ਅੰਧ ਵਿਸ਼ਵਾਸ਼ਾਂ ਵਿੱਚ ਘਿਰੀ ਦੁਨੀਆਂ
ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਨਾਲ ਜਿੰਨਾ ਮਨੁੱਖ ਨੇ ਬੌਧਿਕ ਪੱਧਰ ਤੇ ਪ੍ਰਪੱਕ ਅਤੇ ਸਥਿਰ ਹੋਣਾ ਸੀ ਉਹਨਾਂ ਉਹ ਇਸ ਵਿੱਚ ਅਸਫ਼ਲ ਰਿਹਾ ਹੈ। ਘਟਨਾਵਾਂ ਪਿੱਛੇ ਛਿਪੇ ਗਹਿਰੇ ਰਾਜ਼ ਨੂੰ ਲੱਭਣ ਦੀ ਬਜਾਏ ਉਸ ਨੇ ਚਿੰਤਨ ਕਰਨ ਦਾ ਰਾਹ ਤਿਆਗਦੇ ਹੋਏ ਉਹਨਾਂ ਨੂੰ ਬਿਨਾਂ ਸੋਚੇ ਸਮਝੇ ਉਹਨਾਂ ਨੂੰ ਅਪਣਾਉਂਦਾ ਹੋਇਆ ਅੰਧ ਵਿਸ਼ਵਾਸ਼ਾਂ ਦੀ ਦੁਨੀਆਂ ਵਿੱਚ ਦਾਖਿਲ ਹੋ ਗਿਆ ਹੈ ਜਿੱਥੋਂ ਉਸਦਾ ਨਿਕਲਣਾ ਔਖਾ ਜਾਪਦਾ ਹੈ।ਹਰ ਰੋਜ਼ ਸਾਡੇ ਆਲੇ-ਦੁਆਲੇ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਅੰਧ ਵਿਸ਼ਵਾਸ਼ ਦੀ ਭੇਂਟ ਚੜ੍ਹਦੀਆਂ ਹੋਈਆਂ ਸਮਾਜਿਕ ਬੌਧਿਕਤਾ ਅਤੇ ਚਿੰਤਨ ਕਰਨ ਦੀ ਸ਼ਕਤੀ ਨੂੰ ਖੋਖਲਾ ਕਰਨ ਲਈ ਜ਼ਿੰਮੇਵਾਰ ਹਨ। ਇਸੇ ਦੀ ਹੀ ਇੱਕ ਤਾਜ਼ਾ ਘਟਨਾ ਦਿੱਲੀ ਵਿੱਚ ਇੱਕ ਛੇ ਸਾਲ ਦੇ ਬੱਚੇ ਦੀ ਹੱਤਿਆ ਦੀ ਹੈ ਜ਼ੋ ਅੰਧ ਵਿਸ਼ਵਾਸ ਦੀ ਭੇਂਟ ਚੜ੍ਹ ਗਿਆ ਹੈ।ਕਤਲ ਕਰਨ ਵਾਲਿਆਂ ਨੇ ਆਪਣੀ ਖੁਸ਼ਹਾਲੀ ਲਈ ਬਲੀ ਦੇ ਰੂਪ ਵਿੱਚ ਇਸ ਬੱਚੇ ਦੀ ਹੱਤਿਆ ਕਰ ਦਿੱਤੀ।ਇਹ ਸ਼ਰਮਨਾਕ ਘਟਨਾ ਮਨੁੱਖ ਦੀ ਕੋਝੀ ਮਾਨਸਿਕਤਾ ਅਤੇ ਬੌਧਿਕਤਾ ਪੱਧਰ ਵਿੱਚ ਆਏ ਨਿਘਾਰ ਦੀ ਨਿਸ਼ਾਨੀ ਹੈ। ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹਨ ਜ਼ੋ ਹਰ ਰੋਜ਼ ਕਿਸੇ ਨਾ ਕਿਸੇ ਗਲੀ, ਮੁਹੱਲੇ ਦਾ ਚੁਰਾਹੇ ਤੇ ਵਾਪਰਦੀਆਂ ਹਨ, ਸਾਨੂੰ ਇਸ ਦਾ ਸੇਕ ਇਸ ਲਈ ਨਹੀਂ ਲੱਗਦਾ ਕਿਉਂਕਿ ਇਹ ਸਾਡੇ ਆਪਣਿਆਂ ਨਾਲ ਨਹੀਂ ਵਾਪਰਦੀਆਂ,ਸਾਡੇ ਲਈ ਸਿਰਫ ਇਹ ਇੱਕ ਅਖ਼ਬਾਰ ਜਾਂ ਟੀ ਵੀ ਦੀ ਖ਼ਬਰ ਹੋ ਨਿੱਬੜਦੀ ਹੈ।ਪਰ ਹਰ ਰੋਜ਼ ਵਾਪਰਦੀਆਂ ਅਜਿਹੀਆਂ ਘਟਨਾਵਾਂ ਸਮਾਜ, ਭਾਈਚਾਰੇ ਅਤੇ ਆਪਸੀ ਰਿਸ਼ਤਿਆਂ ਵਿੱਚ ਕੁੜੱਤਣ ਨੂੰ ਖ਼ਤਮ ਕਰਨ ਦੀ ਬਜਾਏ ਹੋਰ ਵਧਾ ਦਿੰਦੀਆਂ ਹਨ ਜਿਸ ਨਾਲ ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ।
ਮਨੁੱਖ ਦਾ ਅੰਧ ਵਿਸ਼ਵਾਸ ਨਾਲ ਜੁੜਿਆ ਹੋਣਾ ਕੋਈ ਨਵੀਂ ਗੱਲ ਨਹੀਂ,ਉਹ ਪੁਰਾਣੇ ਸਮੇਂ ਤੋਂ ਹੀ ਅੰਧ ਵਿਸ਼ਵਾਸ਼ ਨਾਲ ਜੁੜਿਆ ਹੋਇਆ ਹੈ।ਲੋੜ ਹੈ ਵਿਗਿਆਨ ਸੋਚ ਨੂੰ ਹੋਰ ਵਿਕਸਤ ਕਰਨ ਦੀ ਤਾਂ ਜ਼ੋ ਅੰਧ ਵਿਸ਼ਵਾਸ ਦੇ ਹਨੇਰੇ ਨੂੰ ਦੂਰ ਭਜਾਉਂਦੇ ਹੋਏ ਗਿਆਨ ਦੀ ਜੋਤ ਜਗ੍ਹਾ ਸਕੀਏ।