Home » ਤੀਜਾ ਘਲੂਘਾਰਾ ਤੇ ਬਹੁਜਨ ਸਮਾਜ ਪਾਰਟੀ

ਤੀਜਾ ਘਲੂਘਾਰਾ ਤੇ ਬਹੁਜਨ ਸਮਾਜ ਪਾਰਟੀ

by Rakha Prabh
40 views
  ਫਿਰੋਜਪੁਰ  ਫਾਜ਼ਿਲਕਾ ਸੜਕ ‘ਤੇ ਫਿਰੋਜ਼ਪੁਰ ਤੋਂ 22 ਕੁ ਕਿਲੋਮੀਟਰ ਦੂਰ ਜੀ. ਟੀ. ਰੋਡ ‘ਤੇ ਸਥਿਤ ਐ ਪਿੰਡ ਲੱਖੋ ਕੇ ਬਹਿਰਾਮ। ਇਸ ਪਿੰਡ ਵਿੱਚ ਜਿਆਦਾ ਤਾਦਾਦ ਮਜਬ੍ਹੀ ਸਿੱਖਾਂ ਦੀ ਰਹੀ ਹੈ। ਜੋ ਬਾਰੀਏ ਫੌਜੀ ਸਰਦਾਰਾਂ ਦੇ ਪਿੰਡ ਵਜੋਂ ਪ੍ਰਸਿੱਧ ਸੀ। ਇਸ ਪਿੰਡ ਦਾ ਝੁਕਾਅ ਵੀ ਜਿਆਦਾਤਰ ਕਾਂਗਰਸ ਪੱਖੀ ਰਿਹਾ ਐ। ਸਰਦਾਰ ਬੂਟਾ ਸਿੰਘ ਕੇਂਦਰੀ ਕੈਬਨਿਟ ਮੰਤਰੀ ਦੇ ਚੜ੍ਹਤ ਦੇ ਦਿਨੀਂ ਇਥੋਂ ਦੇ ਕਈ ਵਿਅਕਤੀ ਉਹਨੂੰ ਆਪਣਾ ਰਿਸ਼ਤੇਦਾਰ ਦੱਸਦੇ ਸਨ। ਇਥੋਂ ਦੇ  ਮੁਖਤਿਆਰ ਸਿੰਘ ਗਿੱਲ ਖੁਰਾਕ ਤੇ ਸਪਲਾਈਜ਼ ਵਿਭਾਗ ਵਿਚ ਸਬ ਇੰਸਪੈਕਟਰ ਮੇਰੇ ਮਿੱਤਰ ਸਨ। ਉਹਨੇ ਮੈਨੂੰ ਆਪਣੇ ਪੁੱਤਰ ਦੇ ਜਨਮ ਦਿਨ ਤੇ ਬੁਲਾ ਲਿਆ। ਮੇਰੇ ਤੇ ਮਿਸ਼ਨ ਦਾ ਗੂੜ੍ਹਾ ਰੰਗ ਚੜ੍ਹ ਚੁੱਕਾ ਸੀ।  ਕੱਚੀ ਸ਼ਰਾਬ ਵਾਂਗ ਉੱਭਰਦੇ ਵਲਵਲੇ ਉਂਝ ਵੀ ਟਿਕਕੇ ਨਹੀਂ  ਬਹਿਣ ਦਿੰਦੇ ਸਨ। ਮਿਸ਼ਨ ਦੀ ਪੁੱਠ ਜਨੂੰਨ ਦੀ ਹੱਦ ਤਕ ਚੜ੍ਹ ਚੁੱਕੀ ਸੀ। ਹਰ ਥਾਂ ਆਨੇ ਬਹਾਨੇ ਕਾਂਸ਼ੀ ਰਾਮ ਲਹਿਰ ਦੀ ਗੱਲ ਸ਼ੁਰੂ ਕਰ ਲਈ ਜਾਂਦੀ ਸੀ। ਉਥੇ ਵੀ ਕੁਝ ਕੁ ਸਾਥੀਆਂ ਨਾਲ ਗੱਲ ਤੋਰ ਲਈ ਉਨ੍ਹਾਂ ਦੇ ਚੰਗੀ ਦਿਲਚਸਪੀ ਦਿਖਾਉਣ ਤੇ ਦੁਬਾਰਾ ਮੀਟਿੰਗ ਰੱਖ ਲਈ ਗਈ। ਫਿਰ ਸਰਦਾਰ ਕਰਨੈਲ ਸਿੰਘ ਸਰਪੰਚ ਦੀ ਹਵੇਲੀ ਦੇ ਖੁਲ੍ਹੇ ਅੰਙਣ ਵਿਚ   60 -70 ਆਦਮੀਆਂ ਦੀ ਪ੍ਰਭਾਵਸ਼ਾਲੀ ਮੀਟਿੰਗ ਹੋਈ। 20 ਕੁ ਚਾਰਟਾਂ ਤੇ ਉੱਕਰੇ ਅੰਕੜਿਆਂ ਦੇ ਸਹਾਰੇ ਮੈਂ ਚਾਰ ਘੰਟੇ ਦੇ ਕਰੀਬ ਨਵੇਂ ਮਿਸ਼ਨ ਬਾਰੇ ਨਵੀਂ ਲਹਿਰ ਬਾਰੇ ਜਾਣਕਾਰੀ ਸਾਂਝੀ ਕੀਤੀ। ਜਿਸ ਦੇ ਨਤੀਜੇ ਵਜੋਂ ਉਸ ਦਿਨ ਹੀ ਪਿੰਡ ਵਿੱਚ ਡੀ. ਐਸ. ਫੋਰ ਦੀ ਇਕਾਈ ਸਥਾਪਤ  ਕਰ ਦਿੱਤੀ ਗਈ। ਸਾਰਿਆਂ ਦੀ ਸਹਿਮਤੀ ਨਾਲ ਸਰਦਾਰ ਬਲਦੀਪ ਸਿੰਘ ਨੂੰ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ।
  9 ਮਾਰਚ 1984 ਨੂੰ ਦਿੱਲੀ ਲਈ ਰਵਾਨਾ ਹੋਈ ਸਾਈਕਲ ਰੈਲੀ ਵਿਚ ਇਸ ਇਕਾਈ ਦੇ ਬਲਦੀਪ ਸਿੰਘ ਤੋਂ ਇਲਾਵਾ ਰਾਮ ਸਿੰਘ,  ਬਲਦੇਵ ਸਿੰਘ ,ਬਾਬਾ ਮੱਘਰ ਸਿੰਘ ਨਿਹੰਗ ਤੇ ਜਗਜੀਤ ਸਿੰਘ ਵੱਲੋਂ ਸ਼ਮੂਲੀਅਤ ਕੀਤੀ ਗਈ। ਇਉਂ ਇਹ ਪਿੰਡ ਮੇਰੀਆਂ ਮਿਸ਼ਨਰੀ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਸੀ ਤੇ ਆਲੇ ਦੁਆਲੇ ਪਿੰਡਾਂ  ਵਿਚ ਏਥੋਂ ਦੇ ਬਾਰਸੂਖ ਆਦਮੀਆਂ ਨੇ ਇਕਾਈਆਂ ਸਥਾਪਤ ਕਰਨ ਦੀ ਜਿੰਮੇਵਾਰੀ ਸੰਭਾਲ ਲਈ ਸੀ।
      14 ਅਪਰੈਲ 1984 ਨੂੰ ਮੁਕਤਸਰ ਚ ਕੀਤੇ ਗਏ ਬਾਬਾ ਸਾਹਿਬ  ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੈਅੰਤੀ  ਸਮਾਰੋਹ ਵਿੱਚ ਵੀ  45-50 ਲੋਕ ਪੂਰੇ ਜੋਸ਼ ਤੇ ਉਤਸ਼ਾਹ ਨਾਲ ਹਾਜ਼ਰ ਹੋਏ ਸਨ। ਉਸ ਦਿਨ ਹੀ ਦਿੱਲੀ ਲਾਲ ਕਿਲੇ ਵਾਲੇ ਮੈਦਾਨ ਵਿਚ ਹੋਏ ਜੈਅੰਤੀ ਸਮਾਰੋਹ ਸਮੇਂ ਬਹੁਜਨ ਸਮਾਜ ਪਾਰਟੀ ਦਾ ਆਗਾਜ਼ ਹੋਇਆ ਸੀ।।
  1 ਜੂਨ 1984 ਨੂੰ  ਲੱਖੋ ਕੇ ਦੇ ਨੇੜਲੇ ਪਿੰਡਾਂ ਝੋਕ ਮੋਹੜੇ, ਝੋਕ ਟਹਿਲ ਸਿੰਘ ਵਾਲਾ,  ਡੋਡ, ਮਿਸਰੀ ਵਾਲਾ ਆਦਿ ਪਿੰਡਾਂ ਵਿੱਚ ਮੇਰੇ  ਵਲੋਂ ਬਹੁਜਨ ਸਮਾਜ ਪਾਰਟੀ ਦੀਆਂ ਇਕਾਈਆਂ ਕਾਇਮ ਕਰਨ ਲਈ ਮੀਟਿੰਗਾਂ ਰੱਖੀਆਂ ਗਈਆਂ ਸਨ। ਮੈਂ ਸੁਵੱਖਤੇ ਹੀ ਬੱਸ ਰਾਹੀਂ ਫਿਰੋਜ਼ਪੁਰ ਤੋਂ ਲੱਖੋ ਕੇ ਪੁੱਜ ਗਿਆ ਤੇ ਅੱਗੇ ਚਾਰ ਪੰਜ ਸਾਈਕਲਾਂ ‘ਤੇ  ਸਵਾਰ ਹੋਕੇ ਅਸੀਂ ਪਿੰਡਾਂ ਨੂੰ ਨਿਕਲ ਪਏ। ਸਾਈਕਲ ਉਸ ਵਕਤ ਸੱਭ ਤੋਂ ਮਨਾਉਂਦਾ, ਸਸਤਾ ਤੇ ਆਮ ਲੋਕਾਂ ਦਾ ਸਾਧਨ  ਹੋਇਆ ਕਰਦਾ ਸੀ। ਮੀਟਿੰਗਾਂ ਤੋਂ ਬਾਅਦ ਡੋਡ ਸਟੇਸ਼ਨ ਤੋਂ ਰੇਲ ਗੱਡੀ ਰਾਹੀਂ ਮੇਰਾ ਫਿਰੋਜ਼ਪੁਰ ਘਰ ਵਾਪਸੀ ਦਾ ਪ੍ਰੋਗਰਾਮ ਸੀ। ਅਸੀਂ ਸਟੇਸ਼ਨ ਤੇ ਰੇਲ ਗੱਡੀ ਦੀ ਉਡੀਕ ਵਿਚ ਖੜ੍ਹੇ ਸਾਂ ਪਰ ਜੋ ਸਵਾਰੀ ਗੱਡੀ ਆਈ ਉਹ ਬਿਨਾਂ ਰੁਕੇ ਤੇਜੀ ਨਾਲ ਨਿਕਲ ਗਈ। ਸਟੇਸ਼ਨ  ਮਾਸਟਰ ਨੇ ਦਸਿਆ ਕਿ ਹੁਣ ਗਡੀਆਂ ਦੀ ਆਵਾਜਾਈ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤੀ ਗਈ ਹੈ। ਮਾਯੂਸ ਜਿਹਾ ਹੋ ਕੇ ਮੈਂ ਵੀ ਵਾਪਸ ਲੱਖੋ ਕੇ ਜਸਵੰਤ ਸਿੰਘ ਦੇ ਘਰ ਹੀ ਰੁਕ ਗਿਆ। ਰਾਤ ਨੂੰ ਰੇਡੀਓ ਤੇ ਖ਼ਬਰ ਆ ਗਈ  ਕਿ  ਦਰਬਾਰ ਸਾਹਿਬ ਅੰਮ੍ਰਿਤਸਰ ਨੂੰ  ਕੇਂਦਰੀ ਸੁਰੱਖਿਆ ਬਲਾਂ ਅਤੇ ਫੌਜ ਨੇ ਘੇਰੇ ਵਿੱਚ ਲੈ ਲਿਆ ਹੈ। ਸਾਰੇ ਪੰਜਾਬ ਚ ਅਣਮਿੱਥੇ ਸਮੇਂ ਲਈ  ਕਰਫਿਊ ਲਗਾ ਦਿੱਤਾ ਗਿਆ ਹੈ। ਪੂਰਾ ਪੰਜਾਬ ਫੌਜੀ ਜ਼ਾਬਤੇ ਹੇਠ ਹੈ। ਆਵਾਜਾਈ ਤੇ ਸੰਚਾਰ ਦੇ ਸਾਧਨ ਜਾਮ ਕਰ ਦਿੱਤੇ  ਗਏ ਹਨ। ਘਰ ਬਲਵੰਤ ਮੀਟ ਮਾਰਕੀਟ  ਫਿਰੋਜ਼ਪੁਰ ਛਾਉਣੀ ਵਾਲੇ ਕਿਰਾਏ ਦੇ ਮਕਾਨ ਵਿੱਚ ਤਿੰਨ ਮਾਸੂਮ ਬੱਚਿਆਂ ਨਾਲ ਘਿਰ ਚੁੱਕੀ ਸੀ ਤੇ ਇਧਰ ਮੈਂ ਆਪ ਅਣਦੱਸੀ ਥਾਂ ਤੇ ਫਸ ਗਿਆ ਸਾਂ। ਪਰ ਬੇਬਸੀ ਤੇ ਲਾਚਾਰੀ ਸੀ।  ਹਾਲਾਤ ਹੀ ਐਸੇ ਸਨ, ਕੁਝ ਨਹੀਂ ਕੀਤਾ ਜਾ ਸਕਦਾ ਸੀ । ਹਰ ਪਾਸੇ ਖੌਫ, ਦਹਿਸ਼ਤ ਤੇ ਬੇਵਿਸਾਹੀ ਦਾ ਆਲਮ ਸੀ। ਕਿਹੜੇ ਵੇਲੇ ਕੀ ਹੋ ਜਾਣਾ ਹੈ ਕੋਈ ਨਹੀਂ ਜਾਣਦਾ ਸੀ। ਪੰਜਾਬ ਪੂਰੀ ਤਰ੍ਹਾਂ ਦੁਨੀਆਂ ਨਾਲੋਂ ਅਲੱਗ ਥਲੱਗ ਕੀਤਾ ਜਾ ਚੁੱਕਾ ਸੀ। ਜਲੰਧਰ ਰੇਡੀਓ ਤੋਂ ਕੇਵਲ ਸਰਕਾਰੀ ਖਬਰਾਂ ਈ ਪੁਣ ਛਾਣ ਕੇ ਨਸ਼ਰ ਕੀਤੀਆਂ ਜਾਂਦੀਆਂ ਸਨ।  ਕਦੇ ਕਦੇ ਰੇਡੀਓ ਬੀ .ਬੀ. ਸੀ. ਲੰਡਨ ਮਿਲ ਜਾਂਦਾ ਸੀ। ਸਾਰਾ ਪੰਜਾਬ  ਫੌਜੀ ਛਾਉਣੀ ਵਿਚ ਤਬਦੀਲ ਹੋ ਗਿਆ ਸੀ। 6 ਲੱਖ ਤੋਂ ਵਧੇਰੇ ਫੌਜ ਲਗਾਈ ਗਈ ਸੀ। 3 ਜੂਨ ਨੂੰ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਸੀ। ਫਿਰ ਪਤਾ ਲੱਗਾ ਕਿ ਫੌਜ ਦੇ ਭਾਰੀ ਜਾਨੀ ਮਾਲੀ  ਨੁਕਸਾਨ ਤੋਂ ਬਾਅਦ 6 ਜੂਨ ਨੂੰ ਹਵਾਈ ਜਹਾਜ਼ਾਂ ਦੀ ਨਿਗਰਾਨੀ ਹੇਠ ਟੈਂਕਾਂ ਤੇ ਤੋਪ ਗੋਲਿਆਂ ਰਾਹੀਂ  ਅਕਾਲ ਤਖਤ ਸਾਹਿਬ ਨੂੰ ਛਲਣੀ  ਛਲਣੀ ਕਰ ਦਿੱਤਾ ਗਿਆ ਐ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ  ਸਮੇਤ ਭਾਈ ਅਮਰੀਕ ਸਿੰਘ  ਤੇ ਜਰਨਲ  ਸੁਬੇਗ ਸਿੰਘ  ਸ਼ਹੀਦ   ਕੀਤੇ ਜਾ ਚੁੱਕੇ ਹਨ। ਅਕਾਲ ਦਾ ਜਥੇਦਾਰ ਕਿਰਪਾਲ ਸਿੰਘ ਫੌਜੀ ਦਬਾਅ ਹੇਠ “ਕੋਠਾ ਸਾਹਿਬ ਸਹੀ ਸਲਾਮਤ ਐ” ਵਰਗੇ ਬੇ -ਤੁਕੇ ਬਿਆਨ ਦਾਗ ਕੇ ਸਿਖ ਹਿਰਦਿਆਂ  ਨੂੰ ਸ਼ਾਂਤ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਸੀ। ਸਾਰੇ ਦਰਬਾਰ ਸਾਹਿਬ ਕੰਪਲੈਕਸ ‘ਤੇ ਫੌਜ ਨੇ  ਕਬਜ਼ਾ ਜਮਾ ਲਿਆ ਸੀ।
8 ਜੂਨ ਨੂੰ ਕਰਫਿਊ ਵਿਚ ਢਿੱਲ ਮਿਲਣ ਦੀ ਖਬਰ ਮਿਲੀ, ਮੈਂ ਘਰ ਜਾਕੇ ਬੱਚਿਆਂ ਦੀ ਖਬਰ ਸਾਰ ਲੈਣ ਲਈ ਉਤਾਵਲਾ ਸੀ। ਪਰ ਆਵਾਜਾਈ ਦੇ ਸਾਧਨ ਤਾਂ ਠੱਪ ਸਨ। ਅਖੀਰ ਮੈਂ ਸਾਈਕਲ ਰਾਹੀਂ ਹੀ ਫਿਰੋਜ਼ਪੁਰ ਪੁੱਜਣ ਦੀ ਠਾਣ ਲਈ। ਪਿੰਡ ਵਾਲਿਆਂ ਸਰੇ ਸੱਜਣਾਂ ਵੱਲੋਂ ਮੈਨੂੰ ਇਕੱਲਿਆਂ ਭੇਜਣਾ ਮੁਨਾਸਿਬ ਨਾ ਸਮਝਿਆ ਗਿਆ ਤੇ ਬਲਦੀਪ ਨੂੰ  ਮੇਰੇ ਨਾਲ ਜਾਣ ਲਈ ਰਜ਼ਾਮੰਦ ਕਰਕੇ ਭੇਜ ਦਿੱਤਾ ਗਿਆ। ਅਸੀਂ ਜੀ ਟੀ ਰੋਡ ਦੇ ਬਜਾਏ ਪਿੰਡਾਂ ਵਿੱਚੋਂ ਦੀ ਪਗਡੰਡੀਆਂ ਤੇ ਉੱਬੜ ਖੁੱਬੜ ਰਸਤਿਆਂ ‘ਤੇ ਚਲਣਾ ਠੀਕ ਸਮਝਿਆ ਸਗੋਂ ਅਜਿਹਾ ਕਰਨਾ ਹੋਰ ਵੀ ਖਤਰਾ ਮੁੱਲ ਲੈਣ ਵਾਲ਼ੀ ਗੱਲ ਸੀ। ਅਸੀਂ ਬਚਦੇ ਬਚਾਉਂਦੇ ਨੌਰੰਗ ਕੇ ਸਿਆਲ ਪਿੰਡ ਰਾਹੀਂ ਫੌਜੀ ਏਰੀਏ ‘ਚ ਦਾਖਲ ਈ ਹੋਏ ਸੀ ਕਿ– “ਹੈਂਡਜ ਅਪ” ਦੀ ਕੜਕਵੀਂ ਆਵਾਜ਼  ਸੁਣਕੇ ਅਸੀਂ ਠਠੰਬਰ ਗਏ।  ਕਾਹਲੀ ਕਾਹਲੀ ਸਾਈਕਲ ਸਟੈਂਡ ‘ਤੇ ਲਾਕੇ ਹੱਥ ਖੜ੍ਹੇ ਕਰਕੇ ਅਸੀਂ  ਥਾਏਂ ਖੜੋ ਗਏ। ਦੇਖਦਿਆਂ ਹੀ ਦੇਖਦਿਆਂ ਕਿੰਨੀਆਂ ਈ ਸੰਗੀਨਾਂ ਸਾਡੇ ਦੁਆਲੇ ਤੈਨਾਤ ਸਨ। ਦੋ ਦੋ ਫੌਜੀ ਜਵਾਨਾਂ ਨੇ ਖੜੇ ਹੱਥਾਂ ਤੋਂ ਹੀ ਸਾਡੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਪਰ ਸਾਡੇ ਕੋਲੋਂ ਕੀ ਲੱਭਣਾ ਸੀ ਅਸੀਂ ਕਿਹੜਾ ਦਹਿਸ਼ਤ ਗਰਦ ਜਾਂ ਅਸਮਾਜਿਕ  ਕਾਰਕੁਨ ਸੀ।
  “ਸਰਚ ਅਗੇਨ” – ਉਹਨਾਂ ਦੇ ਅਫਸਰ ਦਾ ਹੁਕਮ ਸੀ।
    ਪਰ ਉਹਨਾਂ ਦੀ ਨਜ਼ਰ ਚ ਮੇਰੀ ਖੁਲ੍ਹੀ ਦਾੜੀ, ਨੀਲੀ ਦਸਤਾਰ, ਗਾਤਰੇ ਪਾਈ ਕਿਰਪਾਨ ਤੇ ਜਵਾਨ ਅਵਸਥਾ ਮੇਰੇ ਖਾੜਕੂ ਜਾ ਦਹਿਸ਼ਤ ਗਰਦ ਹੋਣ ਦੀ ਸ਼ਾਹਦੀ ਭਰਦੇ ਸਨ। ਫਿਰ ਹੋਰ ਬਰੀਕੀ ਨਾਲ ਸਾਡੀ ਟੋਹਾ ਟਾਹੀ ਸ਼ੁਰੂ ਹੋ ਗਈ। ਪਰ ਫਿਰ ਖਾਲਮ ਖਾਲੀ ਹੱਥ।  ਸਾਡੇ ਸਾਈਕਲ ਨੂੰ ਉਲਟਾ ਪੁਲਟਾ ਕੇ ਵੇਖਿਆ ਜਾ ਰਿਹਾ ਸੀ। ਸਾਨੂੰ  ਅਲੱਗ ਅਲੱਗ ਕਰ ਲਿਆ ਗਿਆ। ਪੁੱਛ ਗਿੱਛ ਸ਼ੁਰੂ ਹੋ ਗਈ। ਜਿਵੇਂ ਹੋਈ ਬੀਤੀ ਸੀ ਮੈਂ ਕਹਿ ਸੁਣਾਈ। ਮੈਂ ਪੰਜਾਬ ਸਰਕਾਰ ਦਾ ਮੁਲਾਜ਼ਮ ਹਾਂ ਤੇ ਅਸੀਂ ਬਾਬਾ ਸਾਹਿਬ ਡਾ.ਅੰਬੇਡਕਰ ਦੇ ਅਨੁਆਈਂ  ਹਾਂ – ਮੈਂ ਦੱਸਿਆ। ਮੈਂ ਉਹਨਾਂ ਦੇ ਅਫ਼ਸਰ ਨੂੰ ਆਪਣਾ ਸ਼ਨਾਖਤੀ ਕਾਰਡ ਦਿਖਾਇਆ। ਜੋ ਉਸਨੇ ਆਪਣੇ ਕਬਜੇ ਚ ਰੱਖ ਲਿਆ। ਉਹ ਅਫਸਰ ਸਾਨੂੰ ਘੋਖਵੀਆਂ, ਪਾੜ ਖਾਣੀਆਂ ਤੇ ਸ਼ੱਕੀ ਨਜ਼ਰਾਂ ਨਾਲ ਘੂਰਦਾ ਰਿਹਾ।
  “ਗਾੜੀ ਮੇਂ ਬਿਠਾਓ ਇਨ ਕੋ” ਅਫ਼ਸਰ ਵੱਲੋਂ  ਹੋਰ ਹੁਕਮ ਚਾੜ੍ਹ ਦਿਤਾ ਗਿਆ। ਸੰਗੀਨਾਂ ਫਿਰ ਤਣ ਗਈਆਂ। ਅੱਗੇ ਲੱਗ ਕੇ ਤੁਰਨ ਤੋਂ ਬਿਨਾਂ ਹੁਣ ਹੋਰ ਕੋਈ ਚਾਰਾ ਨਹੀਂ ਸੀ।  ਸਾਡੀ ਜਾਨ ਮੁੱਠੀ ਵਿਚ ਸੀ। ਸਾਡੇ ਨਾਲ  ਉਸ ਵੇਲੇ ਕੁਝ ਵਾਪਰ ਸਕਦਾ ਸੀ। ਪਰ ਅਸੀਂ ਬੇਬਸ ਸੀ।ਅਜੇ ਕੁਝ ਕਦਮ ਹੀ ਤੁਰੇ ਸਾਂ ਕਿ ਅਫਸਰ ਦੀ ਰੋਅਬਦਾਰ ਆਵਾਜ਼  ਫਿਰ ਗਰਜੀ –
  “ਰੁਕੀਏ”
  ਅਸੀਂ ਥਾਏਂ ਰੁਕ ਗਏ। ਦਿਲ ਵਿਚ ਆ ਰਹੀ ਸੀ ਕਿ ਪਤਾ ਨਹੀਂ   ਅਗਲੇ ਪਲ ਕੀ ਹੋਣ ਵਾਲਾ ਹੈ।
  “ਲੀਜੀਏ ਅਪਨਾ ਸ਼ਨਾਖਤੀ ਕਾਰਡ ਸਾਈਕਲ ਉਠਾਏ ਔਰ ਜਾਈਏ”। ਪਤਾ ਨਹੀਂ ਉਸਦੇ ਮਨ ਵਿਚ ਰਹਿਮ, ਤਰਸ ਜਾਂ ਦਇਆ ਆ ਗਈ ਸੀ  ਜਾਂ ਮੇਰੀ ਸਚਾਈ ਤੇ ਯਕੀਨ ਆ ਗਿਆ ਸੀ ਜਾਂ ਕੁਝ ਹੋਰ…..
    ਅਸੀਂ  ਸਾਈਕਲ ਤੇ ਬੈਠ ਕੇ ਵੱਖ ਵੱਖ ਮੁਹੱਲਿਆਂ ਵਿੱਚੋਂ ਦੀ ਹੁੰਦੇ ਹੋਏ ਘਰ ਪੁੱਜ ਗਏ। ਬੱਚਿਆਂ ਨੂੰ ਪਿਆਰ ਕੀਤਾ। ਬਲਵੰਤ ਨੂੰ ਨਿੱਘੀ ਗਲਵਕੜੀ ਚ ਘੁੱਟਿਆ। ਸਾਡੇ ਬੁਲ੍ਹਾਂ ‘ਤੇ  ਸਹਿਮੀ ਸਹਿਮੀ ਮੁਸਕਾਣ ਤੇ ਅੱਖਾਂ ਵਿਚ ਪਰਲ ਵਗਦੇ ਅੱਥਰੂ ਸਨ।
ਬਲਵੰਤ ਨੇ ਮੈਨੂੰ ਦੱਸਿਆ ਕਿ ਵੱਡੇ ਅੰਮ੍ਰਿਤ ਪਾਲ ਨੂੰ  ਇਕ ਦਿਨ ਬਹੁਤ ਜ਼ੋਰਦਾਰ ਬੁਖਾਰ ਹੋ ਗਿਆ ਸੀ। ਕਰਫਿਊ ‘ਚ ਥੋੜ੍ਹੀ ਢਿੱਲ ਮਿਲਦਿਆਂ ਸਾਰ ਮੈਂ ਦਵਾਈ ਲੈਣ ਚਲੀ ਗਈ। ਡਾਕਟਰ ਨੇ ਦਲੀਆ ਦੇਣ ਨੂੰ  ਕਿਹਾ। ਖੁਲ੍ਹੀ ਦੁਕਾਨ ਤੇ ਮੈਂ ਬਾਣੀਏ ਤੋਂ ਦਲੀਆ ਮੰਗਿਆ ਪਰ ਉਹਨੇ ਬਚੇ ਦੇ ਸਿਰ ਤੇ ਜੂੜਾ ਵੇਖ ਕੇ ਮੈਨੂੰ ਦਲੀਆ ਦੇਣ ਤੋਂ ਇਨਕਾਰ ਕਰ ਦਿਤਾ। ਮੈਂ ਥੋੜ੍ਹਾ ਤਲਖ਼ੀ ਨਾਲ ਬੋਲੀ ਤਾਂ ਲੰਘ ਰਹੇ  ਫੌਜੀ ਜਵਾਨ ਰੁਕ ਗਏ ਅਤੇ ਪੁੱਛਣ ਲੱਗੇ-
  “ਕਿਆ ਬਾਤ ਹੈ ਮੈਮ”
  “ਮੇਰਾ ਬੱਚਾ ਬੀਮਾਰ ਹੈ ਭਾਈ ਸਾਹਿਬ ਅਰ ਯੇਹ ਦੁਕਾਨਦਾਰ ਇਸਕੇ ਪਾਸ ਹੋਨੇ ਕੇ  ਬਾਵਜੂਦ ਭੀ ਮੁਝੇ ਦਲੀਆ ਦੇਨੇ ਸੇ ਇਨਕਾਰ ਕਰ ਰਹਾ ਹੈ।” ਉਹਨਾਂ ਦੀ ਡਾਂਟ ਫਿਟਕਾਰ ਖਾਣ ਤੋਂ ਤੋਂ ਬਾਅਦ ਉਹਨੇ ਦਲੀਆ ਦੇ ਦਿੱਤਾ।
      ਭਾਈ ਬਲਵਿੰਦਰ ਸਿੰਘ ਖਾਲਸਾ ਨੂੰ ਮਿਲਣ ਲਈ ਤੀਬਰ ਤਾਂਘ ਹੋਈ ਜੋ ਫਿਰੋਜ਼ਪੁਰ ਛਾਉਣੀ ਖਾਲਸਾ ਗੁਰਦੁਆਰਾ ਸਾਹਿਬ ਦੇ ਲਾਗੇ  ਰਹਿੰਦੇ ਸਨ। ਅਸੀਂ ਰਲਕੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਦੇਖ ਰੇਖ ‘ਚ ਕਲਾਸਾਂ ਲਾਇਆ ਕਰਦੇ ਸੀ। ਅਸੀਂ ਸ਼ਾਮ ਨੂੰ ਉਹਨਾਂ ਦੇ ਘਰ ਵੱਲ ਚਲੇ ਗਏ। ਪਰ ਉਨ੍ਹਾਂ ਦੀ ਸਰਦਾਰਨੀ ਨੇ ਦੱਸਿਆ ਕਿ  ਬਿਲਕੁਲ ਠੀਕ ਠਾਕ ਹਨ ਪਰ ਇਸ ਵੇਲੇ ਉਹ ਘਰ ਨਹੀਂ ਹਨ।
   ਭੈਣ ਜੀ ਦਰਬਾਰ ਸਾਹਿਬ….  ਕਹਿੰਦਿਆਂ ਮੇਰਾ ਗੱਚ ਭਰ ਗਿਆ  ਤੇ ਮੇਰੀ ਭੁੱਬ ਨਿਕਲ ਗਈ ਤੇ ਉਹ ਵੀ ਪਰਲ ਪਰਲ ਹੰਝੂ ਬਰਸਾ ਰਹੇ  ਸਨ।
ਲਾਲ ਸਿੰਘ ਸੁਲਹਾਣੀ 9872155120

Related Articles

Leave a Comment