ਭਾਰਤ ਚੀਨ ਰਿਸ਼ਤਿਆਂ ਉਤੇ ਕਰੀਬ ਦੋ ਸਾਲਾਂ ਤੱਕ ਜੰਮੀ ਰਹੀ ਬਰਫ਼ ਨੇ ਹੁਣ ਪਿਘਲਣਾ ਸ਼ੁਰੂ ਕਰ ਦੇਣ ਨਾਲ ਵੱਖ ਵੱਖ ਸੰਕੇਤ ਮਿਲ ਰਹੇ ਹਨ। ਲੱਦਾਖ ਵਿਚ ਜੂਨ 2020 ਦੌਰਾਨ ਗਲਵਾਨ ਵਾਦੀ ਵਿਚ ਟਕਰਾਅ ਤੋਂ ਬਾਅਦ ਅਸਲ ਕੰਟਰੋਲ ਲਕੀਰ (ਐੱਲਏਸੀ) ਉਤੇ ਬਣਿਆ ਰਿਹਾ ਫ਼ੌਜੀ ਰੇੜਕਾ ਹੁਣ ਬੀਤੇ ਦੀ ਗੱਲ ਬਣਨ ਦੇ ਆਸਾਰ ਹਨ। ਇਉਂ 2022 ਵਿਚ ਏਸ਼ੀਆ ਦੇ ਇਨ੍ਹਾਂ ਦੋਵਾਂ ਵੱਡੇ ਮੁਲਕਾਂ ਦਰਮਿਆਨ ਤਾਲਮੇਲ ਦੇ ਨਵੇਂ ਬੂਹੇ ਖੁੱਲ੍ਹ ਸਕਦੇ ਹਨ। ਪਹਿਲਾਂ ਵਾਲੇ ਹਾਲ ਉਤੇ ਅੱਪੜਨ ਨੂੰ ਤਾਂ ਸਮਾਂ ਲੱਗੇਗਾ, ਤਾਂ ਵੀ ਜਿਹੜਾ ਘਟਨਾਕ੍ਰਮ ਵਾਪਰ ਰਿਹਾ ਹੈ, ਉਸ ਤੋਂ ਦੁਸ਼ਮਣੀ ਦੇ ਖ਼ਾਤਮੇ ਵੱਲ ਵਧਣ ਦੇ ਆਸਾਰ ਬਣ ਰਹੇ ਹਨ।
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੇ ਭਾਰਤ ਤੋਂ ਬਾਅਦ ਉਨ੍ਹਾਂ ਦੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਚੀਨ ਦਾ ਦੁਵੱਲਾ ਦੌਰਾ ਕਰਨਗੇ। ਬਿਨਾਂ ਸ਼ੱਕ ਮੰਤਰੀ ਪੱਧਰੀ ਫੇਰੀਆਂ ਦੀ ਬਹਾਲੀ ਦਾ ਮੁੱਖ ਮਕਸਦ ਇਸੇ ਸਾਲ ਹੋਣ ਵਾਲੇ ਬਰਿਕਸ ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੀਨ ਦੌਰੇ ਦਾ ਰਾਹ ਸਾਫ਼ ਕਰਨਾ ਹੈ। ਭਾਰਤੀ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਤੋਂ ਬਿਨਾਂ ਬਰਿਕਸ ਸਮਾਗਮ ਦਾ ਹੋਣਾ ਜਾਂ ਨਾ ਹੋਣਾ ਇਕ ਬਰਾਬਰ ਹੋਵੇਗਾ। ਦੂਜੇ ਪਾਸੇ ਐੱਲਏਸੀ ਉਤੇ ਬਣੇ ਦੁਵੱਲੇ ਤਣਾਅ ਕਾਫ਼ੀ ਹੱਦ ਤੱਕ ਘਟਾਉਣ ਤੋਂ ਬਿਨਾਂ ਮੋਦੀ ਵੱਲੋਂ ਚੀਨੀ ਸਦਰ ਸ਼ੀ ਜਿਨਪਿੰਗ ਨਾਲ ਆਹਮੋ-ਸਾਹਮਣੀ ਮੁਲਾਕਾਤ ਦੀ ਕੋਈ ਤੁਕ ਨਹੀਂ ਬਣਦੀ।
ਦੋਹਾਂ ਧਿਰਾਂ ਦਾ ਇੰਝ ਆਪਣੇ ਵਿਗੜੇ ਰਿਸ਼ਤਿਆਂ ਨੂੰ ਸੁਧਾਰਨ ਵਾਸਤੇ ਤਿਆਰ ਹੋ ਜਾਣ ਦਾ ਕਾਰਨ ਆਖ਼ਰ ਕੀ ਹੈ? ਪਹਿਲਾ, ਨਾ ਸਿਰਫ਼ ਪੇਈਚਿੰਗ ਸਗੋਂ ਨਵੀਂ ਦਿੱਲੀ ਵਿਚ ਵੀ ਇਸ ਗੱਲ ਦਾ ਅਹਿਸਾਸ ਹੁੰਦਾ ਜਾਣਾ ਕਿ ਇਕ-ਦੂਜੇ ਨੂੰ ਡੌਲ਼ੇ ਦਿਖਾਉਣ ਤੇ ਦਬਕਾਉਣ ਵਾਲਾ ਕੰਮ ਬਹੁਤਾ ਚਿਰ ਨਹੀਂ ਚੱਲ ਸਕਦਾ। ਹੈਰਾਨੀ ਦੀ ਗੱਲ ਹੈ ਕਿ ਇਸ ਵਿਚਾਰ ਨੂੰ ਹੁਲਾਰਾ ਪਹਿਲਾਂ ਚੀਨ ਵਾਲੇ ਪਾਸਿਉਂ ਮਿਲਿਆ, ਜਦੋਂ ਉਥੋਂ ਦੇ ਵਿਦੇਸ਼ ਮੰਤਰੀ ਨੇ 7 ਮਾਰਚ ਨੂੰ ਕਿਹਾ: “ਸਾਨੂੰ ਇਕ-ਦੂਜੇ ਦੀ ਤਾਕਤ ਨੂੰ ਬਰਬਾਦ ਕਰਨ ਦੀ ਥਾਂ ਇਕ-ਦੂਜੇ ਦੀ ਆਪਣੇ ਟੀਚੇ ਸਰ ਕਰਨ ਲਈ ਮਦਦ ਕਰਨੀ ਚਾਹੀਦੀ ਹੈ।” ਇਕ-ਦੂਜੇ ਦੀ ਤਾਕਤ ਦੀ ‘ਬਰਬਾਦੀ’ ਉਦੋਂ ਸਭ ਦੇ ਸਾਹਮਣੇ ਸੀ ਜਦੋਂ ਦੋਵਾਂ ਧਿਰਾਂ ਨੇ ਐੱਲਏਸੀ ਦੇ ਆਪੋ-ਆਪਣੇ ਪਾਸੇ ਕਰੀਬ 50 ਹਜ਼ਾਰ ਫ਼ੌਜੀ ਜਵਾਨ ਤਾਇਨਾਤ ਕਰ ਦਿੱਤੇ ਅਤੇ ਨਾਲ ਹੀ ਭਾਰੀ ਹਥਿਆਰ ਬੀੜ ਦਿੱਤੇ। ਇਸ ਬਾਰੇ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦੇ 15 ਗੇੜ ਹੋ ਜਾਣ ਤੋਂ ਬਾਅਦ ਵੀ ਹਥਿਆਰਾਂ ਅਤੇ ਫ਼ੌਜੀ ਦਸਤਿਆਂ ਦੀ ਮੁਕੰਮਲ ਵਾਪਸੀ ਅਤੇ ਤਣਾਅ ਘਟਾਉਣ ਦੀ ਕਾਰਵਾਈ ਭੁਲੇਖਾ-ਪਾਊ ਹੀ ਬਣੀ ਹੋਈ ਹੈ। ਸਿਆਸੀ ਹੱਲ ਦੀ ਹਣਹੋਂਦ ਵਿਚ ਇਸ ਤਰ੍ਹਾਂ ਦੇ ਲਗਾਤਾਰ ਜਾਰੀ ਰਹਿਣ ਵਾਲੇ ਰੇੜਕੇ ਦਾ ਆਪਣਾ ਭੜਕਾਊ ਫ਼ੌਜੀ ਤਰਕ ਹੁੰਦਾ ਹੈ ਜਿਸ ਦੇ ਅਣਕਿਆਸੇ ਸਿੱਟੇ ਦੋਵਾਂ ਧਿਰਾਂ ਲਈ ਉਲਝਣਾਂ ਪੈਦਾ ਕਰ ਸਕਦੇ ਹਨ।
ਦੂਜਾ, ਦੋਵਾਂ ਮੁਲਕਾਂ ਨੇ ਅਹਿਸਾਸ ਕਰ ਲਿਆ ਹੈ ਕਿ ਦੁਵੱਲੇ ਰਿਸ਼ਤਿਆਂ ਨੂੰ ਨਾ ਤਾਂ ਐੱਲਏਸੀ ਘਟਨਾ ਤੱਕ ਸੀਮਤ ਕੀਤਾ ਜਾ ਸਕਦਾ ਹੈ ਤੇ ਨਾ ਹੀ ਉਸ ਕਾਰਨ ਇਨ੍ਹਾਂ ਰਿਸ਼ਤਿਆਂ ਨੂੰ ਠੱਪ ਹੀ ਕੀਤਾ ਜਾ ਸਕਦਾ ਹੈ। ਸੰਸਾਰ ਦੇ ਦੋ ਵੱਡੇ ਮੁਲਕ ਹੋਣ ਦੇ ਨਾਤੇ ਉਨ੍ਹਾਂ ਨੂੰ ਉਸ ਵੱਡੀ ਧਰਾਤਲ ਤੋਂ ਧਿਆਨ ਲਾਂਭੇ ਨਹੀਂ ਕਰਨਾ ਚਾਹੀਦਾ ਜਿਹੜਾ ਉਨ੍ਹਾਂ ਨੂੰ ਵਿਆਪਕ ਮੁੱਦਿਆਂ ਉਤੇ ਆਪਸੀ ਤੌਰ ਤੇ ਲਾਹੇਵੰਦ ਤਰੀਕਿਆਂ ਰਾਹੀਂ ਇਕ-ਦੂਜੇ ਨਾਲ ਮੇਲਜੋਲ ਕਰਨ ਦਾ ਮੌਕਾ ਦਿੰਦਾ ਹੈ। ਇਨ੍ਹਾਂ ਵਿਚ ਆਰਥਿਕ ਸਹਿਯੋਗ, ਵਪਾਰ ਤੇ ਨਿਵੇਸ਼, ਵਾਤਾਵਰਨ ਸਬੰਧੀ ਕਾਰਵਾਈ, ਨਵੀਂ ਊਰਜਾ ਤੇ ਡਿਜੀਟਲ ਤਕਨਾਲੋਜੀ, ਇਲਾਕਾਈ ਅਮਨ, ਸਥਿਰਤਾ ਤੇ ਸੰਪਰਕ, ਸਮਾਜਿਕ-ਸੱਭਿਆਚਾਰਕ ਵਟਾਂਦਰੇ ਅਤੇ ਬਹੁਧਿਰ ਵਾਲੇ ਦੌਰ ਦੌਰਾਨ ਨਵੇਂ ਤੇ ਬਿਹਤਰ ਆਲਮੀ ਢਾਂਚੇ ਨੂੰ ਆਕਾਰ ਦੇਣਾ ਸ਼ਾਮਲ ਹਨ।
ਜਿਥੇ ਦੋ ਮੁਲਕਾਂ ਦੇ ਨਜ਼ਰੀਏ ਅਤੇ ਹਿੱਤ ਕੁਝ ਮਾਮਲਿਆਂ ਵਿਚ ਵੱਖੋ-ਵੱਖ ਹੁੰਦੇ ਹਨ, ਉੱਥੇ ਹੋਰ ਕੁਝ ਮਾਮਲਿਆਂ ਵਿਚ ਇਹ ਇਕੋ ਜਿਹੇ ਵੀ ਹੁੰਦੇ ਹਨ। ਸਿਖਰਲੇ ਪੱਧਰਾਂ ਉਤੇ ਗੱਲਬਾਤ ਤੋਂ ਬਿਨਾਂ ਨਾ ਤਾਂ ਇਸ ਆਪਸੀ ਇਕਸਾਰਤਾ ਦਾ ਲਾਹਾ ਲਿਆ ਜਾ ਸਕਦਾ ਹੈ ਤੇ ਨਾ ਹੀ ਹਿੱਤਾਂ ਦੇ ਵਖਰੇਵਿਆਂ ਨੂੰ ਹੀ ਅਸਰਦਾਰ ਢੰਗ ਨਾਲ ਸੰਭਾਲਿਆ ਜਾ ਸਕਦਾ ਹੈ। ਅਫ਼ਸੋਸ ਕਿ ਐੱਲਏਸੀ ਉਤੇ ਲੜਾਈ ਦੀ ਘਟਨਾ ਤੋਂ ਬਾਅਦ ਭਾਰਤ ਅਤੇ ਚੀਨ ਦਰਮਿਆਨ ਇਹ ਅਮਲ ਰੁਕਿਆ ਹੋਇਆ ਸੀ। ਦੋ ਸਾਲਾਂ ਦੌਰਾਨ ਮੋਦੀ ਅਤੇ ਸ਼ੀ ਦਰਮਿਆਨ ਕੋਈ ਸਿੱਧਾ ਸੰਪਰਕ ਨਹੀਂ ਹੋਇਆ ਜੋ ਇਸ ਤੋਂ ਪਹਿਲਾਂ 18 ਵਾਰ ਮਿਲੇ ਸਨ ਅਤੇ ਉਨ੍ਹਾਂ ਦਰਮਿਆਨ ਦੋ ਗ਼ੈਰ-ਰਸਮੀ ਸਿਖਰ ਸੰਮੇਲਨ ਵੀ ਹੋਏ ਸਨ। ਇਹ ਰੇੜਕਾ ਹੁਣ ਬੋਝ ਬਣ ਗਿਆ ਸੀ।
ਤੀਜਾ ਕਾਰਕ ਜਿਸ ਤੋਂ ਭਾਰਤ ਅਤੇ ਚੀਨ ਦਰਮਿਆਨ ਆਪਸੀ ਤਾਲਮੇਲ ਦੀ ਲੋੜ ਮਹਿਸੂਸ ਹੋਈ, ਉਹ ਹੈ ਤੇਜ਼ੀ ਨਾਲ ਬਦਲ ਰਹੇ ਇਲਾਕਾਈ ਤੇ ਆਲਮੀ ਹਾਲਾਤ। ਦੋਵਾਂ ਮੁਲਕਾਂ ਦੇ ਹੀ ਅਮਨ, ਸਥਿਰਤਾ ਅਤੇ ਤਾਲਿਬਾਨ ਦੀ ਹਕੂਮਤ ਵਾਲੇ ਅਫ਼ਗ਼ਾਨਿਸਤਾਨ ਵਿਚੋਂ ਅਮਰੀਕੀ ਫ਼ੌਜੀ ਦਸਤਿਆਂ ਦੀ ਮੁਕੰਮਲ ਵਾਪਸੀ ਤੋਂ ਬਾਅਦ ਕੌਮੀ ਮੁੜ-ਉਸਾਰੀ ਪੱਖੋਂ ਆਪੋ-ਆਪਣੇ ਹਿੱਤ ਹਨ। ਦੋਵੇਂ ਚਾਹੁੰਦੇ ਹਨ ਕਿ ਖਿੱਤਾ ਦਹਿਸ਼ਤਗਰਦੀ, ਮਜ਼ਹਬੀ ਇੰਤਹਾਪਸੰਦੀ ਅਤੇ ਅਲਹਿਦਗੀ-ਪਸੰਦ ਤਾਕਤਾਂ ਦੇ ਪ੍ਰਭਾਵ ਤੋਂ ਬਚਿਆ ਰਹੇ। ਇਹ ਟੀਚੇ ਮੁੱਖ ਇਲਾਕਾਈ ਤਾਕਤਾਂ ਜਿਨ੍ਹਾਂ ਵਿਚ ਪਾਕਿਸਤਾਨ ਵੀ ਸ਼ਾਮਲ ਹੈ, ਦਰਮਿਆਨ ਗੱਲਬਾਤ ਤੇ ਤਾਲਮੇਲ ਤੋਂ ਬਿਨਾਂ ਸਰ ਨਹੀਂ ਕੀਤੇ ਜਾ ਸਕਦੇ। ਇਹ ਗੱਲ ਵੀ ਗ਼ੌਰ ਕਰਨ ਵਾਲੀ ਹੈ ਕਿ ਪਾਕਿਸਤਾਨ ਉਤੇ ਚੀਨ ਦਾ ਭਾਰੀ ਪ੍ਰਭਾਵ ਹੈ।
ਯੂਕਰੇਨ ਵਿਚ ਰੂਸ ਦੀ ਜੰਗ ਨੇ ਵੀ ਅਜਿਹੇ ਅਣਸਰਦੇ ਹਾਲਾਤ ਪੈਦਾ ਕੀਤੇ ਹਨ ਕਿ ਭਾਰਤ ਅਤੇ ਚੀਨ ਆਪਣੀਆਂ ਸੰਭਾਵਨਾਵਾਂ ਤੇ ਕਾਰਵਾਈਆਂ ਵਿਚ ਤਾਲਮੇਲ ਬਿਠਾਉਣ, ਕਿਉਂਕਿ ਦੋਵਾਂ ਦੇ ਹੀ ਮਾਸਕੋ ਨਾਲ ਦੋਸਤਾਨਾ ਰਿਸ਼ਤੇ ਹਨ। ਭਾਰਤ ਦੀ ਆਜ਼ਾਦਾਨਾ ਵਿਦੇਸ਼ ਨੀਤੀ ਅਤੇ ਇਸ ਵੱਲੋਂ ਆਪਣੀ ‘ਰਣਨੀਤਕ ਖ਼ੁਦਮੁਖ਼ਤਾਰੀ’ ਦੀ ਕੀਤੀ ਵਰਤੋਂ ਜਿਹੜੀ ਇਸ ਵੱਲੋਂ ਅਮਰੀਕਾ ਦੇ ਜ਼ੋਰ ਪਾਏ ਜਾਣ ਦੇ ਬਾਵਜੂਦ ਰੂਸ ਵਿਰੋਧੀ ਸਟੈਂਡ ਲੈਣ ਤੋਂ ਇਨਕਾਰੀ ਹੋਣ ਦੀ ਕਾਰਵਾਈ ਤੋਂ ਜ਼ਾਹਰਾ ਤੌਰ ਤੇ ਦਿਖਾਈ ਦਿੱਤੀ, ਨੂੰ ਯਕੀਨਨ ਚੀਨ ਨੇ ਵੀ ਅਣਡਿੱਠ ਨਹੀਂ ਕੀਤਾ ਹੋਵੇਗਾ। ਪੇਈਚਿੰਗ ਹਮੇਸ਼ਾ ਦਾਅਵਾ ਕਰਦਾ ਰਿਹਾ ਹੈ ਕਿ ‘ਕੁਝ ਤਾਕਤਾਂ ਨੇ ਦੋਹਾਂ ਏਸ਼ਿਆਈ ਮੁਲਕਾਂ ਦਰਮਿਆਨ ਵੰਡੀਆਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।’ ਇਸ ਕਾਰਨ ਹੁਣ ਭਾਰਤ ਅਤੇ ਚੀਨ ਕੋਲ ਮੌਕਾ ਵੀ ਹੈ ਅਤੇ ਉਨ੍ਹਾਂ ਦੀ ਜਿ਼ੰਮੇਵਾਰੀ ਵੀ ਹੈ ਕਿ ਉਹ ਯੂਕਰੇਨ ਵਿਚ ਜੰਗ ਰੁਕਵਾਉਣ ਲਈ ਕੋਈ ਸਾਂਝੀ ਪਹਿਲਕਦਮੀ ਕਰਨ। ਜੇ ਅਜਿਹਾ ਹੋ ਜਾਂਦਾ ਹੈ ਤਾਂ ਇਹ ਪਹਿਲੀ ਵਾਰ ਹੋਵੇਗੀ ਜਦੋਂ ਏਸ਼ੀਆ ਵੱਲੋਂ ਯੂਰੋਪ ਵਿਚ ਅਮਨ ਨੂੰ ਹੁਲਾਰਾ ਦੇਣ ਵਾਲੀ ਭੂਮਿਕਾ ਨਿਭਾਈ ਜਾਵੇਗੀ।
ਚੀਨ ਨੇ ਹੋਰ ਤਰੀਕਿਆਂ ਨਾਲ ਇਸ਼ਾਰੇ ਕੀਤੇ ਹਨ ਕਿ ਉਹ ਨਵੇਂ ਆਲਮੀ ਢਾਂਚੇ ਨੂੰ ਤਰਤੀਬ ਦੇਣ ਪੱਖੋਂ ਭਾਰਤ ਦੀ ਅਹਿਮੀਅਤ ਨੂੰ ਤਸਲੀਮ ਕਰਦਾ ਹੈ। ਇਹ ਗੱਲ ਵਾਂਗ ਯੀ ਦੀਆਂ ਹਾਲੀਆ ਟਿੱਪਣੀਆਂ ਤੋਂ ਜ਼ਾਹਰ ਹੋ ਜਾਂਦੀ ਹੈ; ਉਨ੍ਹਾਂ ਕਿਹਾ ਹੈ, “ਚੀਨ ਤੇ ਭਾਰਤ ਨੂੰ ਆਪਸੀ ਭਾਈਵਾਲ ਤੇ ਦੋਸਤ ਬਣ ਜਾਣਾ ਚਾਹੀਦਾ ਹੈ” ਅਤੇ “ਸਾਨੂੰ ਇਕ-ਦੂਜੇ ਲਈ ਖ਼ਤਰਾ ਨਹੀਂ ਬਣਨਾ ਚਾਹੀਦਾ ਸਗੋਂ ਇਕ-ਦੂਜੇ ਦੇ ਵਿਕਾਸ ਲਈ ਮੌਕਾ ਬਣਨਾ ਚਾਹੀਦਾ ਹੈ। ਚੀਨ ਤੇ ਭਾਰਤ ਦੋ ਪ੍ਰਾਚੀਨ ਸੱਭਿਅਤਾਵਾਂ ਹਨ, ਦੋ ਉੱਭਰਦੇ ਅਰਥਚਾਰੇ ਅਤੇ ਨਾਲ ਹੀ ਗੁਆਂਢੀ ਵੀ ਹਨ ਤੇ ਚਾਹ ਕੇ ਵੀ ਇਕ-ਦੂਜੇ ਤੋਂ ਦੂਰ ਨਹੀਂ ਜਾ ਸਕਦੇ। ਜਦੋਂ ਅਸੀਂ ਆਪਸੀ ਭਰੋਸਾ ਕਾਇਮ ਕਰ ਲਵਾਂਗੇ ਤਾਂ ਹਿਮਾਲਾ ਵੀ ਸਾਡੇ ਦੋਸਤਾਨਾ ਮੇਲਜੋਲ ਨੂੰ ਰੋਕ ਨਹੀਂ ਸਕੇਗਾ।”
ਰਿਸ਼ਤਿਆਂ ਦੀ ਗ਼ਰਦ ਝਾੜਨ ਲਈ ਚੀਨ ਨੇ 2022 ਵਿਚ ਅਹਿਮ ਤਜਵੀਜ਼ ‘ਭਾਰਤ-ਚੀਨ ਸੱਭਿਅਤਾ-ਗੱਲਬਾਤ’ ਦੀ ਦਿੱਤੀ ਹੈ। ਇਹ ਬਹੁਤ ਅਹਿਮ ਗੱਲ ਹੈ। ਮਈ 2019 ਵਿਚ ਸ਼ੀ ਨੇ ਪੇਈਚਿੰਗ ਵਿਚ ਏਸ਼ਿਆਈ ਸੱਭਿਅਤਾਵਾਂ ਬਾਰੇ ਕਾਨਫਰੰਸ ਦੀ ਮੇਜ਼ਬਾਨੀ ਕੀਤੀ ਸੀ ਜਿਸ ਵਿਚ ਇਸ ਲੇਖਕ ਨੇ ਵੀ ਹਾਜ਼ਰੀ ਭਰੀ ਸੀ। ਭਾਰਤ ਨੇ ਭਾਵੇਂ ਉਦੋਂ ਮੁਲਕ ਵਿਚ ਜਾਰੀ ਆਮ ਚੋਣਾਂ ਕਾਰਨ ਇਸ ਕਾਨਫਰੰਸ ਵਿਚ ਅਧਿਕਾਰਤ ਤੌਰ ਤੇ ਸ਼ਮੂਲੀਅਤ ਨਹੀਂ ਕੀਤੀ ਸੀ ਪਰ ਇਸ ਮੌਕੇ ਸ਼ੀ ਨੇ ਰਿਗਵੇਦ, ਗੰਗਾ ਤੇ ਸਿੰਧੂ ਦਰਿਆਵਾਂ ਅਤੇ ਬੁੱਧ ਮਤ ਦੇ ਬੇਸ਼ਕੀਮਤੀ ਤੋਹਫ਼ੇ ਦਾ ਜਿ਼ਕਰ ਕਰਦਿਆਂ ਏਸ਼ਿਆਈ ਸੱਭਿਅਤਾਵਾਂ ਦੀ ਅਮੀਰੀ ਵਿਚ ਭਾਰਤ ਦੇ ਯੋਗਦਾਨ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਸੀ। ਮਹਾਨ ਤਥਾਗਤ ਬੁੱਧ ਨੇ ਕਿਹਾ ਸੀ: “ਝਗੜੇ ਦਾ ਬਿਹਤਰੀਨ ਹੱਲ ਉਹੋ ਹੁੰਦਾ ਹੈ ਜਿਸ ਵਿਚ ਕੋਈ ਵੀ ਹਾਰੇ ਨਾ ਅਤੇ ਦੋਵੇਂ ਧਿਰਾਂ ਜੇਤੂ ਹੋਣ।” ਕੀ ਇਹ ਦੋਵਾਂ ਭਾਰਤ ਅਤੇ ਚੀਨ ਲਈ ਇਸ ਗਿਆਨਵਾਨ ਉਪਦੇਸ਼ ਉਤੇ ਗ਼ੌਰ ਕਰਨ ਦਾ ਸਹੀ ਸਮਾਂ ਨਹੀਂ ਹੈ?
ਦੋਵਾਂ ਮੁਲਕਾਂ ਦਰਮਿਆਨ ਜਿਹੜਾ ਸਰਹੱਦੀ ਝਗੜਾ ਹੈ, ਉਸ ਦਾ ਲਾਜ਼ਮੀ ਸਿੱਟਾ ਐੱਲਏਸੀ ਸੀ ਪਰ ਇਸ ਝਗੜੇ ਨੂੰ ਆਪਸੀ ਸਮਝੌਤੇ ਰਾਹੀਂ ਸੁਲਝਾਇਆ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਦੋਵੇਂ ਧਿਰਾਂ ਆਪੋ-ਆਪਣੀ ਸਥਿਤੀ ਤੋਂ ਕੁਝ ਨਾ ਕੁਝ ਪਿੱਛੇ ਹਟਦਿਆਂ ਆਪਸੀ ਸਤਿਕਾਰ, ਸੰਵੇਦਨਸ਼ੀਲਤਾ, ਹਿੱਤਾਂ ਅਤੇ ਮੇਲਜੋਲ ਦੀ ਭਾਵਨਾ ਨਾਲ ਇਕ-ਦੂਜੇ ਵੱਲ ਅੱਗੇ ਵਧਣ। ਪੱਛਮ ਦੇ ਖ਼ੁਦਗਰਜ਼ ਅਤੇ ਹਿੰਸਕ ਤਰੀਕਿਆਂ ਦੀ ਨਕਲ ਕਰਨ ਦੀ ਥਾਂ ਭਾਰਤ ਅਤੇ ਚੀਨ ਨੂੰ ਆਪਣੀ 5000 ਸਾਲ ਪੁਰਾਣੀ ਸੱਭਿਅਤਾ ਦੀ ਵਿਰਾਸਤ ਨੂੰ ਤਲਾਸ਼ਣਾ ਅਤੇ ਉਸ ਮਾਰਗ ਉਤੇ ਅੱਗੇ ਵਧਣਾ ਚਾਹੀਦਾ ਹੈ। ਇਸ ਵਿਚ ਨਾਕਾਮ ਰਹਿਣਾ ਦਾ ਸਿੱਟਾ ਯਕੀਨਨ ਗਲਵਾਨ ਵਾਦੀ ਵਰਗੇ ਹੋਰ ਟਕਰਾਵਾਂ ਅਤੇ ਇਸ ਤੋਂ ਵੀ ਭਿਆਨਕ ਰੂਪ ਵਿਚ ਨਿਕਲੇਗਾ।