਖਣੀ ਵੀਅਤਨਾਮ ’ਤੇ ਕਬਜ਼ਾ ਕਰ ਲਿਆ। ਚੌਵੀ ਦਸੰਬਰ 1979 ਨੂੰ ਸੋਵੀਅਤ ਸੰਘ ਨੇ ਅਫ਼ਗਾਨਿਸਤਨ ਦੇ ਰਾਸ਼ਟਰਪਤੀ ਬਾਬਰਕ ਕਾਰਮਾਲ ਦੀ ਕਮਿਊਨਿਸਟ ਸਰਕਾਰ ਨੂੰ ਮੁਜਾਹਦੀਨ ਤੋਂ ਬਚਾਉਣ ਖ਼ਾਤਰ ਡੇਢ ਲੱਖ ਫ਼ੌਜ ਅਫ਼ਗਾਨਿਸਤਾਨ ਵਿਚ ਉਤਾਰ ਦਿੱਤੀ। ਅਮਰੀਕਾ ਦੀ ਅਗਵਾਈ ਹੇਠ ਪਾਕਿਸਤਾਨ, ਸਾਊਦੀ ਅਰਬ, ਇੰਗਲੈਂਡ, ਮਿਸਰ, ਪੱਛਮੀ ਜਰਮਨੀ ਅਤੇ ਇਜ਼ਰਾਈਲ ਆਦਿ ਨੇ ਮੁਜਾਹਦੀਨ ਨੂੰ ਹਥਿਆਰਾਂ ਨਾਲ ਲੈਸ ਕਰਨਾ ਸ਼ੁਰੂ ਕਰ ਦਿੱਤਾ। ਹੈਲੀਕਾਪਟਰਾਂ ਦਾ ਕਾਲ ਸਮਝੀ ਜਾਣ ਵਾਲੀ ਸਟਿੰਗਰ ਮਿਜ਼ਾਈਲ ਪਹਿਲੀ ਵਾਰ ਇੱਥੇ ਹੀ ਰੂਸੀਆਂ ਖ਼ਿਲਾਫ਼ ਵਰਤੀ ਗਈ ਸੀ। ਦਸ ਸਾਲ ਦੀ ਜੰਗ (15 ਫਰਵਰੀ 1989 ਤਕ) ਵਿਚ 35000 ਤੋਂ ਵੱਧ ਸੈਨਿਕ ਮਰਵਾ ਕੇ ਆਖ਼ਰ ਸੋਵੀਅਤ ਸੰਘ ਨੂੰ ਉੱਥੋਂ ਨਿਕਲਣਾ ਪਿਆ। ਇਸ ਜੰਗ ਦਾ ਸੋਵੀਅਤ ਸੰਘ ’ਤੇ ਮਾਰੂ ਅਸਰ ਹੋਇਆ। ਲੱਕ ਤੋੜਵੀਂ ਹਾਰ ਅਤੇ ਆਰਥਿਕਤਾ ਦੀ ਤਬਾਹੀ ਕਾਰਨ ਤਿੰਨ ਸਾਲਾਂ ਬਾਅਦ ਹੀ 1992 ਵਿਚ ਸੋਵੀਅਤ ਸੰਘ ਖ਼ਤਮ ਹੋ ਗਿਆ।
ਸੱਤ ਅਕਤੂਬਰ 2001 ਨੂੰ ਅਮਰੀਕਾ ਨੇ ਵੀ ਰੂਸ ਵਾਲੀ ਗ਼ਲਤੀ ਕਰ ਲਈ। ਉਸ ਨੇ 9 ਸਤੰਬਰ 2001 ਨੂੰ ਅਮਰੀਕਾ ਦੇ ਕਈ ਅਹਿਮ ਟਿਕਾਣਿਆਂ ’ਤੇ ਹਵਾਈ ਜਹਾਜ਼ਾਂ ਰਾਹੀਂ ਹਮਲੇ ਕਰਵਾਉਣ ਦੇ ਦੋਸ਼ੀ ਓਸਾਮਾ-ਬਿਨ-ਲਾਦੇਨ ਨੂੰ ਫੜਨ ਅਤੇ ਉਸ ਦੀ ਪੁਸ਼ਤ-ਪਨਾਹੀ ਕਰਨ ਵਾਲੇ ਤਾਲਿਬਾਨ ਨੂੰ ਸਜ਼ਾ ਦੇਣ ਲਈ ਅਫ਼ਗਾਨਿਸਤਾਨ ’ਤੇ ਹਮਲਾ ਕਰ ਦਿੱਤਾ। ਤਾਲਿਬਾਨ ਦਾ ਤਖਤਾ ਪਲਟ ਦਿੱਤਾ ਗਿਆ ਅਤੇ 2 ਮਈ 2011 ਨੂੰ ਲਾਦੇਨ ਵੀ ਪਾਕਿਸਤਾਨ ਦੇ ਐਬਟਾਬਾਦ ਸ਼ਹਿਰ ਵਿਖੇ ਮਾਰਿਆ ਗਿਆ। ਪਰ 20 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਵੀ ਅਮਰੀਕਾ ਤਾਲਿਬਾਨ ਨੂੰ ਖ਼ਤਮ ਨਾ ਕਰ ਸਕਿਆ ਤੇ ਆਖ਼ਰ 30 ਅਗਸਤ 2021 ਨੂੰ ਉਸ ਨੇ ਅਫ਼ਗਾਨਿਸਤਾਨ ਖ਼ਾਲੀ ਕਰ ਦਿੱਤਾ। ਤਾਲਿਬਾਨ ਨੇ ਸਿਰਫ਼ 15-20 ਦਿਨਾਂ ’ਚ ਹੀ ਸਾਰੇ ਦੇਸ਼ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ। ਅਮਰੀਕੀ ਫ਼ੌਜ ਨੂੰ ਜੰਗੀ ਜਹਾਜ਼ਾਂ ਅਤੇ ਹੈਲੀਕਾਪਟਰਾਂ ਸਮੇਤ ਅਰਬਾਂ ਡਾਲਰ ਦਾ ਗੋਲਾ-ਬਾਰੂਦ ਅਫ਼ਗਾਨਿਸਤਾਨ ਵਿਚ ਹੀ ਛੱਡ ਕੇ ਭੱਜਣਾ ਪਿਆ। ਹੁਣ ਰੂਸ ਬਹੁਤ ਹੀ ਵਿਕਟ ਸਥਿਤੀ ’ਚ ਫਸਿਆ ਹੋਇਆ ਹੈ। ਖ਼ਦਸ਼ਾ ਹੈ ਕਿ ਸ਼ਾਇਦ ਯੁੱਧ ਨੂੰ ਜਲਦੀ ਖ਼ਤਮ ਕਰਨ ਦੀ ਸਨਕ ’ਚ ਪੁਤਿਨ ਐਟਮੀ ਤੇ ਕੈਮੀਕਲ ਹਥਿਆਰ ਵਰਤਣ ਦੀ ਗ਼ਲਤੀ ਨਾ ਕਰ ਬੈਠੇ।