ਉਸਨੇ ਆਪਣੀ ਬੇਟੀ ਹਰਲੀਨ ਨੂੰ ਆਪਣੇ ਹੀ ਕਾਲਜ ਵਿਚ ਦਾਖਲਾ ਦਿਵਾਇਆ ਸੀ। ਕਾਵਿ-ਲੇਖਣ, ਕਾਵਿ-ਉਚਾਰਣ, ਭਾਸ਼ਣ ਤੇ ਵਾਦ-ਵਿਵਾਦ ਪ੍ਰਤੀਯੋਗਤਾਵਾਂ ਵਿਚ ਕੁੜੀ ਬੜੇ ਚਾਅ ਨਾਲ ਭਾਗ ਲੈਂਦੀ। ਲਿਹਾਜ਼ਾ ਉਹ ਪੰਜਾਬ ਯੂਨੀਵਰਸਿਟੀ ਦੀ ਬੈਸਟ ਬੁਲਾਰਾ ਵੀ ਚੁਣੀ ਜਾਂਦੀ ਰਹੀ। ਇਕ ਵਾਰ ਹਰਲੀਨ ਨੇ “ਪਰਮਜੀਤ ਕੌਰ ਸਰਹਿੰਦ ਜੀ” ਦੀ ਕਵਿਤਾ “ਔਰਤ” ਚੁਣੀ ਤੇ ਤਕਰੀਬਨ ਹਰ ਪ੍ਰਤੀਯੋਗਤਾ ਵਿਚ ਉਹ ਪਹਿਲੇ ਜਾਂ ਦੂਜੇ ਨੰਬਰ ‘ਤੇ ਆਉਂਦੀ ਰਹੀ। ਜਦ ਇਸੇ ਕਵਿਤਾ ਨੂੰ ਹਰਲੀਨ ਨੇ ਇਕ ਓਸ ਕਾਲਜ ਦੀ ਕਾਵਿ- ਉਚਾਰਣ ਪ੍ਰਤੀਯੋਗਤਾ ਵਿਚ ਬੋਲਿਆ ਜਿੱਥੇ ਪੰਜਾਬੀ ਦਾ ਇਕ ਉੱਘਾ ਸ਼ਾਇਰ ਜੱਜ ਵਜੋਂ ਸੁਸ਼ੋਭਿਤ ਸੀ ਤਾਂ ਓਥੇ ਉਹਦੀ ਕਵਿਤਾ ਨੂੰ ਹੌਸਲਾ ਵਧਾਊ ਇਨਾਮ ਵੀ ਨਾ ਮਿਲ ਸਕਿਆ। ਮਾਂ ਬੇਟੀ ਦੋਹਾਂ ਨੇ ਓਸ ਜੱਜ ਨੂੰ ਪੁੱਛ ਲਿਆ ਕਿ ਕਵਿਤਾ ਜਾਂ ਉਚਾਰਣ ਕਿੱਥੇ ਕੀ ਨੁਕਸ ਰਹਿ ਗਿਆ ਸੀ ਕਿ ਇਸਨੂੰ ਵਿਚਾਰਿਆ ਹੀ ਨਹੀਂ ਗਿਆ? ਉੱਤਰ ਮਿਲਿਆ,”ਸ਼ਾਮੀਂ ਬੇਟੀ ਨੂੰ ਲੈ ਕੇ ਘਰ ਆਇਓ! ਫੇਰ ਦੱਸੂੰਗਾ।” ਚੰਗੀ ਜਾਣ-ਪਛਾਣ ਹੋਣ ਕਾਰਨ ਦੋਵੇਂ ਮਾਂ-ਧੀ ਬੇਝਿਜਕ ਉਹਦੇ ਘਰ ਜਾ ਪੁੱਜੀਆਂ। ਚਾਹ ਪਾਣੀ ਪੀਣ ਤੋਂ ਬਾਅਦ ਮਾਂ ਨੇ ਪੁੱਛਿਆ,” ਹਾਂ ਵੀਰ ਜੀ ! ਹੁਣ ਸਾਰੀ ਕਮੀ ਪੇਸ਼ੀ ਸਮਝਾਓ!” ਉੱਤਰ ਮਿਲਿਆ, “ਪਤਾ ਨਹੀਂ ਉਹ ਕਿਸ ਕੱਚ-ਘਰੜ ਕਵੀ ਦੀ ਕਵਿਤਾ ਸੀ?” ਮਾਂ ਨੇ ਦੱਸਿਆ ਕਿ “ਉਹ ਕਵਿਤਾ ਤਾਂ ਫਲਾਂ ਕਵਿਤਰੀ ਦੀ ਲਿਖੀ ਹੋਈ ਹੈ ਤੇ ਉਹ ਕੋਈ ਕੱਚ-ਘਰੜ ਨਹੀਂ!” ਜੁਆਬ ਮਿਲਿਆ, “ਉੱਘੀ ਵੀ ਤਾਂ ਨਹੀਂ! ਆਹ ਲਓ ਮੇਰੀਆਂ ਇਹ ਕਿਤਾਬਾਂ! ਇਹਨਾਂ ਵਿਚੋਂ ਬੁਲਵਾਇਆ ਕਰੋ ਕਵਿਤਾ!” ਮਾਂ-ਧੀ ਕਿਤਾਬਾਂ ਫੜ ਘਰ ਨੂੰ ਆ ਗਈਆਂ। ਪਤਾ ਲੱਗ ਚੁੱਕਾ ਸੀ ਕਿ ਨੁਕਸ ਕੀ ਸੀ ?